ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ, ਪੁਲਿਸ ਵੱਲੋਂ ਹਵਾਈ ਫਾਇਰਿੰਗ
-ਪੁਲਿਸ ਨੇ ਕੇਸ ਦਰਜ
Publish Date: Thu, 22 Jan 2026 11:23 PM (IST)
Updated Date: Thu, 22 Jan 2026 11:24 PM (IST)
-ਪੁਲਿਸ ਨੇ ਕੇਸ ਦਰਜ ਕਰ ਕੇ ਤਿੰਨ ਨੂੰ ਗ੍ਰਿਫ਼ਤਾਰ ਕੀਤਾ, ਇਕ ਦੇਸੀ ਕੱਟਾ ਤੇ ਕਾਰ ਬਰਾਮਦ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਅਧੀਨ ਆਉਂਦੇ ਧੰਨੋਵਾਲੀ ਇਲਾਕੇ ’ਚ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਤੇ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਛੁਡਾ ਲਿਆ। ਪੁਲਿਸ ਨੇ ਸਥਿਤੀ ਵਿਗੜਦੀ ਦੇਖ ਕੇ ਬਦਮਾਸ਼ਾਂ ਨੂੰ ਰੋਕਣ ਲਈ ਹਵਾਈ ਫਾਇਰਿੰਗ ਕੀਤੀ ਪਰ ਬਦਮਾਸ਼ ਆਪਣੇ ਸਾਥੀਆਂ ਨੂੰ ਛੁਡਾਉਣ ’ਚ ਕਾਮਯਾਬ ਰਹੇ। ਇਸ ਮਾਮਲੇ ’ਚ ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਕਰ ਕੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਜਨ ਉਰਫ਼ ਰਾਜਾ, ਰਾਮਾ ਮੰਡੀ ਦੇ ਪ੍ਰਭਜੀਤ ਸਿੰਘ ਉਰਫ਼ ਪ੍ਰਭੂ, ਧੰਨੋਵਾਲੀ ਦੇ ਅਜੈ ਕੁਮਾਰ ਕਾਲੂ, ਰਾਹੁਲ, ਆਕਾਸ਼, ਪ੍ਰੀਤੀ, ਬਖ਼ਸ਼ੀ ਰਾਮ, ਕਮਲੇਸ਼ ਰਾਣੀ ਤੇ ਵਰਸ਼ਾ ਸਮੇਤ ਹੋਰ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਭਜੀਤ ਸਿੰਘ ਉਰਫ਼ ਪ੍ਰਭੂ, ਆਕਾਸ਼ ਤੇ ਬਖ਼ਸ਼ੀ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਜਾਂਚ ਦੌਰਾਨ ਮਾਮਲਾ ਦਰਜ ਕਰਕੇ ਕਾਰ, ਇਕ ਦੇਸੀ ਕੱਟਾ ਤੇ 2 ਕਾਰਤੂਸ ਬਰਾਮਦ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ, ਏਐੱਸਆਈ ਦਲਜਿੰਦਰ ਸਿੰਘ ਆਪਣੀ ਟੀਮ ਨਾਲ ਗਸ਼ਤ ਦੌਰਾਨ ਧੰਨੋਵਾਲੀ ਨੇੜੇ ਮੌਜੂਦ ਸਨ, ਜਿੱਥੇ ਪੁਲਿਸ ਨੂੰ ਦੇਖ ਕੇ ਤਿੰਨ ਨੌਜਵਾਨ ਰਾਜਨ ਉਰਫ਼ ਰਾਜਾ, ਅਜੈ ਕੁਮਾਰ ਉਰਫ਼ ਕਾਲੂ ਤੇ ਪ੍ਰਭਜੀਤ ਸਿੰਘ ਉਰਫ਼ ਪ੍ਰਭੂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਲਾਸ਼ੀ ਦੌਰਾਨ ਮੁਲਜ਼ਮ ਰਾਜਨ ਕੋਲੋਂ ਇਕ ਗ਼ੈਰ ਕਾਨੂੰਨੀ ਦੇਸੀ ਕੱਟਾ ਬਰਾਮਦ ਕੀਤਾ। ਪੁਲਿਸ ਕਾਰਵਾਈ ਕਰ ਰਹੀ ਸੀ ਕਿ ਮੁਲਜ਼ਮ ਅਜੈ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਆਲਟੋ ਕਾਰ, ਮੋਟਰਸਾਈਕਲ ਤੇ ਸਕੂਟਰ ’ਤੇ ਸਵਾਰ ਹੋ ਕੇ ਤਿੰਨ ਸਾਥੀ ਆਏ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵਿਰੋਧ ਕਰਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਤੇ ਉਹ ਤਿੰਨਾਂ ਨੂੰ ਛੁਡਾ ਕੇ ਲੈ ਗਏ, ਜਿਸ ਨੂੰ ਦੇਖ ਕੇ ਪੁਲਿਸ ਨੇ ਜਵਾਬੀ ਕਾਰਵਾਈ ’ਚ ਫਾਇਰਿੰਗ ਵੀ ਕੀਤੀ।