ਘੱਟੋ-ਘੱਟ ਤਾਪਮਾਨ 5.2 ਡਿਗਰੀ ’ਤੇ ਪੁੱਜਾ, ਅੱਜ ਤੇ ਕੱਲ੍ਹ ਚੱਲੇਗੀ ਸ਼ੀਤ ਲਹਿਰ
ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸਿਅਸ ’ਤੇ ਪਹੁੰਚਿਆ, ਅੱਜ ਤੇ ਕੱਲ੍ਹ ਵੀ ਚੱਲੇਗੀ ਸ਼ੀਤ ਲਹਿਰ, ਏਕਯੂਆਈ ਹੋਇਆ ਹੋਰ ਖਰਾਬ
Publish Date: Wed, 03 Dec 2025 11:10 PM (IST)
Updated Date: Wed, 03 Dec 2025 11:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੁੱਧਵਾਰ ਨੂੰ ਸ਼ੀਤ ਲਹਿਰ ਕਾਰਨ ਸ਼ਹਿਰ ਵਾਸੀ ਦਿਨ ਭਰ ਕੰਬਦੇ ਰਹੇ, ਕਿਉਂਕਿ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਦੋਂ ਕਿ ਹਲਕੀ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਤਿੰਨ ਦਿਨ ਪਹਿਲਾਂ ਤਾਪਮਾਨ ’ਚ ਗਿਰਾਵਟ ਬਾਰੇ ਚਿਤਾਵਨੀ ਜਾਰੀ ਕੀਤੀ ਸੀ। ਪਹਿਲਾਂ 4 ਦਸੰਬਰ ਤੱਕ ਸ਼ੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਸੀ, ਜਿਸ ਨੂੰ ਹੁਣ 5 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਦੂਜੇ ਪਾਸੇ, ਹਵਾ ਦੀ ਕੁਆਲਿਟੀ ਸਬੰਧੀ ਸਥਿਤੀ ਹੋਰ ਵੀ ਵਿਗੜ ਗਈ ਹੈ। ਸੋਮਵਾਰ ਨੂੰ ਹਵਾ ਦੀ ਕੁਆਲਿਟੀ ਸੂਚਕਅੰਕ 304 ਦਰਜ ਕੀਤਾ ਗਿਆ, ਮੰਗਲਵਾਰ ਨੂੰ 277, ਜਦੋਂ ਕਿ ਬੁੱਧਵਾਰ ਨੂੰ, ਸਭ ਤੋਂ ਵੱਧ ਏਕਿਊਆਈ 315 ਦਰਜ ਕੀਤਾ ਗਿਆ। ਇਸ ਕਰਕੇ ਦਿਨ ਦੇ ਹਾਲਾਤ ਦੇ ਆਧਾਰ 'ਤੇ 216 ਏਕਿਊਆਈ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਮੌਸਮ ਵਿਭਾਗ ਨੇ 10 ਦਸੰਬਰ ਤੱਕ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਤੇ ਘੱਟੋ-ਘੱਟ ਤਾਪਮਾਨ ਪੰਜ ਤੋਂ ਛੇ ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਕ ਪਾਸੇ ਏਕਿਊਆਈ ਦੀ ਵਿਗੜਦੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਦੂਜੇ ਪਾਸੇ ਸੀਤ ਲਹਿਰ ਪਹਿਲਾਂ ਦੇ ਮੁਕਾਬਲੇ ਵਧ ਰਹੀ ਹੈ। ਕਾਰਨ ਇਹ ਹੈ ਕਿ ਬਾਹਰੀ ਇਲਾਕਿਆਂ ’ਚ ਪੈ ਰਹੀ ਧੁੰਦ ’ਚ ਪ੍ਰਦੂਸ਼ਿਤ ਕਣ ਘੁਲ ਰਹੇ ਹਨ। ਜਦੋਂ ਮੀਂਹ ਪਵੇਗਾ ਤਾਂ ਹੀ ਹਵਾ ’ਚ ਫੈਲੇ ਪ੍ਰਦੂਸ਼ਿਤ ਕਣ ਜ਼ਮੀਨ 'ਤੇ ਡਿੱਗਣਗੇ।