ਅੰਬਾਲਾ ਤੋਂ ਜਲੰਧਰ ਤੱਕ ਮੈਡੀਕਲ ਡਰੱਗ ਤਸਕਰੀ ਰੈਕੇਟ ਦਾ ਪਰਦਾਫਾਸ਼
ਅੰਬਾਲਾ ਤੋਂ ਜਲੰਧਰ ਤੱਕ ਮੈਡੀਕਲ ਡਰੱਗ ਤਸਕਰੀ ਰੈਕੇਟ ਦਾ ਪਰਦਾਫਾਸ਼
Publish Date: Wed, 21 Jan 2026 08:54 PM (IST)
Updated Date: Wed, 21 Jan 2026 08:57 PM (IST)

-ਦੋ ਮੈਡੀਕਲ ਪ੍ਰਤੀਨਿਧ ਭਾਰੀ ਮਾਤਰਾ ’ਚ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੇ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿਚ ਇਕ ਮੈਡੀਕਲ ਡਰੱਗ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਅੰਬਾਲਾ ਤੋਂ ਜਲੰਧਰ ਲਿਆਂਦੇ ਜਾ ਰਹੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਦੋਵੇਂ ਮੁਲਜ਼ਮ ਮੈਡੀਕਲ ਪ੍ਰਤੀਨਿਧੀ (ਐੱਮਆਰ) ਹਨ, ਅਤੇ ਉਨ੍ਹਾਂ ਕੋਲੋਂ ਕੁੱਲ 6,000 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤੇਜਿੰਦਰ ਕੁਮਾਰ ਵਾਸੀ ਲਾਠੀਮਾਰ ਮੁਹੱਲਾ ਸੋਢਲ ਅਤੇ ਜਤਿਨ ਨੰਦਾ ਵਾਸੀ ਬਾਨੀਆ ਮੁਹੱਲਾ ਕਰਤਾਰਪੁਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਐੱਨਡੀਪੀਐਸ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ-1 ਵਿੱਚ ਕੇਸ ਦਰਜ ਕੀਤਾ ਹੈ ਤੇ ਇਸ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਪੂਰੇ ਨੈੱਟਵਰਕ ਦੀ ਜਾਂਚ ਕਰਨ ਲਈ ਉਨ੍ਹਾਂ ਨੂੰ ਰਿਮਾਂਡ ਤੇ ਲਿਆ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਏਐੱਸਆਈ ਨਿਤਿਨ ਸ਼ਰਮਾ ਪੁਲਿਸ ਟੀਮ ਨਾਲ ਬਰਟਨ ਪਾਰਕ ਖੇਤਰ ਵਿੱਚ ਗਸ਼ਤ ਕਰ ਰਹੇ ਸੀ। ਉਨ੍ਹਾਂ ਨੇ ਹਨੇਰੇ ਵਿਚ ਖੜ੍ਹੇ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ’ਚ ਦੇਖਿਆ। ਪੁਲਿਸ ਨੂੰ ਦੇਖ ਕੇ ਉਹ ਘਬਰਾ ਗਏ ਅਤੇ ਇੱਕ ਵੱਡਾ ਬੈਗ ਸੁੱਟ ਕੇ ਭੱਜਣ ਲੱਗੇ। ਪੁਲਿਸ ਟੀਮ ਨੇ ਤੁਰੰਤ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ। ਜਦੋਂ ਪੁਲਿਸ ਨੇ ਉਨ੍ਹਾਂ ਵੱਲੋਂ ਸੁੱਟੇ ਗਏ ਬੈਗ ਦੀ ਤਲਾਸ਼ੀ ਲਈ, ਤਾਂ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ 6 ਹਜ਼ਾਰ ਨਸ਼ੀਲੇ ਕੈਪਸੂਲ ਮਿਲੇ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਤਿਨ ਨੰਦਾ ਪਹਿਲਾਂ ਇਕ ਮੈਡੀਕਲ ਸਟੋਰ ਚਲਾਉਂਦਾ ਸੀ ਪਰ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਨੇ ਆਪਣੇ ਸਾਥੀ ਤੇਜਿੰਦਰ ਜੋ ਕਿ ਇਕ ਐੱਮਆਰ ਹੈ, ਨਾਲ ਮਿਲ ਕੇ ਅੰਬਾਲਾ ਤੋਂ ਬਿਨਾਂ ਬਿੱਲਾਂ ਦੇ ਨੁਸਖ਼ੇ ਵਾਲੀਆਂ ਦਵਾਈਆਂ ਆਯਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਸਪਲਾਈਰਾਂ ਤੇ ਗਾਹਕਾਂ ਦੀ ਪਛਾਣ ਉਨ੍ਹਾਂ ਦੇ ਰਿਮਾਂਡ ਦੌਰਾਨ ਕੀਤੀ ਜਾਵੇਗੀ। ਅੰਬਾਲਾ ਤੋਂ ਜਲੰਧਰ ਤੱਕ ਫੈਲੇ ਇਸ ਡਰੱਗ ਨੈੱਟਵਰਕ ਨੂੰ ਪੂਰੀ ਤਰ੍ਹਾਂ ਤੋੜਨ ਲਈ ਹੋਰ ਗ੍ਰਿਫ਼ਤਾਰੀਆਂ ਵੀ ਸੰਭਵ ਹਨ।