ਨਿਗਮ ਤੇ ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਵਿਚਾਲੇ ਸਹਿਮਤੀ
ਨਗਰ ਨਿਗਮ ਅਤੇ ਬਰਲਟਨ ਪਾਰਕ ਵੈਲਫੇਅਰ ਸੋਸਾਇਟੀ ਵਿਚਕਾਰ ਹੋਈ ਸਹਿਮਤੀ
Publish Date: Wed, 31 Dec 2025 06:42 PM (IST)
Updated Date: Wed, 31 Dec 2025 06:44 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਤੇ ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਅਤੇ ਹਾਈ ਕੋਰਟ ’ਚ ਪਟੀਸ਼ਨ ਦਾਖਲ ਕਰਨ ਵਾਲੇ ਇੰਦਰਪਾਲ ਸਿੰਘ ਨਾਲ ਮੀਟਿੰਗ ਹੋਈ। ਇਸ ’ਚ ਬਰਲਟਨ ਪਾਰਕ ਦੇ ਵਿਕਾਸ ਪ੍ਰੋਜੈਕਟ ਦੇ ਕੰਮ ਕਰਨ ਦੌਰਾਨ ਸੁਸਾਇਟੀ ਨੂੰ ਭਰੋਸੇ ’ਚ ਲੈਣ ਦੇ ਮਾਮਲੇ ’ਤੇ ਸਹਿਮਤੀ ਹੋ ਗਈ। ਸੁਸਾਇਟੀ ਨੇ ਕਿਹਾ ਹੈ ਕਿ ਵਿਕਾਸ ਪ੍ਰਾਜੈਕਟ ਲਈ ਉਹ ਬਕਾਇਦਾ ਨਾਲ ਖੜ੍ਹੀ ਹੈ। ਬਰਲਟਨ ਪਾਰਕ ਸਪੋਰਟਸ ਹੱਬ ਲਈ ਨਗਰ ਨਿਗਮ ’ਤੇ ਉਥੋਂ ਕੁਝ ਦਰੱਖਤ ਕੱਟਣ ਦਾ ਦੋਸ਼ ਲੱਗਾ ਸੀ ਤੇ ਉਸ ਨੂੰ ਲੈ ਕੇ ਸੁਸਾਇਟੀ ਵੱਲੋਂ ਇੰਦਰਪਾਲ ਸਿੰਘ ਨੇ ਹਾਈ ਕੋਰਟ ’ਚ ਨਗਰ ਨਿਗਮ ਖਿਲਾਫ ਪਟੀਸ਼ਨ ਦਾਖਲ ਕੀਤੀ ਸੀ, ਜਿਸ ਕਾਰਨ ਸਪੋਰਟਸ ਹੱਬ ਪ੍ਰਾਜੈਕਟ ਪ੍ਰਭਾਵਿਤ ਹੋ ਰਿਹਾ ਸੀ। ਇਸ ਨੂੰ ਦੇਖਦਿਆਂ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, ਆਮ ਆਦਮੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ, ਦਿਨੇਸ਼ ਢੱਲ ਤੇ ਹੋਰ ਅਧਿਕਾਰੀਆਂ ਨਾਲ ਬਰਲਟਨ ਪਾਰਕ ਵਿਖੇ ਮੀਟਿੰਗ ਹੋਈ। ਇਸ ’ਚ ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਨੂੰ ਦੱਸਿਆ ਗਿਆ ਕਿ ਉਕਤ ਪ੍ਰੋਜੈਕਟ ਦੌਰਾਨ ਕਿਸੇ ਤਰ੍ਹਾਂ ਦੀ ਰੁੱਖਾਂ ਦੀ ਕਟਾਈ ਨਹੀਂ ਹੋਵੇਗੀ ਤੇ ਉਕਤ ਪ੍ਰੋਜੈਕਟ ਬਰਲਟਨ ਪਾਰਕ ਦੇ ਵਿਕਾਸ ਲਈ ਹੀ ਹੈ। ਇਸ ’ਤੇ ਸੁਸਾਇਟੀ ਨੇ ਕਿਹਾ ਕਿ ਉਕਤ ਪ੍ਰੋਜੈਕਟ ਦੇ ਕੰਮ ਦੌਰਾਨ ਉਸ ਨੂੰ ਭਰੋਸੇ ’ਚ ਲਿਆ ਜਾਵੇ ਤੇ ਕੋਈ ਵੀ ਨਾਜਾਇਜ਼ ਦਰੱਖਤਾਂ ਆਦਿ ਦੀ ਕਟਾਈ ਨਾ ਕੀਤੀ ਜਾਵੇ, ਜਿਸ ’ਤੇ ਦੋਵਾਂ ਧਿਰਾਂ ’ਚ ਸਹਿਮਤੀ ਹੋ ਗਈ।