ਮੇਅਰ, ਹਲਕਾ ਇੰਚਾਰਜ ਤੇ ਚੇਅਰਮੈਨ ਦੇ ਸਦਕਾ ਮਿਲੀ 1196 ਭਰਤੀਆਂ ਨੂੰ ਮਨਜ਼ੂਰੀ
1196 ਭਰਤੀਆਂ ਦੀ ਮਨਜ਼ੂਰੀ ਮੇਅਰ ਤੇ ਨਿਤਿਨ ਕੋਹਲੀ ਤੇ ਚੰਦਨ ਗਰੇਵਾਲ ਦੇ ਸਦਕਾ ਮਿਲੀ
Publish Date: Sat, 06 Dec 2025 08:16 PM (IST)
Updated Date: Sat, 06 Dec 2025 08:18 PM (IST)

-ਇਸ਼ਤਿਹਾਰਾਂ ਰਾਹੀਂ ਦਰਖਾਸਤਾਂ ਲਈਆਂ ਜਾਣਗੀਆਂ : ਧੀਰ, ਭਰਤੀ 11 ਮੈਂਬਰੀ ਕਮੇਟੀ ਕਰੇਗੀ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਮਿਊਂਸੀਪਲ ਕਾਰਪੋਰੇਸ਼ਨ ਦੀ 35 ਸਾਲਾਂ ਤੋਂ ਚਿਰੋਕਣੀ ਮੰਗ ਉਦੋਂ ਪੂਰੀ ਹੋਣ ਜਾ ਰਹੀ ਹੈ ਜਦੋਂ ਮੇਅਰ, ਨਿਤਿਨ ਕੋਹਲੀ ਤੇ ਚੰਦਨ ਗਰੇਵਾਲ ਸਦਕਾ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰ ਦੀ ਸਫਾਈ ਪ੍ਰਣਾਲੀ ਮਜ਼ਬੂਤ ਕਰਨ ਲਈ 1196 ਨਵੀਂਆਂ ਭਰਤੀਆਂ ਲਈ ਮਨਜ਼ੂਰੀ ਜਾਰੀ ਕੀਤੀ ਗਈ ਹੈ। ਸ਼ਹਿਰ ਦੀ ਹੱਦ ਤੇ ਆਬਾਦੀ ਦੇ ਵਾਧੇ ਦੇ ਬਾਵਜੂਦ ਸਾਲਾਂ ਤੋਂ ਨਵੀਂ ਭਰਤੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ। ਨਵੀਂ ਭਰਤੀ ਮਨਜ਼ੂਰੀ ਅਧੀਨ ਸਫਾਈ ਸੇਵਕਾਂ, ਸੀਵਰਮੈਨਾਂ, ਮਾਲੀਆਂ ਤੇ ਫਿਟਰ ਕੁਲੀਆਂ ਵਰਗੀਆਂ ਕੈਟੇਗਰੀਆਂ ’ਚ ਖਾਲੀਆਂ ਅਸਾਮੀਆਂ ਭਰੀਆਂ ਜਾਣਗੀਆਂ, ਜਿਸ ਨਾਲ ਨਿਗਮ ਦੀ ਗਰਾਊਂਡ ਫੋਰਸ ਨੂੰ ਵੱਡੀ ਮਜ਼ਬੂਤੀ ਮਿਲੇਗੀ। ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਚ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਨਿਰਣਾਇਕ ਤੇ ਲਗਾਤਾਰ ਭੂਮਿਕਾ ਨਿਭਾਈ। ਉਨ੍ਹਾਂ ਨੇ ਇਸ ਮਸਲੇ ਨੂੰ ਤਰਜੀਹ ’ਤੇ ਰੱਖਦਿਆਂ ਹੋਏ ਕਈ ਵਾਰ ਚੰਡੀਗੜ੍ਹ ’ਚ ਬੈਠਕਾਂ ਕੀਤੀਆਂ ਤੇ ਲਗਾਤਾਰ ਫਾਲੋਅੱਪ ਜਾਰੀ ਰੱਖਿਆ। ਉਨ੍ਹਾਂ ਨਾਲ ਮੇਅਰ ਵਨੀਤ ਧੀਰ, ਸਫਾਈ ਯੂਨੀਅਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਤੇ ਨਿਗਮ ਕਮਿਸ਼ਨਰ ਸਦੀਪ ਰਿਸ਼ੀ ਨੇ ਵੀ ਦਸਤਾਵੇਜ਼ੀ ਤੇ ਪ੍ਰਸ਼ਾਸਨਿਕ ਕਾਰਵਾਈ ’ਚ ਯੋਗਦਾਨ ਪਾਇਆ, ਜਿਸ ਤੋਂ ਬਾਅਦ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਅਧਿਕਾਰਕ ਮਨਜ਼ੂਰੀ ਜਾਰੀ ਕੀਤੀ ਗਈ। ---------------------- ਸਫਾਈ ਪ੍ਰਣਾਲੀ ’ਚ ਹੋਵੇਗਾ ਸੁਧਾਰ : ਮੇਅਰ ਮੇਅਰ ਵਨੀਤ ਧੀਰ ਨੇ ਕਿਹਾ ਕਿ ਇਹ ਫੈਸਲਾ ਜਲੰਧਰ ਲਈ ਬਹੁਤ ਅਹਿਮ ਹੈ ਤੇ ਲੰਮੇ ਸਮੇਂ ਤੋਂ ਨਿਗਮ ਨੂੰ ਲੋੜੀਂਦੇ ਸਾਧਨ ਮੁਹੱਈਆ ਹੋ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਦੱਸਿਆ ਕਿ ਇਸ ਮਨਜ਼ੂਰੀ ਨੂੰ ਲਿਆਉਣ ’ਚ ਨਿਤਿਨ ਕੋਹਲੀ ਦੀ ਮਿਹਨਤ ਤੇ ਲਗਾਤਾਰ ਫਾਲੋਅੱਪ ਸਭ ਤੋਂ ਵੱਡੀ ਵਜ੍ਹਾ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਦਾ ਸਿੱਧਾ ਲਾਭ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਤੇ ਵਾਰਡਾਂ ’ਚ ਸਫਾਈ ਪ੍ਰਣਾਲੀ ਦੇ ਸੁਧਾਰ ਰੂਪ ’ਚ ਦਿਖਾਈ ਦੇਵੇਗਾ। ਮੇਅਰ ਨੇ ਕਿਹਾ ਹੈ ਕਿ ਸਥਾਨਕ ਸਰਕਾਰਾਂ ਮੰਤਰੀ ਵੱਲੋਂ ਨਗਰ ਨਿਗਮ ਨੂੰ 1196 ਨਵੀਂਆਂ ਭਰਤੀਆਂ ਕਰਨ ਦੀ ਮਨਜ਼ੂਰੀ ਦੇਣ ਦੇ ਬਾਅਦ ਹੁਣ ਛੇਤੀ ਹੀ ਇਸ਼ਤਿਹਾਰ ਜਾਰੀ ਕੀਤਾ ਜਾਏਗਾ ਜਿਸ ’ਚ ਭਰਤੀ ਲਈ ਬਕਾਇਦਾ ਬਣਦੀਆਂ ਸ਼ਰਤਾਂ ਰਖੀਆਂ ਜਾਣਗੀਆਂ ਤੇ ਜਿਹੜਾ ਬਿਨੈਕਾਰ ਸ਼ਰਤਾਂ ਪੂਰੀਆ ਕਰਦਾ ਹੋਵੇਗਾ ਉਸ ਦੀ ਭਰਤੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਉਕਤ ਜਿਹੜੀਆਂ 1196 ਭਰਤੀਆਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਲਈ ਬਕਾਇਦਾ ਇਸ਼ਤਿਹਾਰ ਦੇਣ ਦੇ ਬਾਅਦ ਜਿਹੜੀਆਂ ਦਰਖਾਸਤਾਂ ਆਉਣਗੀਆਂ ਸਹੀ ਪਾਈਆਂ ਜਾਣ ’ਤੇ ਨਵੀਂ ਭਰਤੀ ਕੀਤੀ ਜਾਏਗੀ। ਇਸ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋਂ ਬਕਾਇਦਾ ਇਕ 11 ਮੈਂਬਰੀ ਕਮੇਟੀ ਬਣਾਈ ਜਾਏਗੀ ਜਿਸ ’ਚ ਕੋਈ ਸਿਆਸੀ ਮੈਂਬਰ ਨਾ ਹੋ ਕੇ ਜ਼ਿਲਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀ ਮੈਂਬਰ ਹੋਣਗੇ। ------------------ 35 ਸਾਲ ਬਾਅਦ ਭਰਤੀ ਹੋਵੇਗੀ ਨਵੀਂ ਭਰਤੀ ਨੂੰ ਲੈ ਕੇ ਨਗਰ ਨਿਗਮ ਜਥੇਬੰਦੀਆਂ ਵੱਲੋਂ ਸਫਾਈ ਸੇਵਕਾਂ, ਮਾਲੀਆਂ, ਸੀਵਰਮੈਨਾਂ ਤੇ ਫਿਟਰਕੁਲੀਆਂ ਦੀ ਭਰਤੀ ਲਈ ਲਗਪਗ 35 ਸਾਲ ਤੋਂ ਮੰਗ ਕੀਤੀ ਜਾਂਦੀ ਰਹੀ ਹੈ, ਜਿਸ ਦੀ ਸੁਣਵਾਈ ਹੁਣ ਜਾ ਕੇ ਹੋਈ ਹੈ। ਉਕਤ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੀਆਂ ਯੂਨੀਅਨਾਂ ਹੜਤਾਲ ਕੀਤੀ ਜਾਂਦੀ ਰਹੀ ਹੈ ਤੇ ਹਾਲ ਹੀ ਵਿਚ ਵੀ ਯੂਨੀਅਨਾਂ ਵੱਲੋਂ ਹੜਤਾਲ ਕੀਤੀ ਗਈ ਸੀ। ਜਿਸ ਨੂੰ ਲੈ ਕੇ ਮੇਅਰ ਤੇ ਕਮਿਸ਼ਨਰ ਕਾਫੀ ਪਰੇਸ਼ਾਨੀ ’ਚ ਸਨ ਤੇ ਨਗਰ ਨਿਗਮ ਦਾ ਕੰਮ ਵੀ ਠੱਪ ਹੋ ਜਾਂਦਾ ਰਿਹਾ ਹੈ। ਜਦੋਂਕਿ ਨਵੀਂ ਭਰਤੀ ਦੀ ਮਨਜ਼ੂਰੀ ਦੇਣਾ ਸਰਕਾਰ ਪੱਧਰ ਦਾ ਕੰਮ ਸੀ ਜਿਹੜਾ ਕਿ ਹੁਣ ਪੂਰਾ ਹੋ ਗਿਆ ਹੈ। ---------------------- ਭਰਤੀ ਦੀ ਮਨਜ਼ੂਰੀ ਜਲੰਧਰ ਲਈ ਇਤਿਹਾਸ ਬਦਲਾਅ : ਗਰੇਵਾਲ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਭਰਤੀ ਦੀ ਮਨਜ਼ੂਰੀ ਜਲੰਧਰ ਲਈ ਜਿਥੇ ਇਤਿਹਾਸਕ ਬਦਲਾਵ ਲਾਏਗੀ ਉਥੇ ਸਫਾਈ ਵੀ ਪਹਿਲੇ ਨਾਲੋ ਵਧੇਰੇ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਭਰਤੀ ’ਚ ਵਿਸ਼ੇਸ਼ ਤੌਰ ’ਤੇ ਔਰਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਕਿ ਉੁਹ ਘਰ ਦੀ ਤਰ੍ਹਾਂ ਹੀ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ ਤੇ ਉਨ੍ਹਾਂ ਨੂੰ ਭਰਤੀ ’ਚ ਪਹਿਲ ਦੇਣੀ ਚਾਹੀਦੀ ਹੈ ਜੋ ਜ਼ਰੂਰਤਮੰਦ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ’ਚ ਭਰੋਸਾ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਔਰਤਾਂ ਖੁਦ ਆਪਣੀ ਡਿਊਟੀ ਦੇਣ ’ਚ ਭਰੋਸਾ ਰੱਖਦੀਆਂ ਹਨ ਤੇ ਉਹ ਕਿਸੇ ਨੂੰ ਪੈਸੇ ਦੇ ਕੇ ਅੱਗੇ ਕੰਮ ਕਰਨ ’ਚ ਭਰੋਸਾ ਨਹੀਂ ਰੱਖਦੀਆਂ। -------------------------- ਮਨਜ਼ੂਰੀ ਤਾਂ ਪਹਿਲਾਂ ਮਿਲ ਗਈ ਸੀ ਸਿਰਫ ਕਮੇਟੀ ਦਾ ਐਲਾਨ ਬਾਕੀ ਸੀ : ਸੱਭਰਵਾਲ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਦੇ ਆਗੂ ਬੰਟੂ ਸੱਭਰਵਾਲ ਨੇ ਕਿਹਾ ਹੈ ਕਿ ਤਾਂ ਪਹਿਲਾਂ ਹੀ ਮਿਲ ਚੁੱਕੀ ਸੀ ਤੇ ਉਸ ਲਈ 11 ਮੈਂਬਰੀ ਕਮੇਟੀ ਐਲਾਨੀ ਜਾਣੀ ਸੀ ਤੇ ਜਦੋਂ ਵੈਸਟ ਹਲਕੇ ਦੀ ਚੋਣ ਸੀ ਤਾਂ ਉਸ ਸਮੇਂ ਭਰਤੀ ਦੀ ਮਨਜ਼ੂਰੀ ਮਿਲ ਚੁੱਕੀ ਸੀ ਇਸ ਸਬੰਧੀ 10 ਜਨਵਰੀ 2024 ’ਚ ਮਤਾ ਨੰਬਰ 164 ਯੂਨੀਅਨ ਨੇ ਮਨਜ਼ੂਰ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਪੰਜਾਬ ਤੋਂ ਭਰਤੀ ਲਈ ਗਲਤ ਕੀਤੀ ਸੀ ਪਰ ਅਸੀਂ ਸਥਾਨਕ ਪੱਧਰ ’ਤੇ ਭਰਤੀ ਕਰਨ ਦੀ ਮੰਗ ਕੀਤੀ ਸੀ। ਵੈਸਟ ਹਲਕੇ ਦੀ ਚੋਣ ਤੋਂ ਪਹਿਲਾਂ ਭਰਤੀ ਨੇ ਭਰਤੀ ਕਮੇਟੀ ਬਣਾਉਣ ਲਈ ਸਰਕਾਰ ਮਨਜ਼ੂਰੀ ਲੈਣ ਦਾ ਭਰੋਸਾ ਦਿੱਤਾ ਸੀ। ਇਹ ਸਿਰਫ ਕਮੇਟੀ ਦੀ ਮਨਜ਼ੂਰੀ ਦਾ ਪੱਤਰ ਹੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਅਰ ਨੇ ਵੀ ਸਾਨੂੰ ਪਹਿਲੀ ਜਨਵਰੀ ਤੋਂ ਨਵੀਂ ਭਰਤੀ ਦਾ ਭਰੋਸਾ ਦਿੱਤਾ ਸੀ। ਦੂਜੇ ਪਾਸੇ ਨਿਤਿਨ ਕੋਹਲੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਜਲੰਧਰ ਨੂੰ ਸੁੱਚਾ, ਸੁਧਰਿਆ ਤੇ ਆਧੁਨਿਕ ਸ਼ਹਿਰ ਬਣਾਉਣਾ ਹੈ। 1196 ਕਰਮਚਾਰੀਆਂ ਦੀ ਭਰਤੀ ਨਾਲ ਸਫਾਈ ਕੰਮ ਤੇਜ਼ ਹੋਣਗੇ, ਸੀਵਰੇਜ ਸੰਭਾਲ ਵਧੀਆ ਹੋਵੇਗੀ ਤੇ ਸ਼ਹਿਰ ਦੀ ਸੁੰਦਰਤਾ ’ਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਤੇ ਸੁਵਿਧਾਵਾਂ ਨੂੰ ਬਿਹਤਰ ਕਰਨ ਲਈ ਉਹ ਅੱਗੇ ਵੀ ਪੂਰੀ ਮਿਹਨਤ ਨਾਲ ਕੰਮ ਕਰਦੇ ਰਹਿਣਗੇ। ਨਿਤਿਨ ਕੋਹਲੀ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਵਾਨਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਦੂਰਦਰਸ਼ੀ ਤੇ ਨਿਰੰਤਰ ਸਮਰਥਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਹੈ ਤੇ ਜਨਤਕ ਮੁੱਦਿਆਂ ਨੂੰ ਤਰਜੀਹ ਦਿੰਦੀ ਹੈ। ਜਨਤਕ ਭਲਾਈ ਤੇ ਸ਼ਹਿਰ ਦੇ ਵਿਕਾਸ ਲਈ ਚੁੱਕੇ ਗਏ ਅਜਿਹੇ ਕਦਮ ਇਸ ਗੱਲ ਦਾ ਸਬੂਤ ਹਨ ਕਿ ਇਹ ਪੰਜਾਬ ਦੀਆਂ ਸਭ ਤੋਂ ਵਧੀਆ ਸਰਕਾਰਾਂ ’ਚੋਂ ਇਕ ਹੈ। ਉਨ੍ਹਾਂ ਅੱਗੇ ਕਿਹਾ ਕਿ 1196 ਸਫਾਈ ਕਰਮਚਾਰੀਆਂ ਦੀ ਭਰਤੀ ਵਰਗੀਆਂ ਮਹੱਤਵਪੂਰਨ ਪਹਿਲਕਦਮੀਆਂ ਇਸ ਲੋਕ-ਕੇਂਦ੍ਰਿਤ ਪਹੁੰਚ ਤੇ ਅਗਵਾਈ ਵੱਲੋਂ ਸੰਭਵ ਹੋਈਆਂ ਹਨ ਤੇ ਜਲੰਧਰ ਹੁਣ ਇਕ ਸਾਫ਼, ਸਿਹਤਮੰਦ ਤੇ ਬਿਹਤਰ ਪ੍ਰਬੰਧਨ ਵਾਲਾ ਸ਼ਹਿਰ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਹ ਮਨਜ਼ੂਰੀ ਜਲੰਧਰ ਲਈ ਇਕ ਇਤਿਹਾਸਕ ਬਦਲਾਅ ਦੀ ਸ਼ੁਰੂਆਤ ਸਾਬਤ ਹੋਵੇਗੀ, ਜਿਸ ਨਾਲ ਸ਼ਹਿਰ ਨੂੰ ਹੋਰ ਸਾਫ-ਸੁਥਰਾ, ਸਿਹਤਮੰਦ ਤੇ ਵਿਕਸਿਤ ਬਣਾਉਣ ’ਚ ਵੱਡੀ ਮਦਦ ਮਿਲੇਗੀ ਤੇ ਇਸਦੇ ਪ੍ਰਭਾਵ ਆਉਣ ਵਾਲੇ ਮਹੀਨਿਆਂ ’ਚ ਮੈਦਾਨੀ ਪੱਧਰ ’ਤੇ ਸਪੱਸ਼ਟ ਦਿਖਣਗੇ।