ਐੱਸਆਈ ਗੁਰਪ੍ਰੀਤ ਸਿੰਘ ਨੇ ਸੰਭਾਲਿਆ ਅਹੁਦਾ
ਥਾਣਾ ਮਕਸੂਦਾਂ ਨੇ ਅਹੁਦਾ ਸੰਭਾਲਦਿਆਂ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਦਿੱਤੀ ਚੇਤਾਵਨੀ
Publish Date: Wed, 24 Dec 2025 07:05 PM (IST)
Updated Date: Wed, 24 Dec 2025 07:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੇ ਗਏ ਤਾਜ਼ਾ ਫੇਰ ਬਦਲ ਤਹਿਤ ਵੱਖ-ਵੱਖ ਥਾਣਿਆਂ ’ਚ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਐੱਸਆਈ ਗੁਰਪ੍ਰੀਤ ਸਿੰਘ ਨੂੰ ਥਾਣਾ ਮਕਸੂਦਾਂ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਸਮੂਹ ਪੁਲਿਸ ਮੁਲਾਜ਼ਮਾ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਸਮੂਹ ਮੁਲਾਜ਼ਮਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਡਿਊਟੀ ’ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ। ਇਲਾਕੇ ਨੂੰ ਨਸ਼ਾ ਮੁਕਤ ਕਰਨਾ ਉਨ੍ਹਾਂ ਦਾ ਸਭ ਤੋਂ ਵੱਡਾ ਟੀਚਾ ਹੈ। ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਲਈ ਥਾਣਾ ਮਕਸੂਦਾਂ ਦੀ ਹੱਦ ਅੰਦਰ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗਸ਼ਤ ਤੇਜ਼ ਕਰਨ ਦੇ ਵੀ ਸੰਕੇਤ ਦਿੱਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।