ਪ੍ਰੋਗਰਾਮ ’ਚ ਐੱਨਐੱਸਐੱਸ ਵਲੰਟੀਅਰਾਂ ਦਾ ਸ਼ਾਨਦਾਰ ਪ੍ਰਦਰਸ਼ਨ
ਲਾਇਲਪੁਰ ਖ਼ਾਲਸਾ ਕਾਲਜ ਐੱਨਐੱਸਐੱਸ ਵਲੰਟੀਅਰਾਂ ਦੀਆਂ ਰਾਜ ਤੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ
Publish Date: Sat, 13 Dec 2025 06:17 PM (IST)
Updated Date: Sat, 13 Dec 2025 06:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਦਾ ਯਤਨਸ਼ੀਲ ਰਹਿੰਦਾ ਹੈ। ਨਵੰਬਰ ਮਹੀਨੇ ਦੌਰਾਨ ਕਾਲਜ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਰਾਜ ਤੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ। ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਵਲੰਟੀਅਰਾਂ ਨੂੰ ਕੈਂਪਾਂ, ਯੁਵਾ ਸੰਸਦ, ਵਰਕਸ਼ਾਪਾਂ ਤੇ ਸਿਖਲਾਈ ਪ੍ਰੋਗਰਾਮਾਂ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੈਗਾ ਸਮਾਗਮ ਨੌਜਵਾਨਾਂ ਦੀ ਸ਼ਖਸੀਅਤ ਨਿਖਾਰਦੇ ਹਨ ਤੇ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਦੇ ਹਨ। ਕਾਲਜ ਐੱਨਐੱਸਐੱਸ ਯੂਨਿਟ ਦੇ ਸਰਾਹਣਯੋਗ ਕੰਮ ਦੇ ਚਲਦਿਆਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਕਾਲਜ ਨੂੰ ਇਕ ਹੋਰ ਐੱਨਐੱਸਐੱਸ ਯੂਨਿਟ ਅਲਾਟ ਕੀਤੀ ਗਈ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਵਲੰਟੀਅਰਾਂ ਨੇ ਉੱਤਰੀ ਜ਼ੋਨ ਪ੍ਰੀ ਗਣਤੰਤਰ ਦਿਵਸ ਕੈਂਪ, ਰਾਸ਼ਟਰੀ ਈਐੱਲਪੀ ਪ੍ਰੋਗਰਾਮ, ਯੁਵਾ ਸੰਸਦ ਮੁਕਾਬਲਿਆਂ, ਕਾਨੂੰਨੀ ਸਾਖਰਤਾ, ਹੁਨਰ ਵਿਕਾਸ ਵਰਕਸ਼ਾਪਾਂ ਤੇ ਐਡਵੈਂਚਰ ਕੈਂਪਾਂ ’ਚ ਕਾਲਜ ਦੀ ਨੁਮਾਇੰਦਗੀ ਕੀਤੀ। ਵਲੰਟੀਅਰਾਂ ਨੇ ਪ੍ਰਬੰਧਕਾਂ ਤੇ ਸਬੰਧਤ ਵਿਭਾਗਾਂ ਦਾ ਧੰਨਵਾਦ ਕੀਤਾ।