ਸਸਤੇ ਘਰੇਲੂ ਉਤਪਾਦਾਂ ਤੇ ਮੁਫ਼ਤ ਤੋਹਫ਼ੇ ਦਾ ਲਾਲਚ ’ਚ ਵੱਜਦੀ ਸਾਈਬਰ ਠੱਗੀ
ਸਸਤੇ ਘਰੇਲੂ ਉਤਪਾਦਾਂ ਤੇ ਫ੍ਰੀ ਗਿਫ਼ਟ ਦਾ ਲਾਲਚ, ਮਹਿਲਾਵਾਂ ਬਣ ਰਹੀਆਂ ਸਾਇਬਰ ਠੱਗੀ ਦਾ ਆਸਾਨ ਸ਼ਿਕਾਰ
Publish Date: Tue, 30 Dec 2025 07:50 PM (IST)
Updated Date: Tue, 30 Dec 2025 07:53 PM (IST)

-ਸੋਸ਼ਲ ਮੀਡੀਆ ਤੇ ਵ੍ਹਟਸਐਪ ਲਿੰਕਾਂ ਰਾਹੀਂ ਠੱਗ ਖਾਤੇ ਕਰ ਰਹੇ ਖਾਲੀ -ਕਈ ਮਾਮਲਿਆਂ ’ਚ ਓਟੀਪੀ ਤੇ ਕਾਰਡ ਡਿਟੇਲ ਤੱਕ ਹੋ ਰਹੀ ਲੀਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ’ਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਸਤੇ ਘਰੇਲੂ ਉਤਪਾਦ, ਨਾਮੀ ਕੰਪਨੀਆਂ ਦੀਆਂ ਪੇਸ਼ਕਸ਼ਾਂ ਤੇ ਮੁਫ਼ਤ ਤੋਹਫ਼ਿਆਂ ਦਾ ਲਾਲਚ ਦੇ ਕੇ ਸਾਈਬਰ ਠੱਗ ਔਰਤਾਂ ਨੂੰ ਆਪਣੇ ਜਾਲ ’ਚ ਫਸਾ ਰਹੇ ਹਨ। ਇਹ ਠੱਗੀ ਦੇ ਮਾਮਲੇ ਮੁੱਖ ਤੌਰ ’ਤੇ ਸੋਸ਼ਲ ਮੀਡੀਆ ਪਲੇਟਫਾਰਮਾਂ, ਵ੍ਹਟਸਐਪ ਮੈਸੇਜਾਂ ਤੇ ਫਰਜ਼ੀ ਐੱਸਐੱਮਐੱਸ ਰਾਹੀਂ ਸਾਹਮਣੇ ਆ ਰਹੇ ਹਨ। ਠੱਗ ਆਪਣੇ-ਆਪ ਨੂੰ ਕਿਸੇ ਨਾਮੀ ਕੰਪਨੀ ਦਾ ਪ੍ਰਤੀਨਿਧੀ ਦੱਸ ਕੇ ਔਰਤਾਂ ਨਾਲ ਸੰਪਰਕ ਕਰਦੇ ਹਨ ਤੇ ਬਹੁਤ ਘੱਟ ਕੀਮਤ ’ਤੇ ਘਰੇਲੂ ਸਾਮਾਨ ਦੇਣ ਦਾ ਦਾਅਵਾ ਕਰਦੇ ਹਨ। ਔਰਤਾਂ ਨੂੰ ਭਰੋਸੇ ’ਚ ਲੈਣ ਲਈ ਆਕਰਸ਼ਕ ਤਸਵੀਰਾਂ, ਫਰਜ਼ੀ ਵੈੱਬਸਾਈਟ ਲਿੰਕ ਤੇ ਸੀਮਤ ਸਮੇਂ ਦਾ ਆਫ਼ਰ ਦੱਸਿਆ ਜਾਂਦਾ ਹੈ, ਜਿਸ ਦੇ ਲਾਲਚ ’ਚ ਆ ਕੇ ਔਰਤਾਂ ਫਸ ਜਾਂਦੀਆਂ ਹਨ। ਇਸ ਤੋਂ ਬਾਅਦ ਇਕ ਲਿੰਕ ਭੇਜਿਆ ਜਾਂਦਾ ਹੈ, ਜਿਸ ਨੂੰ ਖੋਲ੍ਹ ਕੇ ਆਰਡਰ ਕਨਫ਼ਰਮ ਕਰਨ ਜਾਂ ਮੁਫ਼ਤ ਤੋਹਫ਼ੇ ਕਲੇਮ ਕਰਨ ਲਈ ਕਿਹਾ ਜਾਂਦਾ ਹੈ। ਜਿਵੇਂ ਹੀ ਪੀੜਤ ਲਿੰਕ ’ਤੇ ਕਲਿੱਕ ਕਰਦੀ ਹੈ, ਉਸ ਦੇ ਮੋਬਾਈਲ ’ਚ ਮੌਜੂਦ ਬੈਂਕਿੰਗ ਐਪਸ, ਓਟੀਪੀ, ਕਾਰਡ ਡਿਟੇਲ ਜਾਂ ਨਿੱਜੀ ਜਾਣਕਾਰੀ ਸਾਇਬਰ ਠੱਗਾਂ ਦੇ ਹੱਥ ਲੱਗ ਜਾਂਦੀ ਹੈ। ਇਸ ਤੋਂ ਬਾਅਦ ਕੁਝ ਹੀ ਮਿੰਟਾਂ ’ਚ ਬੈਂਕ ਖਾਤੇ ’ਚੋਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਤੱਕ ਕੱਢ ਲਏ ਜਾਂਦੇ ਹਨ। ਹਾਲ ਹੀ ’ਚ ਜਲੰਧਰ ਦੇ ਇਕ ਇਲਾਕੇ ’ਚ ਰਹਿਣ ਵਾਲੀ ਸੁਆਣੀ ਨੂੰ ਵ੍ਹਟਸਐਪ ’ਤੇ ਸਸਤੇ ਮਿਕਸਰ-ਗ੍ਰਾਈਂਡਰ ਤੇ ਫ੍ਰੀ ਕੁਕਵੇਅਰ ਸੈੱਟ ਦਾ ਆਫ਼ਰ ਮਿਲਿਆ। ਲਿੰਕ ਖੋਲ੍ਹਦਿਆਂ ਹੀ ਮੋਬਾਈਲ ਹੈਕ ਹੋ ਗਿਆ ਤੇ ਕੁਝ ਦੇਰ ਬਾਅਦ ਖਾਤੇ ’ਚੋਂ 48 ਹਜ਼ਾਰ ਰੁਪਏ ਨਿਕਲ ਗਏ। ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਔਰਤ ਨੂੰ ਆਨਲਾਈਨ ਸ਼ਾਪਿੰਗ ਸਾਈਟ ਦੇ ਨਾਂ ’ਤੇ ਮੁਫ਼ਤ ਤੋਹਫ਼ੇ ਦਾ ਮੈਸੇਜ ਆਇਆ, ਜਿਸ ’ਚ ਓਟੀਪੀ ਪਾਉਣ ਦੇ ਕੁਝ ਮਿੰਟਾਂ ਬਾਅਦ ਹੀ ਖਾਤੇ ’ਚੋਂ 1.2 ਲੱਖ ਰੁਪਏ ਸਾਫ਼ ਹੋ ਗਏ। -------------------- ਛੋਟੀ ਰਕਮ ਦਾ ਲੈਣ-ਦੇਣ ਦਿਖਾ ਕੇ ਜਿੱਤਦੇ ਹਨ ਭਰੋਸਾ ਸਾਈਬਰ ਪੁਲਿਸ ਮੁਤਾਬਕ ਕਈ ਮਾਮਲਿਆਂ ’ਚ ਠੱਗ ਪਹਿਲਾਂ ਛੋਟੀ ਰਕਮ ਦਾ ਟ੍ਰਾਂਜ਼ੈਕਸ਼ਨ ਦਿਖਾ ਕੇ ਭਰੋਸਾ ਜਿੱਤ ਲੈਂਦੇ ਹਨ ਤੇ ਬਾਅਦ ’ਚ ਵੱਡੀ ਠੱਗੀ ਨੂੰ ਅੰਜਾਮ ਦਿੰਦੇ ਹਨ। ਕਈ ਵਾਰ ਠੱਗ ਫ਼ੋਨ ਕਰਕੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਜਾਂ ਕਸਟਮਰ ਕੇਅਰ ਅਧਿਕਾਰੀ ਦੱਸਦੇ ਹਨ ਤੇ ਓਟੀਪੀ ਤੇ ਕਾਰਡ ਡਿਟੇਲ ਹਾਸਲ ਕਰ ਲੈਂਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਔਰਤਾਂ ਘਰੇਲੂ ਜ਼ਰੂਰਤਾਂ ਤੇ ਸਸਤੇ ਆਫ਼ਰਾਂ ਦੇ ਲਾਲਚ ’ਚ ਬਿਨਾਂ ਜਾਂਚ-ਪੜਤਾਲ ਲਿੰਕ ਖੋਲ੍ਹ ਦਿੰਦੀਆਂ ਹਨ, ਜੋ ਠੱਗੀ ਦਾ ਮੁੱਖ ਕਾਰਨ ਬਣ ਰਿਹਾ ਹੈ। ------------------------ ਕੁਝ ਤਾਜ਼ਾ ਮਾਮਲੇ 1. ਜਲੰਧਰ ਦੇ ਮਾਡਲ ਟਾਊਨ ਇਲਾਕੇ ’ਚ ਰਹਿਣ ਵਾਲੀ ਇਕ ਸੁਆਣੀ ਨੂੰ ਵ੍ਹਟਸਐਪ ’ਤੇ ਨਾਮੀ ਕੰਪਨੀ ਵੱਲੋਂ ਫ੍ਰੀ ਗਿਫ਼ਟ ਦਾ ਆਫ਼ਰ ਮਿਲਿਆ। ਮੈਸੇਜ ’ਚ ਲਿਖਿਆ ਸੀ ਕਿ ਉਹ ਲੱਕੀ ਡਰਾਅ ’ਚ ਚੁਣੀ ਗਈ ਹੈ ਤੇ ਉਸ ਨੂੰ ਹੋਮ ਅਪਲਾਇੰਸਜ਼ ਨਾਲ ਮੁਫਤ ਤੋਹਫ਼ਾ ਦਿੱਤਾ ਜਾਵੇਗਾ। ਗਿਫ਼ਟ ਕਲੇਮ ਕਰਨ ਲਈ ਭੇਜੇ ਗਏ ਲਿੰਕ ’ਤੇ ਕਲਿੱਕ ਕਰਦੇ ਹੀ ਤੇ ਓਟੀਪੀ ਪਾਉਣ ਤੋਂ ਕੁਝ ਮਿੰਟਾਂ ’ਚ ਹੀ ਉਸ ਦੇ ਖਾਤੇ ’ਚੋਂ ਕਰੀਬ 62 ਹਜ਼ਾਰ ਰੁਪਏ ਨਿਕਲ ਗਏ। ਬਾਅਦ ’ਚ ਪਤਾ ਲੱਗਾ ਕਿ ਲਿੰਕ ਫਰਜ਼ੀ ਸੀ। 2. ਕਪੂਰਥਲਾ ਰੋਡ ਇਲਾਕੇ ਦੀ ਇਕ ਕੰਮਕਾਜੀ ਔਰਤ ਨੂੰ ਸੋਸ਼ਲ ਮੀਡੀਆ ’ਤੇ ਸਸਤੇ ਕਿਚਨ ਉਤਪਾਦਾਂ ਦਾ ਇਸ਼ਤਿਹਾਰ ਦਿੱਸਿਆ। ਠੱਗਾਂ ਨੇ ਆਪਣੇ ਆਪ ਨੂੰ ਆਨਲਾਈਨ ਸ਼ਾਪਿੰਗ ਕੰਪਨੀ ਦਾ ਪ੍ਰਤੀਨਿਧ ਦੱਸ ਕੇ ਕਾਲ ਕੀਤੀ ਤੇ ਕਿਹਾ ਕਿ ਲਿਮਟਿਡ ਆਫ਼ਰ ਕਾਰਨ ਛੋਟ ਮਿਲ ਰਹੀ ਹੈ। ਆਰਡਰ ਕਨਫ਼ਰਮ ਕਰਨ ਦੇ ਨਾਂ ’ਤੇ ਕਾਰਡ ਡਿਟੇਲ ਤੇ ਓਟੀਪੀ ਲੈ ਲਿਆ ਗਿਆ। ਕੁਝ ਹੀ ਦੇਰ ’ਚ ਖਾਤੇ ’ਚੋਂ 1 ਲੱਖ ਰੁਪਏ ਤੋਂ ਵੱਧ ਦੀ ਰਕਮ ਕੱਢ ਲਈ ਗਈ। 3. ਬਸਤੀ ਦਾਨਿਸ਼ਮੰਦਾ ਖੇਤਰ ’ਚ ਇਕ ਔਰਤ ਨੂੰ ਫਰਜ਼ੀ ਬੈਂਕ ਕਸਟਮਰ ਕੇਅਰ ਅਧਿਕਾਰੀ ਦੀ ਕਾਲ ਆਈ। ਕਾਲ ਕਰਨ ਵਾਲੇ ਨੇ ਕਿਹਾ ਕਿ ਉਸ ਦੇ ਖਾਤੇ ’ਚ ਫ੍ਰੀ ਰਿਵਾਰਡ ਪੁਆਇੰਟਸ ਆਏ ਹਨ, ਜਿਨ੍ਹਾਂ ਨੂੰ ਐਕਟੀਵੇਟ ਕਰਨ ਲਈ ਇਕ ਲਿੰਕ ਭੇਜਿਆ ਜਾਵੇਗਾ। ਔਰਤ ਨੇ ਜਿਵੇਂ ਹੀ ਲਿੰਕ ਖੋਲ੍ਹਿਆ, ਮੋਬਾਈਲ ਹੈਕ ਹੋ ਗਿਆ ਤੇ ਕੁਝ ਸਮੇਂ ਬਾਅਦ ਖਾਤੇ ’ਚੋਂ 35 ਹਜ਼ਾਰ ਰੁਪਏ ਗਾਇਬ ਮਿਲੇ। ------------------- ਕਿਸੇ ਵੀ ਅਣਜਾਣ ਲਿੰਕ, ਮੈਸੇਜ ਜਾਂ ਕਾਲ ’ਤੇ ਤੁਰੰਤ ਪ੍ਰਤੀਕਿਰਿਆ ਦੇਣਾ ਖ਼ਤਰਨਾਕ ਹੋ ਸਕਦਾ ਹੈ। ਨਾਮੀ ਕੰਪਨੀਆਂ ਕਦੇ ਵੀ ਵ੍ਹਟਸਐਪ ਜਾਂ ਮੈਸੇਜ ਰਾਹੀਂ ਓਟੀਪੀ ਜਾਂ ਬੈਂਕ ਡਿਟੇਲ ਨਹੀਂ ਮੰਗਦੀਆਂ। ਜੇ ਕੋਈ ਆਫ਼ਰ ਬਹੁਤ ਜ਼ਿਆਦਾ ਆਕਰਸ਼ਕ ਲੱਗੇ, ਤਾਂ ਉਸ ਦੀ ਸੱਚਾਈ ਦੀ ਜਾਂਚ ਕਰਨੀ ਜ਼ਰੂਰੀ ਹੈ। ਸਾਈਬਰ ਠੱਗੀ ਤੋਂ ਬਚਾਅ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਥੋੜ੍ਹੀ ਜਿਹੀ ਸਾਵਧਾਨੀ ਮਹਿਲਾਵਾਂ ਨੂੰ ਆਰਥਿਕ ਨੁਕਸਾਨ ਤੇ ਮਾਨਸਿਕ ਤਣਾਅ ਤੋਂ ਬਚਾ ਸਕਦੀ ਹੈ। – ਸਿਕੰਦਰ ਸਿੰਘ, ਏਸੀਪੀ ਸਾਇਬਰ ਕਰਾਈਮ --------------------- ਸਾਈਬਰ ਠੱਗੀ ਤੋਂ ਕਿਵੇਂ ਬਚਿਆ ਜਾਵੇ ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ, ਚਾਹੇ ਉਹ ਕਿੰਨਾ ਵੀ ਦਿਲਖਿੱਚਵਾਂ ਕਿਉਂ ਨਾ ਹੋਵੇ। ਓਟੀਪੀ, ਕਾਰਡ ਨੰਬਰ, ਸੀਵੀਵੀ ਤੇ ਪਿਨ ਕਿਸੇ ਨਾਲ ਵੀ ਸਾਂਝੇ ਨਾ ਕਰੋ। ਸੋਸ਼ਲ ਮੀਡੀਆ ’ਤੇ ਦਿੱਸਣ ਵਾਲੇ ਸਸਤੇ ਆਫ਼ਰਾਂ ਦੀ ਅਧਿਕਾਰਤ ਵੈੱਬਸਾਈਟ ਤੋਂ ਪੁਸ਼ਟੀ ਕਰੋ। ਮੋਬਾਈਲ ’ਚ ਐਂਟੀ-ਵਾਇਰਸ ਤੇ ਸੁਰੱਖਿਆ ਅੱਪਡੇਟ ਚਾਲੂ ਰੱਖੋ। ਠੱਗੀ ਹੋਣ ਦੀ ਸਥਿਤੀ ’ਚ ਤੁਰੰਤ 1930 ਹੈਲਪਲਾਈਨ ਜਾਂ ਨਜ਼ਦੀਕੀ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਓ।