ਇਨੋਵਾ ਖਰੀਦਣ ਦੇ ਨਾਂ ’ਤੇ ਵਪਾਰੀ ਨਾਲ ਠੱਗੀ, 27 ਹਜ਼ਾਰ ਹੜੱਪੇ
ਇਨੋਵਾ ਕਾਰ ਖਰੀਦਣ ਦੇ ਨਾਮ ’ਤੇ ਲੁਧਿਆਣਾ ਦੇ ਵਪਾਰੀ ਨਾਲ ਠੱਗੀ, 27 ਹਜ਼ਾਰ ਰੁਪਏ ਹੜਪੇ
Publish Date: Sun, 30 Nov 2025 07:34 PM (IST)
Updated Date: Mon, 01 Dec 2025 04:09 AM (IST)

ਹਿਸਾਰ ਦੇ ਮੁਲਜ਼ਮ ਨੇ ਕੇਰਲ ਭੇਜਣ ਦਾ ਝਾਂਸਾ ਦੇ ਕੇ ਵਸੂਲੇ ਪੈਸੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਨਲਾਈਨ ਵਾਹਨ ਖਰੀਦਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੇਰਲ ਦੇ ਕੋਡੂ ਚਤੁਰਥ, ਕੋਟਾਯਮ ਦੇ ਰਹਿਣ ਵਾਲੇ ਅਨੀਸ਼ ਏਐੱਸ ਨੇ ਜਲੰਧਰ ਤੋਂ ਇਕ ਇਨੋਵਾ ਗੱਡੀ ਖਰੀਦੀ। ਗੱਡੀ ਨੂੰ ਕੇਰਲ ਭੇਜਣ ਲਈ ਉਨ੍ਹਾਂ ਨੇ ਹਿਸਾਰ (ਹਰਿਆਣਾ) ਦੇ ਰਹਿਣ ਵਾਲੇ ਤੇ ਲੁਧਿਆਣਾ ਦੇ ਮੋਤੀ ਨਗਰ ’ਚ ਓਬਰਾਏ ਇੰਟਰਨੈਸ਼ਨਲ ਮੂਵਰਜ਼ ਚਲਾਉਣ ਵਾਲੇ ਸੁਨੀਲ ਕੁਮਾਰ ਨਾਲ ਸੰਪਰਕ ਕੀਤਾ। ਦੋਵਾਂ ਵਿਚਾਲੇ ਗੱਲਬਾਤ ਤੋਂ ਬਾਅਦ ਅਨੀਸ਼ ਨੂੰ ਯਕੀਨ ਹੋ ਗਿਆ ਕਿ ਸੌਦਾ ਸਹੀ ਹੈ ਤੇ ਗੱਡੀ ਸਮੇਂ ’ਤੇ ਕੇਰਲ ਪਹੁੰਚ ਜਾਵੇਗੀ। ਮੁਲਜ਼ਮ ਸੁਨੀਲ ਨੇ ਗੱਡੀ ਭੇਜਣ ਦੇ ਨਾਂ ਤੇ ਪਹਿਲਾਂ 17,000 ਰੁਪਏ ਦੀ ਮੰਗ ਕੀਤੀ। ਪੀੜਤ ਅਨੀਸ਼ ਨੇ ਇਹ ਰਕਮ ਸੁਨੀਲ ਵੱਲੋਂ ਦਿੱਤੇ ਗਏ ਬੈਂਕ ਖਾਤੇ ’ਚ ਆਨਲਾਈਨ ਟ੍ਰਾਂਸਫ਼ਰ ਕਰ ਦਿੱਤੀ। ਕੁਝ ਸਮੇਂ ਬਾਅਦ ਮੁਲਜ਼ਮ ਨੇ ਦੁਬਾਰਾ ਸੰਪਰਕ ਕਰ ਕੇ ਇੰਸ਼ੋਰੈਂਸ ਤੇ ਜੀਐੱਸਟੀ ਫੀਸ ਦੇ ਨਾਂ ਤੇ ਹੋਰ 10,000 ਰੁਪਏ ਮੰਗੇ। ਪੀੜਤ ਨੇ ਇਸ ਵਾਰ ਵੀ ਵਿਸ਼ਵਾਸ ਕਰਦਿਆਂ ਪੂਰੀ ਰਕਮ ਭੇਜ ਦਿੱਤੀ ਪਰ ਦੋਵਾਂ ਕਿਸ਼ਤਾਂ ’ਚ ਕੁੱਲ 27,000 ਰੁਪਏ ਭੇਜਣ ਦੇ ਬਾਵਜੂਦ ਨਾ ਤਾਂ ਇਨੋਵਾ ਗੱਡੀ ਕੇਰਲ ਭੇਜੀ ਗਈ ਤੇ ਨਾ ਹੀ ਦੋਸ਼ੀ ਨੇ ਪੀੜਤ ਨਾਲ ਕੀਤੇ ਗਏ ਕਿਸੇ ਵੀ ਵਾਅਦੇ ਦੀ ਪਾਲਣਾ ਕੀਤੀ, ਜਦੋਂ ਪੀੜਤ ਗੱਡੀ ਦੀ ਸਥਿਤੀ ਤੇ ਟਰਾਂਸਪੋਰਟੇਸ਼ਨ ਬਾਰੇ ਲਗਾਤਾਰ ਪੁੱਛਦਾਂ ਰਿਹਾ ਤਾਂ ਮੁਲਜ਼ਮ ਸੁਨੀਲ ਕੁਮਾਰ ਬਹਾਨੇ ਬਣਾਉਂਦਾ ਰਿਹਾ ਤੇ ਫਿਰ ਫ਼ੋਨ ਵੀ ਉਠਾਉਣਾ ਬੰਦ ਕਰ ਦਿੱਤਾ। ਲੰਮੇ ਸਮੇਂ ਤੱਕ ਇੰਤਜ਼ਾਰ ਤੇ ਧੋਖਾਧੜੀ ਦੇ ਸ਼ੱਕ ਦੇ ਬਾਅਦ ਪੀੜਤ ਅਨੀਸ਼ ਨੇ ਜਲੰਧਰ ਦੇ ਥਾਣਾ ਕੈਂਟ ਪੁਲਿਸ ਨਾਲ ਸੰਪਰਕ ਕੀਤਾ ਤੇ ਸਾਰੀ ਘਟਨਾ ਬਿਆਨ ਕੀਤੀ। ਪੁਲਿਸ ਨੇ ਮਾਮਲੇ ਨੂੰ ਗੰਭੀਰ ਸਮਝਦੇ ਹੋਏ ਕੇਸ ਦਰਜ ਕਰ ਲਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਨੇ ਹਾਈਕੋਰਟ ਤੋਂ ਜ਼ਮਾਨਤ ਲਈ ਹੈ ਤੇ ਜਾਂਚ ’ਚ ਹਾਜ਼ਰ ਹੋਇਆ ਹੈ। ਉਸ ਦੇ ਖਾਤੇ ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ 27 ਹਜ਼ਾਰ ਰੁਪਏ ਆਨਲਾਈਨ ਟ੍ਰਾਂਸਫਰ ਹੋਏ ਸਨ। ਹੁਣ ਉਸ ਨੂੰ ਜਾਂਚ ’ਚ ਸ਼ਾਮਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।