ਐੱਲਪੀਜੀ ਗੈਸ ਨਾਲ ਚੱਲਣ ਵਾਲਾ ਆਊਟਡੋਰ ਹੀਟਰ, ਪ੍ਰਤੀ ਘੰਟਾ 500 ਤੋਂ 600 ਗ੍ਰਾਮ ਗੈਸ ਦੀ ਖਪਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਾਣਾ ਮੰਡੀ ’ਚ ਲੱਗੀ ਮਸ਼ੀਨੇਕਸ ਐਕਸਪੋ ਦੇ ਦੂਜੇ ਦਿਨ ਵੀ ਵਿਜ਼ਟਰਾਂ ਤੇ ਖਰੀਦਦਾਰਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਹਰ ਕਿਸੇ ਨੇ ਸਟਾਲਾਂ ’ਤੇ ਪ੍ਰਦਰਸ਼ਿਤ ਉਤਪਾਦਾਂ ਬਾਰੇ ਜਾਣਕਾਰੀ ਹਾਸਲ ਕੀਤੀ। ਹਰ ਉਦਯੋਗ ਵੱਲੋਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਉਤਪਾਦ ਤਿਆਰ ਕੀਤੇ ਗਏ ਹਨ। ਕੁਝ ਉਤਪਾਦ ਘਰੇਲੂ ਵਰਤੋਂ ਲਈ ਵੀ ਉਪਯੋਗੀ ਹਨ। ਇਸ ਮੌਕੇ ਉਦਯੋਗਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਵੀ ਐਕਸਪੋ ’ਚ ਹਿੱਸਾ ਲਿਆ। ਐਕਸਪੋ ’ਚ ਲੱਗੀਆਂ ਆਟੋਮੇਸ਼ਨ ਤੇ ਮਸ਼ੀਨ ਟੂਲਜ਼ ਸਬੰਧੀ ਮਸ਼ੀਨਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਕਈ ਉਦਯੋਗਾਂ ਦੇ ਉਤਪਾਦ ਵਿਜ਼ਟਰਾਂ ਤੇ ਖਰੀਦਦਾਰਾਂ ਨੂੰ ਕਾਫੀ ਪਸੰਦ ਆਏ। ਹਰ ਸਟਾਲ ’ਤੇ ਖਰੀਦਦਾਰਾਂ ਵੱਲੋਂ ਪੁੱਛਗਿੱਛ ਕੀਤੀ ਗਈ। ਕਿਸੇ ਨੇ ਆਊਟਡੋਰ ਹੀਟਰ ਤਿਆਰ ਕੀਤਾ ਤਾਂ ਕਿਸੇ ਨੇ ਪੈਕੇਜਿੰਗ ਮਸ਼ੀਨ ਜਾਂ ਇਕੋ-ਫ੍ਰੈਂਡਲੀ ਪੇਂਟ ਤਿਆਰ ਕੀਤਾ, ਜਿਸ ’ਚ ਕਿਸੇ ਵੀ ਕਿਸਮ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਗਈ।
-------------------
ਲੁਧਿਆਣਾ ਦੀ ਏਅਰ ਸਮਰਾਟ ਕੰਪਨੀ ਵੱਲੋਂ ਆਊਟਡੋਰ ਹੀਟਰ ਤਿਆਰ ਕੀਤਾ ਗਿਆ ਹੈ। ਇਸ ਹੀਟਰ ਦੀ ਖਾਸੀਅਤ ਇਹ ਹੈ ਕਿ ਇਹ ਐੱਲਪੀਜੀ ਸਿਲੰਡਰ ਨਾਲ ਚੱਲਦਾ ਹੈ। ਪ੍ਰਤੀ ਘੰਟਾ 500 ਤੋਂ 600 ਗ੍ਰਾਮ ਤੱਕ ਗੈਸ ਦੀ ਖਪਤ ਹੁੰਦੀ ਹੈ। ਇਹ ਹੀਟਰ 10 ਫੁੱਟ ਤੋਂ ਵੱਧ ਲੰਬਾ ਹੈ। ਇਸ ਦੇ ਵਿਚਕਾਰ ਲੰਬਾਈ ’ਚ ਗੋਲਾਕਾਰ ਕੱਚ ਲਗਾਇਆ ਗਿਆ ਹੈ, ਜਿਸ ਦੇ ਅੰਦਰੋਂ ਅੱਗ ਨਿਕਲਦੀ ਹੈ। ਅੱਗ ਨਿਕਲਦੇ ਹੀ ਹੀਟਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਇਕੋ-ਫ੍ਰੈਂਡਲੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਕਰਦਾ। ਹੀਟਰ ਲੋਹੇ ਦੀ ਸ਼ੀਟ ਨਾਲ ਤਿਆਰ ਕੀਤਾ ਗਿਆ ਹੈ, ਜਿਸਨੂੰ ਖਰੀਦਦਾਰਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਕੰਪਨੀ ਦੇ ਐੱਮਡੀ ਵਰੁਣ ਗੁਪਤਾ ਨੇ ਦੱਸਿਆ ਕਿ ਇਸ ਹੀਟਰ ਦੀ ਕੀਮਤ 13 ਹਜ਼ਾਰ ਰੁਪਏ ਰੱਖੀ ਗਈ ਹੈ। ਦੋ ਤੋਂ ਚਾਰ ਮਿੰਟਾਂ ’ਚ ਹੀਟਰ ਗਰਮ ਹੋ ਜਾਂਦਾ ਹੈ ਤੇ ਬਾਹਰ ਬੈਠੇ ਲੋਕਾਂ ਨੂੰ ਗਰਮੀ ਦੇਣੀ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਕਿਸੇ ਵੀ ਕਿਸਮ ਦਾ ਪ੍ਰਦੂਸ਼ਣ ਨਹੀਂ ਫੈਲਦਾ।
---------------------
ਜਲੰਧਰ ਦੀ ਜੈਨਸਨ ਇੰਟਰਪ੍ਰਾਈਜ਼ਿਜ਼ ਇੰਡੀਆ ਵੱਲੋਂ ਸਟ੍ਰੈਚ ਰੈਪਿੰਗ ਤੇ ਸ਼੍ਰਿੰਕ ਟਨਲ ਮਸ਼ੀਨਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਮਸ਼ੀਨਾਂ ਨਾਲ ਪਲਾਸਟਿਕ ਪੈਕੇਜਿੰਗ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ। ਵਾਤਾਵਰਨ ਦੀ ਸੰਭਾਲ ਨੂੰ ਧਿਆਨ ’ਚ ਰੱਖਦੇ ਹੋਏ ਰੀਸਾਈਕਲ ਪਲਾਸਟਿਕ ਪੈਕੇਜਿੰਗ ਕੀਤੀ ਜਾਂਦੀ ਹੈ, ਜਿਸਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ। ਇਕ ਮਸ਼ੀਨ ’ਤੇ ਸਿਰਫ਼ ਇਕ ਕਰਮਚਾਰੀ ਕੰਮ ਕਰਦਾ ਹੈ ਤੇ ਪੰਜ ਕਰਮਚਾਰੀਆਂ ਦਾ ਕੰਮ ਇਕ ਮਸ਼ੀਨ ਕਰ ਦਿੰਦੀ ਹੈ। ਕੰਪਨੀ ਦੇ ਮਾਲਕ ਵਿਨੀਤ ਜੈਨ, ਸੁਦੀਪ ਜੈਨ ਤੇ ਸੁਗਮ ਜੈਨ ਨੇ ਦੱਸਿਆ ਕਿ ਪੂਰੇ ਦੇਸ਼ ’ਚ ਰੀਸਾਈਕਲ ਪਲਾਸਟਿਕ ਪੈਕੇਜਿੰਗ ਤਿਆਰ ਕੀਤੀ ਜਾਂਦੀ ਹੈ। ਕੰਪਨੀ ਅਜਿਹੇ ਉਤਪਾਦ ਤਿਆਰ ਕਰ ਰਹੀ ਹੈ, ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦੇ।
--------------------------
ਰੋਬੋਟਿਕਸ ਵੈਲਡਿੰਗ ਮਸ਼ੀਨ ਵੀ ਬਣੀ ਖਿੱਚ ਦਾ ਕੇਂਦਰ
ਐਕਸਪੋ ’ਚ ਪ੍ਰਦਰਸ਼ਿਤ ਰੋਬੋਟਿਕਸ ਵੈਲਡਿੰਗ ਮਸ਼ੀਨ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਮਸ਼ੀਨ ਰਾਹੀਂ ਆਟੋ ਪਾਰਟਸ, ਟ੍ਰੈਕਟਰ ਪਾਰਟਸ, ਖੇਤੀਬਾੜੀ ਸਾਜ਼ੋ-ਸਮਾਨ ਤੇ ਸਕੈਫੋਲਡਿੰਗ ਦੀ ਵੈਲਡਿੰਗ ਸਿਰਫ਼ ਇਕ ਮਿੰਟ ’ਚ ਹੋ ਜਾਂਦੀ ਹੈ। ਜੋ ਕੰਮ ਤਿੰਨ ਮਿੰਟ ’ਚ ਹੁੰਦਾ ਸੀ, ਉਹ ਹੁਣ ਸਿਰਫ਼ ਇਕ ਮਿੰਟ ’ਚ ਹੋ ਜਾਂਦਾ ਹੈ। ਇਹ ਮਸ਼ੀਨ ਪੰਜ ਲੋਕਾਂ ਦਾ ਕੰਮ ਇਕੱਲੀ ਕਰ ਦਿੰਦੀ ਹੈ। ਕੰਪਨੀ ਦੇ ਗੌਰਵ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੀ ਕੀਮਤ 15 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਨਾਲ ਉਤਪਾਦਾਂ ਦੀ ਵੈਲਡਿੰਗ ਤੇਜ਼ੀ ਨਾਲ ਹੋ ਜਾਂਦੀ ਹੈ ਤੇ ਉਤਪਾਦਨ ’ਚ ਵੀ ਦੇਰੀ ਨਹੀਂ ਹੁੰਦੀ।