‘ਕੰਨਿਆ ਬਚਾਓ ਮੁਹਿੰਮ’ ਤਹਿਤ ਮਨਾਈ ਲੋਹੜੀ
ਬਿਧੀਪੁਰ ਆਸ਼ਰਮ ਵਿਖੇ “ਕੰਨਿਆ ਬਚਾਓ ਅਭਿਆਨ” ਅਧੀਨ ਲੋਹੜੀ ਮਨਾਈ
Publish Date: Wed, 14 Jan 2026 06:26 PM (IST)
Updated Date: Wed, 14 Jan 2026 06:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਿਧੀਪੁਰ ਆਸ਼ਰਮ ਵਿਖੇ ਦਿਵਿਆ ਜਿਓਤੀ ਜਾਗ੍ਰਤੀ ਸੰਸਥਾਨ ਵੱਲੋਂ ‘ਕੰਨਿਆ ਬਚਾਓ ਮੁਹਿੰਮ’ ਤਹਿਤ ਲੋਹੜੀ ਦਾ ਵਿਸ਼ੇਸ਼ ਪ੍ਰੋਗਰਾਮ ਮਨਾਇਆ। ਇਸ ਮੌਕੇ ਸਾਧਵੀ ਪੱਲਵੀ ਭਾਰਤੀ ਨੇ ਲੋਹੜੀ ਦੇ ਤਿਉਹਾਰ ਨਾਲ ਜੁੜੀਆਂ ਅਧਿਆਤਮਿਕ ਤੇ ਸਮਾਜਿਕ ਮਹੱਤਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਸਾਧਵੀ ਪੱਲਵੀ ਭਾਰਤੀ ਨੇ ਕਿਹਾ ਕਿ ਅੱਜ ਦੇ ਸਮਾਜ ’ਚ ਕੰਨਿਆ ਭਰੂਣ ਹੱਤਿਆ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਪੜ੍ਹੇ-ਲਿਖੇ ਤੇ ਸੱਭਿਆਚਾਰਕ ਕਹੇ ਜਾਣ ਵਾਲੇ ਲੋਕ ਵੀ ਇਸ ਅਪਰਾਧ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਮਨੁੱਖੀ ਸਮਾਜ ਦੇ ਮੱਥੇ ’ਤੇ ਇਕ ਕਾਲਾ ਧੱਬਾ ਹੈ, ਜੋ ਸਮਾਜਿਕ ਅਸੰਤੁਲਨ ਤੇ ਅਪਰਾਧਿਕ ਬਿਰਤੀਆਂ ਨੂੰ ਜਨਮ ਦੇ ਰਿਹਾ ਹੈ। ਉਨ੍ਹਾਂ ਨੇ ਇਸ ਬੁਰਾਈ ਦੇ ਮੁੱਖ ਕਾਰਨ ਵਜੋਂ ਲੋਕਾਂ ਦੀ ਅਗਿਆਨਤਾ ਨੂੰ ਦੱਸਿਆ। ਸਾਧਵੀ ਨੇ ਕਿਹਾ ਕਿ ਅਜੇ ਵੀ ਕਈ ਲੋਕ ਇਹ ਸੋਚਦੇ ਹਨ ਕਿ ਸਿਰਫ਼ ਪੁੱਤਰ ਹੀ ਕੁਲ ਦਾ ਨਾਂ ਰੌਸ਼ਨ ਕਰਦਾ ਹੈ, ਜਦਕਿ ਇਤਿਹਾਸ ਤੇ ਵਰਤਮਾਨ ਸਮੇਂ ’ਚ ਅਜਿਹੀਆਂ ਅਣਗਿਣਤ ਉਦਾਹਰਣਾਂ ਹਨ, ਜਿੱਥੇ ਧੀਆਂ ਨੇ ਹੀ ਪਰਿਵਾਰ ਤੇ ਸਮਾਜ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਭਰਮ ਵੀ ਦੂਰ ਕੀਤਾ ਕਿ ਮੋਕਸ਼ ਸਿਰਫ਼ ਪੁੱਤਰਾਂ ਰਾਹੀਂ ਹੀ ਮਿਲ ਸਕਦਾ ਹੈ, ਸਗੋਂ ਚੰਗੇ ਕਰਮ ਤੇ ਸ਼ੁਭ ਆਚਰਨ ਹੀ ਮੋਖਸ਼ ਦਾ ਮਾਰਗ ਹਨ। ਸਾਧਵੀ ਨੇ ਜ਼ੋਰ ਦੇ ਕੇ ਕਿਹਾ ਕਿ ਪੁੱਤਰ-ਪੁੱਤਰੀ ’ਚ ਭੇਦ ਕਰਨ ਵਾਲੀ ਮਾਨਸਿਕਤਾ ਨੂੰ ਬਦਲਣਾ ਅਤਿ ਜ਼ਰੂਰੀ ਹੈ, ਜੋ ਸਿਰਫ਼ ਸਜ਼ਾਵਾਂ ਜਾਂ ਉਪਦੇਸ਼ਾਂ ਨਾਲ ਨਹੀਂ, ਸਗੋਂ ਅੰਦਰੂਨੀ ਆਤਮਕ ਪ੍ਰਕਾਸ਼ ‘ਭਰਗੋ ਜਿਓਤੀ’ ਦੇ ਦਰਸ਼ਨ ਨਾਲ ਹੀ ਸੰਭਵ ਹੈ। ਇਸ ਮੌਕੇ ਸਾਧਵੀ ਜਗਦੀਸ਼ਾ ਭਾਰਤੀ, ਸਾਧਵੀ ਰੀਤਾ ਭਾਰਤੀ, ਸਾਧਵੀ ਤ੍ਰਿਨੇਨਾ ਭਾਰਤੀ, ਸਾਧਵੀ ਸ਼ਸ਼ੀ ਪ੍ਰਭਾ ਭਾਰਤੀ, ਸਾਧਵੀ ਵਸੁਧਾ ਭਾਰਤੀ, ਸਾਧਵੀ ਸੁਖਬੀਰ ਭਾਰਤੀ ਤੇ ਸਾਧਵੀ ਰੀਨਾ ਭਾਰਤੀ ਵੱਲੋਂ ਭਜਨ ਗਾਇਨ ਕੀਤਾ ਗਿਆ।