ਲੱਧੇਵਾਲੀ ਆਰਓਬੀ ਤੋਂ ਹਾਈਟੈਂਸ਼ਨ ਤਾਰਾਂ ਦੀ ਸਮੱਸਿਆ ਹੋਵੇਗੀ ਖਤਮ
ਜਾਸ, ਜਲੰਧਰ : ਲੱਧੇਵਾਲੀ
Publish Date: Thu, 20 Nov 2025 11:31 PM (IST)
Updated Date: Thu, 20 Nov 2025 11:34 PM (IST)

ਜਾਸ, ਜਲੰਧਰ : ਲੱਧੇਵਾਲੀ ਰੇਲਵੇ ਓਵਰ ਬ੍ਰਿਜ (ਆਰਓਬੀ) ਦੇ ਨਿਰਮਾਣ ਤੋਂ ਬਾਅਦ ਉੱਪਰੋਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਕਾਰਨ ਬਣਿਆ ਖ਼ਤਰਾ ਤੇ ਟ੍ਰੈਫਿਕ ਸਮੱਸਿਆ ਹਾਲੇ ਵੀ ਜਾਰੀ ਹੈ। ਇਸ ਦਾ ਕਾਰਨ ਇਹ ਹੈ ਕਿ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਵੀ) ਨੂੰ ਆਪਣੀਆਂ 220 ਕੇਵੀ ਦੀਆਂ ਤਾਰਾਂ ਨੂੰ ਉੱਚਾ ਕਰਨ ਲਈ ਟਾਵਰ ਲਾਉਣ ਲਈ ਥਾਂ ਨਹੀਂ ਮਿਲ ਰਹੀ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਬੀਬੀਐੱਮਵੀ ਨੂੰ ਥਾਂ ਮੁਹੱਈਆ ਕਰਨ ਦੇ ਯਤਨਾਂ ’ਚ ਲੱਗਾ ਹੋਇਆ ਹੈ, ਜਿਸ ਤੋਂ ਬਾਅਦ ਹੀ ਓਵਰ ਬ੍ਰਿਜ ਉੱਪਰੋਂ ਲੰਘਦੀਆਂ ਤਾਰਾਂ ਦੀ ਸਮੱਸਿਆ ਦਾ ਹੱਲ ਹੋ ਸਕੇਗਾ। ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਸ਼ੁਰੂ ਹੋਇਆ ਇਹ ਰੇਲ ਓਵਰ ਬ੍ਰਿਜ ‘ਆਪ’ ਸਰਕਾਰ ਦੇ ਸ਼ਾਸਨਕਾਲ ’ਚ ਤਿਆਰ ਹੋਇਆ ਸੀ ਪਰ ਤਜਵੀਜ਼ਸ਼ੁਦਾ ਉਦਘਾਟਨ ਦੇ ਦਿਨ ਹੀ ਬੀਬੀਐੱਮਵੀ ਨੇ ਇਕ ਪੱਤਰ ਜਾਰੀ ਕੀਤਾ, ਜਿਸ ’ਚ ਓਵਰ ਬ੍ਰਿਜ ਦੇ ਉਪਰੋਂ ਲੰਘਦੀਆਂ 220 ਕੇਵੀ ਤਾਰਾਂ ਕਾਰਨ ਓਵਰ ਬ੍ਰਿਜ ਤੋਂ ਟ੍ਰੈਫਿਕ ਦੀ ਆਵਾਜਾਈ ਲਈ ਮਨਾਹੀ ਕਰ ਦਿੱਤੀ ਸੀ। ਪੁਲ ਤਿਆਰ ਹੋਣ ਦੇ ਤਿੰਨ ਮਹੀਨੇ ਬਾਅਦ ਤੱਕ ਬੰਦ ਰਿਹਾ। ਬਾਅਦ ਵਿਚ ਸਥਾਨਕ ਕਾਲੋਨੀ ਦੇ ਲੋਕਾਂ ਤੇ ਵਿਰੋਧੀ ਧਿਰ ਦੇ ਦਬਾਅ ਕਾਰਨ ਵਿਧਾਇਕ ਰਮਨ ਅਰੋੜਾ ਨੇ ਫਰਵਰੀ 2024 ’ਚ ਸਥਾਨਕ ਲੋਕਾਂ ਨਾਲ ਓਵਰ ਬ੍ਰਿਜ ਤੋਂ ਟ੍ਰੈਫਿਕ ਦੀ ਆਵਾਜਾਈ ਸ਼ੁਰੂ ਕਰਵਾ ਦਿੱਤੀ। ਪਹਿਲਾਂ ਦੋ ਪਹੀਆ ਵਾਹਨਾਂ ਤੇ ਫਿਰ ਕੁਝ ਸਮੇਂ ਬਾਅਦ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ। ਉਹ ਵੀ ਇਸ ਸ਼ਰਤ ’ਤੇ ਕਿ ਓਵਰ ਬ੍ਰਿਜ ਦੇ ਦੋਵੇਂ ਪਾਸੇ ਐਂਟਰੀ ਅਤੇ ਐਗਜ਼ਿਟ ਪੁਆਇੰਟ ’ਤੇ ਗਾਡਰ ਲਾ ਦਿੱਤਾ ਗਿਆ ਤਾਂ ਜੋ ਭਾਰੀ ਤੇ ਉੱਚੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇ। ਨਾਲ ਹੀ ਓਵਰ ਬ੍ਰਿਜ ਤੇ ਹਾਈਟੈਂਸ਼ਨ ਤਾਰਾਂ ਦੇ ਠੀਕ ਹੇਠਾਂ ਵਾਲੀ ਸੜਕ ਤੇ ਵੀ ਇਕ ਲੇਨ ਪੱਕੇ ਤੌਰ ’ਤੇ ਬੰਦ ਕਰ ਦਿੱਤੀ ਗਈ। ਇਹ ਸਿਲਸਿਲਾ ਹਾਲੇ ਤੱਕ ਜਾਰੀ ਹੈ, ਜਿਸ ਨੂੰ ਦੂਰ ਕਰਨ ਲਈ ਹਾਲ ਹੀ ਵਿਚ ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਨੇ ਆਪਣੇ ਪੱਧਰ ਤੇ ਯਤਨ ਸ਼ੁਰੂ ਕੀਤੇ ਪਰ ਇੰਜੀਨੀਅਰਿੰਗ ਮਾਹਿਰਾਂ ਨੇ ਪਹਿਲੀ ਨਜ਼ਰੇ ਉਨ੍ਹਾਂ ਦੇ ਸੁਝਾਅ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਸ ’ਚ ਨਿਤਿਨ ਕੋਹਲੀ ਹਾਈਟੈਂਸ਼ਨ ਤਾਰਾਂ ਵਾਲੇ ਓਵਰ ਬ੍ਰਿਜ ਦੇ ਹਿੱਸੇ ਨੂੰ ਕੱਟ ਕੇ ਉਸ ਦੀ ਉੱਚਾਈ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। --- ਨਵਾਂ ਟਾਵਰ ਲਾ ਕੇ ਹਾਈਟੈਂਸ਼ਨ ਤਾਰਾਂ ਕੀਤੀਆਂ ਜਾਣਗੀਆਂ ਉੱਚੀਆਂ ਓਵਰ ਬ੍ਰਿਜ ਤੋਂ ਵਾਹਨਾਂ ਦੀ ਸੁਰੱਖਿਅਤ ਆਵਾਜਾਈ ਲਈ ਹਾਈਟੈਂਸ਼ਨ ਤਾਰਾਂ ਨੂੰ ਉੱਚਾ ਕਰਨ ਦੀ ਤਜਵੀਜ਼ ਪਹਿਲਾਂ ਹੀ ਮੌਜੂਦ ਹੈ। ਇਸ ਲਈ ਓਵਰ ਬ੍ਰਿਜ ਦਾ ਨਿਰਮਾਣ ਕਰਨ ਵਾਲੇ ਲੋਕ ਨਿਰਮਾਣ ਵਿਭਾਗ ਨੇ ਬੀਬੀਐੱਮਵੀ ਨੂੰ ਲਗਪਗ 50 ਲੱਖ ਰੁਪਏ ਦਾ ਫੰਡ ਟ੍ਰਾਂਸਫਰ ਕੀਤਾ ਸੀ ਪਰ ਨਵੇਂ ਟਾਵਰ ਦੀ ਜਗ੍ਹਾ ਨਾ ਮਿਲਣ ਕਾਰਨ ਕੰਮ ਅੱਗੇ ਨਹੀਂ ਵਧ ਸਕਿਆ। ਨਵੇਂ ਟਾਵਰ ’ਤੇ ਤਾਰਾਂ ਨੂੰ ਉੱਪਰ ਕਰਨ ਮਗਰੋਂ ਓਵਰ ਬ੍ਰਿਜ ਤੋਂ ਲੰਘਣ ਵਾਲੇ ਵਾਹਨ ਸੁਰੱਖਿਅਤ ਹੋ ਜਾਣਗੇ। --- ਟਾਵਰ ਲਈ ਛੇਤੀ ਉਪਲੱਬਧ ਕਰਵਾਈ ਜਾਵੇਗੀ ਜ਼ਮੀਨ : ਡੀਸੀ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੀਬੀਐੱਮਵੀ ਨੇ ਹਾਈਟੈਂਸ਼ਨ ਤਾਰਾਂ ਨੂੰ ਉੱਚਾ ਕਰਨ ਲਈ ਨਵਾਂ ਟਾਵਰ ਲਾਉਣਾ ਹੈ, ਜਿਸ ਲਈ ਜ਼ਮੀਨ ਉਪਲੱਬਧ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਖ-ਵੱਖ ਪੱਧਰਾਂ ’ਤੇ ਯਤਨ ਕਰ ਰਿਹਾ ਹੈ ਕਿ ਲੁੜੀਂਦੀ ਜਗ੍ਹਾ ਮਿਲ ਜਾਵੇ ਤਾਂ ਜੋ ਉਥੇ ਟਾਵਰ ਲਾ ਕੇ ਬੀਬੀਐੱਮਵੀ ਹਾਈਟੇੰਸ਼ਨ ਤਾਰਾਂ ਨੂੰ ਉੱਚਾ ਕਰਨ ਦਾ ਕੰਮ ਛੇਤੀ ਕਰ ਸਕੇ ਤੇ ਓਵਰ ਬ੍ਰਿਜ ਸੁਰੱਖਿਅਤ ਹੋਣ ਦੇ ਨਾਲ ਉਸ ਉੱਪਰੋਂ ਹੈਵੀ ਤੇ ਉੱਚੇ ਵਾਹਨਾਂ ਦੀ ਵੀ ਆਵਾਜਾਈ ਹੋ ਸਕੇ।