ਦੋਆਬੇ ਦੀ ਸਭ ਤੋਂ ਵੱਡੀ ਹੋਲਸੇਲ ਦਵਾਈ ਮਾਰਕੀਟ ’ਚ ਜਨਤਕ ਪਖਾਨਿਆਂ ਦੀ ਕਮੀ

-ਹੋਲਸੇਲ ਦਵਾਈ ਮਾਰਕੀਟ ’ਚ ਜਨਤਕ ਪਖਾਨੇ ਨਾ ਹੋਣ ਕਾਰਨ ਲੋਕ ਪਰੇਸ਼ਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਲਸੇਲ ਦਵਾਈਆਂ ਦੀ ਪ੍ਰਮੁੱਖ ਮਾਰਕੀਟ ਦਿਲਕੁਸ਼ਾ ਮਾਰਕੀਟ ’ਚ ਜਨਤਕ ਪਖਾਨਿਆਂ ਦੀ ਸੁਵਿਧਾ ਨਾ ਹੋਣ ਕਾਰਨ ਦੁਕਾਨਦਾਰਾਂ, ਕਰਮਚਾਰੀਆਂ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਗਾਹਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਔਰਤਾਂ, ਬਜ਼ੁਰਗਾਂ ਤੇ ਬਾਹਰਲੇ ਵਪਾਰੀਆਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਬਣੀ ਹੋਈ ਹੈ। ਮਾਰਕੀਟ ਤੋਂ ਬਾਹਰ ਕੁਝ ਸਾਲ ਪਹਿਲਾਂ ਨਗਰ ਨਿਗਮ ਵੱਲੋਂ ਪਖਾਨਾ ਬਣਾਇਆ ਗਿਆ ਸੀ ਪਰ ਉੱਥੇ ਗੰਦਗੀ ਦਾ ਮਾਹੌਲ ਬਣਿਆ ਰਹਿੰਦਾ ਹੈ ਤੇ ਅਕਸਰ ਸਮੇਂ ਇਹ ਬੰਦ ਹੀ ਰਹਿੰਦਾ ਹੈ। ਉੱਥੇ ਤਾਇਨਾਤ ਕਰਮਚਾਰੀ ਦੀ ਮਨਮਰਜ਼ੀ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਮਾਰਕੀਟ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਜਨਤਕ ਪਖਾਨਿਆਂ ਦਾ ਨਿਰਮਾਣ ਕਰਵਾਇਆ ਜਾਵੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਟੈਕਸ ਇਸ ਮਾਰਕੀਟ ਵੱਲੋਂ ਦਿੱਤਾ ਜਾਂਦਾ ਹੈ ਪਰ ਸੁਵਿਧਾਵਾਂ ਨਾਮਾਤਰ ਹਨ। ਨਗਰ ਨਿਗਮ ਤੇ ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਮਾਰਕੀਟ ’ਚ ਜਨਤਕ ਪਖਾਨੇ ਬਣਾਏ ਜਾਣ ਤਾਂ ਨਾ ਸਿਰਫ਼ ਵਪਾਰੀਆਂ ਤੇ ਗਾਹਕਾਂ ਨੂੰ ਰਾਹਤ ਮਿਲੇਗੀ, ਸਗੋਂ ਇਲਾਕੇ ਦੀ ਸਫਾਈ ਪ੍ਰਣਾਲੀ ਵੀ ਬਿਹਤਰ ਹੋਵੇਗੀ। ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਸ੍ਰੀਕ੍ਰਿਸ਼ਨ ਨੇ ਕਿਹਾ ਕਿ ਇਸ ਸਬੰਧੀ ਮਾਰਕੀਟ ਵੱਲੋਂ ਕੋਈ ਮੰਗ ਨਹੀਂ ਆਈ ਹੈ। ਮੰਗ ਆਉਣ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ’ਚ ਮਾਮਲਾ ਰੱਖਿਆ ਜਾਵੇਗਾ ਤੇ ਜਲਦੀ ਹੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਾਰਕੀਟ ’ਚ ਕੰਮ ਕਰਨ ਵਾਲੇ ਦੁਕਾਨਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਫੀ ਬਜ਼ੁਰਗ ਹਨ। ਉਨ੍ਹਾਂ ਵਾਂਗ ਹੋਰ ਵੀ ਕਈ ਬਜ਼ੁਰਗ ਮਾਰਕੀਟ ’ਚ ਦਵਾਈ ਲੈਣ ਜਾਂ ਨਿੱਜੀ ਕੰਮ ਲਈ ਆਉਂਦੇ ਹਨ। ਵਧਦੀ ਉਮਰ ਨਾਲ ਪਖਾਨਾ ਜਾਣ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਸਰਦੀ ਦੇ ਮੌਸਮ ’ਚ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਅਜਿਹੇ ’ਚ ਪਖਾਨੇ ਲਈ ਮਾਰਕੀਟ ਤੋਂ ਦੂਰ ਪੈਦਲ ਜਾਣਾ ਪੈਂਦਾ ਹੈ। ਹੋਲਸੇਲ ਦਵਾਈ ਵਿਕਰੇਤਾ ਸਿਮਰਜੀਤ ਸਿੰਘ ਨੇ ਕਿਹਾ ਕਿ ਇੱਥੇ ਰੋਜ਼ਾਨਾ ਸੈਂਕੜੇ ਲੋਕ ਦਵਾਈਆਂ ਦੀ ਖਰੀਦ-ਫਰੋਖਤ ਲਈ ਆਉਂਦੇ ਹਨ ਪਰ ਜਨਤਕ ਪਖਾਨਿਆਂ ਦੀ ਕੋਈ ਵੀ ਵਿਵਸਥਾ ਨਹੀਂ ਹੈ। ਮਜਬੂਰੀ ’ਚ ਲੋਕਾਂ ਨੂੰ ਨੇੜਲੀਆਂ ਗਲੀਆਂ ਜਾਂ ਨਿੱਜੀ ਅਦਾਰਿਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਸ ਨਾਲ ਅਸੁਵਿਧਾ ਦੇ ਨਾਲ-ਨਾਲ ਸਫਾਈ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਹੋਲਸੇਲ ਦਵਾਈ ਵਿਕਰੇਤਾ ਸੰਦੀਪ ਚੁੱਘ ਨੇ ਦੱਸਿਆ ਕਿ ਉਹ ਸਵੇਰ ਤੋਂ ਸ਼ਾਮ ਤੱਕ ਦੁਕਾਨ ’ਤੇ ਰਹਿੰਦੇ ਹਨ। ਕਈ ਵਾਰ ਗਾਹਕ ਵੀ ਪਖਾਨੇ ਬਾਰੇ ਪੁੱਛਦੇ ਹਨ ਪਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਤੇ ਸ਼ਰਮਿੰਦਾ ਹੋਣਾ ਪੈਂਦਾ ਹੈ। ਦਵਾਈ ਵਪਾਰੀ ਅਮਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਇਕ ਵੱਡਾ ਵਪਾਰਕ ਕੇਂਦਰ ਹੈ। ਇੰਨੀ ਵੱਡੀ ਦਵਾਈ ਮੰਡੀ ’ਚ ਸੁਵਿਧਾਜਨਕ ਪਖਾਨਿਆਂ ਦਾ ਨਾ ਹੋਣਾ ਸਮਝ ਤੋਂ ਪਰੇ ਹੈ। ਨਗਰ ਨਿਗਮ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਹੋਲਸੇਲ ਦਵਾਈ ਵਿਕਰੇਤਾ ਪੁਨੀਤ ਖੰਨਾ ਨੇ ਕਿਹਾ ਕਿ ਮਹਿਲਾ ਮੁਲਾਜ਼ਮਾਂ ਤੇ ਦਵਾਈਆਂ ਦੀ ਖਰੀਦ ਲਈ ਆਉਣ ਵਾਲੀਆਂ ਔਰਤਾਂ ਨੂੰ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਖਾਨਿਆਂ ਦੀ ਕਮੀ ਕਾਰਨ ਉਨ੍ਹਾਂ ਨੂੰ ਕਈ ਵਾਰ ਲੰਮੇ ਸਮੇਂ ਤੱਕ ਅਣਸੁਖਾਵੇਂ ਹਾਲਾਤ ’ਚ ਕੰਮ ਕਰਨਾ ਪੈਂਦਾ ਹੈ। ਦਵਾਈ ਵਪਾਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਮਾਰਕੀਟ ਤੋਂ ਬਾਹਰ ਪਖਾਨਾ ਮੌਜੂਦ ਹੈ ਪਰ ਉੱਥੇ ਗੰਦਗੀ ਦਾ ਬੁਰਾ ਹਾਲ ਹੈ। ਉੱਥੇ ਤਾਇਨਾਤ ਮੁਲਾਜ਼ਮ ਵੀ ਮਨਮਾਨੀ ਕਰਦਾ ਹੈ। ਵਾਰ-ਵਾਰ ਪਖਾਨਿਆਂ ਵਰਤਣ ਲਈ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਹਨ ਤੇ ਸਫਾਈ ਦੀ ਕਮੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ।