ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਸਮਾਨਤਾ ਦੀ ਵਕਾਲਤ ਕੀਤੀ
ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਸਮਾਨਤਾ ਦੀ ਵਕਾਲਤ ਕੀਤੀ, ਸੰਸਥਾ ਨੇ ਮਨਾਇਆ ਮਨੁੱਖੀ ਅਧਿਕਾਰ ਦਿਵਸ
Publish Date: Wed, 10 Dec 2025 06:46 PM (IST)
Updated Date: Wed, 10 Dec 2025 06:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਵਿਖੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਰਾਜਨੀਤੀ ਵਿਗਿਆਨ ਵਿਭਾਗ ਨੇ ਮਨੁੱਖੀ ਅਧਿਕਾਰ ਵਿਭਾਗ, ਐੱਨਐੱਸਐੱਸ ਯੂਨਿਟ, ਵਿਦਿਆਰਥੀ ਭਲਾਈ ਵਿਭਾਗ ਤੇ ਉੱਨਤ ਭਾਰਤ ਅਭਿਆਨ ਦੀਆਂ ਸਵੈ-ਸੇਵੀ ਵਿਦਿਆਰਥਣਾਂ ਦੇ ਸਹਿਯੋਗ ਨਾਲ ਇਸ ਸਮਾਰੋਹ ’ਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਸਾਲ 2025 ਲਈ ਮਨੁੱਖੀ ਅਧਿਕਾਰ ਦਿਵਸ ਦਾ ਵਿਸ਼ਾ ਮਨੁੱਖੀ ਅਧਿਕਾਰ, ਸਾਡੀਆਂ ਰੋਜ਼ਾਨਾ ਦੀਆਂ ਲੋੜਾਂ ਸੀ। ਵਿਦਿਆਰਥਣਾਂ ਨੇ ਆਪਣੇ ਤੇ ਦੂਜਿਆਂ ਦੇ ਅਧਿਕਾਰਾਂ ਲਈ ਖੜ੍ਹੇ ਹੋਣ, ਮਨੁੱਖਤਾ ਦੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਤੇ ਸਥਾਨਕ ਪੱਧਰ ਤੋਂ ਲੈ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਵਿਤਕਰੇ, ਵੰਡ, ਬੇਭਰੋਸਗੀ, ਅਸਹਿਣਸ਼ੀਲਤਾ ਤੇ ਨਫ਼ਰਤ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ, ਸਮਾਰੋਹ ਦੌਰਾਨ ਨਾਅਰਾ ਲੇਖਣ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਪ੍ਰੋ. ਅਤਿਮਾ ਸ਼ਰਮਾ ਦਵੇਦੀ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨ ਤੇ ਆਪਣੇ ਕਰਤੱਵਾਂ ਦਾ ਪੂਰੀ ਇਮਾਨਦਾਰੀ ਨਾਲ ਪਾਲਣ ਕਰਨ ਨਾਲ ਸੰਯੁਕਤ ਰਾਸ਼ਟਰ ਵੱਲੋਂ ਦਿੱਤੀ ਗਈ ਮਨੁੱਖੀ ਅਧਿਕਾਰਾਂ ਦੀ ਸਰਬ ਵਿਆਪੀ ਘੋਸ਼ਣਾ ਤੇ ਭਾਰਤੀ ਸੰਵਿਧਾਨ ’ਚ ਦਿੱਤੇ ਗਏ ਸਬੰਧਤ ਅਧਿਕਾਰਾਂ ਨੂੰ ਪ੍ਰਸੰਗਿਕਤਾ ਮਿਲੇਗੀ। ਉੱਨਤ ਭਾਰਤ ਅਭਿਆਨ ਦੀਆਂ ਵਿਦਿਆਰਥੀ ਸਵੈ-ਸੇਵਕਾਂ ਨੇ, ਜੋ ਗੋਦ ਲਏ ਗਏ ਪਿੰਡਾਂ ’ਚ ਰਹਿੰਦੀਆਂ ਹਨ, ਨੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਪਹਿਲ ਕੀਤੀ। ਪ੍ਰੋ. ਦਵੇਦੀ ਨੇ ਡਾ. ਮਧੂਮੀਤ, ਡਾ. ਆਸ਼ਿਮਾ ਸਾਹਨੀ, ਡਾ. ਇਕਬਾਲ ਸਿੰਘ ਤੇ ਪ੍ਰਿਅੰਕਾ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਫ਼ਲਤਾਪੂਰਵਕ ਸਮਾਰੋਹ ਕਰਵਾਇਆ।