ਸਿਵਲ ਹਸਪਤਾਲ ’ਚ ਛੇਤੀ ਖੁੱਲ੍ਹੇਗਾ ਜਨ ਔਸ਼ਧੀ ਕੇਂਦਰ
-ਪਖਾਨਿਆਂ ਦੀ ਮੁਰੰਮਤ, ਸੀਵਰੇਜ
Publish Date: Wed, 21 Jan 2026 07:46 PM (IST)
Updated Date: Wed, 21 Jan 2026 07:48 PM (IST)

-ਪਖਾਨਿਆਂ ਦੀ ਮੁਰੰਮਤ, ਸੀਵਰੇਜ ਪਾਈਪ ਦਾ ਆਕਾਰ ਵਧਾਉਣ ਤੇ ਉਪਕਰਨਾਂ ਦੀ ਖ਼ਰੀਦ ਤਜਵੀਜ਼ ਵੀ ਹੋਈ ਪਾਸ ਪੱਤਰ ਪ੍ਰੇਰਕ, ਜਲੰਧਰ : ਸਿਵਲ ਹਸਪਤਾਲ ਦੇ ਮਰੀਜ਼ਾਂ ਤੇ ਸ਼ਹਿਰ ਵਾਸੀਆਂ ਨੂੰ ਸਸਤੀ ਦਵਾਈਆਂ ਪ੍ਰਦਾਨ ਕਰਨ ਲਈ ਰੋਗੀ ਕਲਿਆਣ ਸਮਿਤੀ ਦੀ ਬੈਠਕ ’ਚ ਮੁੜ ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਮਾਮਲਾ ਉਠਾਇਆ ਗਿਆ। ਬੈਠਕ ’ਚ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਹਸਪਤਾਲ ਛੇਤੀ ਹੀ ਜਨ ਔਸ਼ਧੀ ਕੇਂਦਰ ਖੋਲ੍ਹੇਗਾ। ਹਸਪਤਾਲ ਪ੍ਰਸ਼ਾਸਨ ਨੂੰ ਸਿਵਲ ਹਸਪਤਾਲ ਦੇ ਬਾਹਰ ਸਰਕਾਰੀ ਦੁਕਾਨਾਂ ਦੀ ਮੁਰੰਮਤ ਕਰ ਕੇ ਉਥੇ ਕੇਂਦਰ ਖੋਲ੍ਹਣ ਦੀ ਸਿਫਾਰਸ਼ ਕੀਤੀ ਗਈ। ਹਾਲਾਂਕਿ, ਦੁਕਾਨਾਂ ਦੀ ਚਾਬੀ ਵਿਧਾਇਕ ਰਮਨ ਅਰੋੜਾ ਕੋਲ ਹੋਣ ਕਾਰਨ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਦਿੱਤੀ ਗਈ। ਇਸ ਤੋਂ ਇਲਾਵਾ ਸਿਵਲ ਹਸਪਤਾਲ ’ਚ ਪੈ ਰਹੀ 8 ਇੰਚ ਦੀ ਸੀਵਰੇਜ ਪਾਈਪ ਨੂੰ 15 ਇੰਚ ਤੱਕ ਵਧਾਉਣ ਲਈ ਸਬੰਧਤ ਵਿਭਾਗ ਨੂੰ ਦਸਤਾਵੇਜ਼ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ। ਹਸਪਤਾਲ ’ਚ ਇਕ ਕਰੋੜ ਦੀ ਲਾਗਤ ਨਾਲ 130 ਪਖਾਨਿਆਂ ਦੀ ਮੁਰੰਮਤ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ। ਬੈਠਕ ਦੌਰਾਨ ਹਸਪਤਾਲ ਨੂੰ ਸੀਐੱਸਆਰ ’ਚ ਰਜਿਸਟਰ ਕਰਨ ਦਾ ਮਾਮਲਾ ਵੀ ਉਠਾਇਆ ਗਿਆ ਤਾਂ ਜੋ ਦਾਨੀ ਸੱਜਣਾਂ ਨੂੰ ਟੈਕਸ ’ਚ ਛੋਟ ਮਿਲ ਸਕੇ। ਹਸਪਤਾਲ ਵਿਚ ਪਾਰਕਿੰਗ ਸਮੱਸਿਆ ਦਾ ਜਲਦ ਹੱਲ ਕਰਨ ਦੀ ਗੱਲ ਕੀਤੀ ਗਈ, ਜਦਕਿ ਦਸੰਬਰ ’ਚ ਖਤਮ ਹੋ ਚੁੱਕੇ ਸਾਈਕਲ ਸਟੈਂਡ ਦੇ ਠੇਕੇ 10 ਫ਼ੀਸਦੀ ਵਾਧੇ ਨਾਲ ਪੁਰਾਣੇ ਠੇਕੇਦਾਰ ਨੂੰ ਹੀ ਦਿੱਤੇ ਗਏ। ਭਗਤ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਿਵਲ ਹਸਪਤਾਲ ’ਚੋਂ ਕੂੜਾ ਰੋਜ਼ਾਨਾ ਦੇ ਆਧਾਰ ’ਤੇ ਚੁੱਕਿਆ ਜਾਵੇ ਤਾਂ ਜੋ ਸਾਫ-ਸੁਥਰਾ ਮਾਹੌਲ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਗਰ ਨਿਗਮ ਨੂੰ ਸਿਵਲ ਹਸਪਤਾਲ ’ਚ ਅਵਾਰਾ ਕੁੱਤਿਆਂ ਦਾ ਪ੍ਰਬੰਧ ਲਈ ਨਿਯਮਤ ਤੌਰ ’ਤੇ ਟੀਮਾਂ ਭੇਜਣ ਦੇ ਨਿਰਦੇਸ਼ ਵੀ ਦਿੱਤੇ। ਬੈਠਕ ਦੌਰਾਨ ਸਿਵਲ ਹਸਪਤਾਲ ’ਚ ਚਾਰਦੀਵਾਰੀ ਦੀ ਮੁਰੰਮਤ, ਆਡੀਓਮੈਟਰੀ ਰੂਮ ਦੇ ਨਵੀਨੀਕਰਨ ਤੇ ਉਪਕਰਨਾਂ ਦੀ ਖਰੀਦ ਸਮੇਤ ਹੋਰ ਕੰਮ ਕਰਨ ਲਈ ਤਜਵੀਜ਼ ਪਾਸ ਕੀਤੀ ਗਈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ ਤੇ ਸਿਵਲ ਹਸਪਤਾਲ ’ਚ ਮੁਹੱਈਆ ਕੀਤੀਆਂ ਜਾ ਰਹੀਆਂ ਇਲਾਜ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਬੈਠਕ ’ਚ ਏਡੀਸੀ ਅਮਨਿੰਦਰ ਕੌਰ, ਸਿਵਲ ਸਰਜਨ ਡਾ. ਰਾਜੇਸ਼ ਗਰਗ, ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ, ਡਾ. ਸੁਸ਼ਮਾ ਚਾਵਲਾ, ਡਾ. ਧੀਰਜ ਭਾਟੀਆ, ਡਾ. ਰਾਜੀਵ ਅਰੋੜਾ, ਪਰਮਿੰਦਰ ਬੇਰੀ, ਸੁਰਿੰਦਰ ਸੈਣੀ, ਡਾ. ਵਰਿੰਦਰ ਕੌਰ ਥਿੰਦ, ਡਾ. ਪ੍ਰੀਆ ਦੇ ਨਾਲ ਨਾਲ ਰੋਗੀ ਕਲਿਆਣ ਸਮਿਤੀ ਦੇ ਹੋਰ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ। --- ਮੰਤਰੀ ਦੇ ਆਉਣ ਤੋਂ ਪਹਿਲਾਂ ਹਸਪਤਾਲ ਚੰਗੀ ਤਰ੍ਹਾਂ ਚਮਕਿਆ ਸਿਵਲ ਹਸਪਤਾਲ ਵਿਚ ਰੋਗੀ ਕਲਿਆਣ ਸਮਿਤੀ ਦੀ ਬੈਠਕ ਨੂੰ ਲੈ ਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਬੁੱਧਵਾਰ ਨੂੰ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹਸਪਤਾਲ ਦੇ ਮੁਲਾਜ਼ਮ ਪੂਰੇ ਜੋਸ਼ ਨਾਲ ਸਫਾਈ ਕਰ ਰਹੇ ਸਨ। ਇਸ ਦੌਰਾਨ ਵਾਰਡਾਂ ’ਚ ਵੀ ਸਫਾਈ ਪ੍ਰਬੰਧ ਅਤੇ ਨਵੀਆਂ ਚਾਦਰਾਂ ਤੇ ਮਰੀਜ਼ਾਂ ’ਤੇ ਸਰਕਾਰੀ ਕੰਬਲ ਵੀ ਦਿਖਾਈ ਦਿੱਤੇ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੰਤਰੀ ਹਰ ਰੋਜ਼ ਆਉਣ ਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦਾ ਵਧੀਆ ਢੰਗ ਨਾਲ ਧਿਆਨ ਰੱਖਿਆ ਜਾਂਦਾ ਹੈ।