ਜ਼ਿਲ੍ਹਾ ਦਿਹਾਤੀ ਪੁਲਿਸ ਨੇ ਧੱਕੇਸ਼ਾਹੀ ਦੀ ਨਿਵੇਕਲੀ ਮਿਸ਼ਾਲ ਪੇਸ਼ ਕੀਤੀ : ਐਡਵੋਕੇਟ ਦੀਪਕ
ਜਲੰਧਰ ਦਿਹਾਤੀ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਧੱਕੇਸ਼ਾਹੀ ਦਾ ਨਿਵੇਕਲਾ ਉਦਾਹਰਣ ਸੈੱਟ ਕੀਤਾ
Publish Date: Thu, 20 Nov 2025 08:31 PM (IST)
Updated Date: Thu, 20 Nov 2025 08:34 PM (IST)

-ਬਹੁਜਨ ਸਮਾਜ ਪਾਰਟੀ ਦੇ ਲੀਗਲ ਸੈੱਲ ਨੇ ਐੱਸਐੱਸਪੀ ’ਤੇ ਧੱਕੇਸ਼ਾਹੀ ਦੇ ਲਾਏ ਦੋਸ਼ -ਕਿਹਾ, ਬੇਗੁਨਾਹ ਲੋਕਾਂ ਦਾ ਥਾਣਾ ਮਕਸੂਦਾਂ ਰਾਹੀਂ ਦੋਸ਼ੀ ਬਣਾ ਕੇ ਚਲਾਨ ਪੇਸ਼ ਕਰਵਾਇਆ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੀਗਲ ਸੈਲ ਦੇ ਐਡਵੋਕੇਟ ਦੀਪਕ ਤੇ ਜ਼ਿਲ੍ਹਾ ਕੋਆਰਡੀਨੇਟਰ ਕਮਲ ਬਾਦਸ਼ਾਹਪੁਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ’ਤੇ ਦੋਸ਼ ਲਾਏ ਹਨ ਕਿ ਉਸ ਨੇ ਧੱਕੇਸ਼ਾਹੀ ਦੀ ਨਿਵਕੇਲੀ ਮਿਸਾਲ ਪੇਸ਼ ਕੀਤੀ ਹੈ। ਐੱਸਐੱਸਪੀ ਨੇ ਡੀਜੀਪੀ ਵੱਲੋਂ ਕਰਵਾਈ ਗਈ ਜਾਂਚ ’ਚ ਥਾਣਾ ਮਕਸੂਦਾਂ ’ਚ ਦਰਜ ਇਕ ਝੂਠੇ ਮੁਕੱਦਮੇ (85/23) ’ਚ ਬੇਗੁਨਾਹ ਕਰਾਰ ਦਿੱਤੇ ਗਏ 42 ਲੋਕਾਂ ਨੂੰ ਦੋਸ਼ੀ ਬਣਾ ਕੇ ਥਾਣਾ ਮਕਸੂਦਾਂ ਰਾਹੀਂ ਚਲਾਨ ਪੇਸ਼ ਕਰਵਾ ਦਿੱਤਾ। ਵੀਰਵਾਰ ਨੂੰ ਇੱਥੇ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਡਵੋਕੇਟ ਦੀਪਕ ਨੇ ਦੱਸਿਆ ਕਿ ਥਾਣਾ ਮਕਸੂਦਾਂ ਤਹਿਤ ਆਉਂਦੇ ਪਿੰਡਾਂ ’ਚ ਫੈਲੇ ਨਸ਼ੇ ਤੇ ਉਸ ਕਾਰਨ ਹੋ ਰਹੀਆਂ ਮੌਤਾਂ ਖਿਲਾਫ ਪੀੜਤ ਲੋਕਾਂ ਵੱਲੋਂ 23 ਜੁਲਾਈ 2023 ਨੂੰ ਪਠਾਨਕੋਟ ਰੋਡ ਸਥਿਤ ਨੂਰਪੁਰ ਅੱਡੇ ’ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ’ਚ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਵੀ ਸ਼ਾਮਲ ਹੋਏ ਸਨ। ਲੋਕਾਂ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਦਿਆਂ ਕੋਈ ਹਾਈਵੇ ਜਾਮ ਨਹੀਂ ਕੀਤਾ ਗਿਆ। ਇਸ ਦੀ ਵੀਡੀਓਗ੍ਰਾਫੀ ਵੀ ਮੌਜੂਦ ਹੈ ਪਰ ਉਸ ਸਮੇਂ ਦੇ ਥਾਣਾ ਮਕਸੂਦਾਂ ਮੁਖੀ ਸਿਕੰਦਰ ਸਿੰਘ ਵਿਰਕ ਵੱਲੋਂ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਸਾਜਿਸ਼ ਤਹਿਤ ਮੁਲਾਜ਼ਮਾਂ ਤੋਂ ਖੁਦ ਹੀ ਹਾਈਵੇ ’ਤੇ ਚੱਲਦੇ ਟ੍ਰੈਫਿਕ ਨੂੰ ਜਾਮ ਕਰਵਾ ਕੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ’ਤੇ ਹਾਈਵੇ ਜਾਮ ਕਰਨ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਝੂਠਾ ਕੇਸ 85/23 ਦਰਜ ਕਰ ਦਿੱਤਾ ਗਿਆ। ਇਹ ਕੇਸ ਪਹਿਲਾਂ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 13 ਲੋਕਾਂ ’ਤੇ ਨਾਂ ਸਮੇਤ ਤੇ 152 ਅਣਪਛਾਤਿਆਂ ’ਤੇ ਕੀਤਾ ਗਿਆ ਸੀ। ਇਸ ਖਿਲਾਫ ਬਹੁਜਨ ਸਮਾਜ ਪਾਰਟੀ ਨੇ ਡੀਜੀਪੀ ਪੰਜਾਬ ਨੂੰ ਮਿਲ ਕੇ ਜਾਂਚ ਦੀ ਮੰਗ ਕੀਤੀ। ਡੀਜੀਪੀ ਨੇ ਆਪਣੀ ਨਿਗਰਾਨੀ ਹੇਠ ਇਸ ਦੀ ਜਾਂਚ ਐੱਸਐੱਸਪੀ ਹੁਸ਼ਿਆਰਪੁਰ ਨੂੰ 11 ਸਤੰਬਰ 2024 ਨੂੰ ਭੇਜੀ ਤੇ ਉਨ੍ਹਾਂ ਫੇਰ ਇਸ ਦੀ ਜਾਂਚ ਐੱਸਪੀ (ਹੈੱਡਕੁਆਰਟਰ) ਕੋਲ ਕਾਰਵਾਈ ਤੇ ਉਨ੍ਹਾਂ ਪੁਲਿਸ ਤੇ ਪ੍ਰਦਰਸ਼ਨਕਾਰੀ ਧਿਰਾਂ ਦੇ ਬਿਆਨ ਲਏ। ਉਨ੍ਹਾਂ ਆਪਣੀ ਜਾਂਚ ’ਚ ਕਿਹਾ ਕਿ ਕੇਸ ’ਚ ਨਾਮਜ਼ਦ ਲੋਕਾਂ ਨੇ ਕੋਈ ਹਾਈਵੇ ਜਾਮ ਨਹੀਂ ਕੀਤਾ, ਇਹ ਬੇਗੁਨਾਹ ਹਨ। ਉਨ੍ਹਾਂ ਇਹ ਕੇਸ ਰੱਦ ਕਰਨ ਦੀ ਸਿਫਾਰਿਸ਼ ਕੀਤੀ। ਇਹ ਰਿਪੋਰਟ ਡੀਜੀਪੀ ਪੰਜਾਬ ਨੂੰ ਭੇਜੀ ਤੇ ਉਨ੍ਹਾਂ ਇਹ ਰਿਪੋਰਟ ਡਾਇਰੈਕਟਰ ਪੀਬੀਆਈ ਨੂੰ ਭੇਜੀ ਤੇ ਉਨ੍ਹਾਂ ਨੇ ਦਿਹਾਤੀ ਦੇ ਐੱਸਐੱਸਪੀ ਨੂੰ ਇਸ ਦੀ ਅਖਰਾਜ ਰਿਪੋਰਟ ਕੋਰਟ ’ਚ ਪੇਸ਼ ਕਰਨ ਲਈ ਕਿਹਾ। ਐਡਵੋਕੇਟ ਦੀਪਕ ਤੇ ਜ਼ਿਲ੍ਹਾ ਕੋਆਰਡੀਨੇਟਰ ਕਮਲ ਬਾਦਸ਼ਾਹਪੁਰ ਨੇ ਕਿਹਾ ਕਿ ਮੌਜੂਦਾ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ ਕਹਿਣ ’ਤੇ ਮੌਜੂਦਾ ਥਾਣਾ ਮਕਸੂਦਾਂ ਮੁਖੀ ਬਿਕਰਮ ਸਿੰਘ ਨੇ ਖੁਦ ਹੀ ਪਹਿਲੇ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ, ਜਿਸ ਨੇ ਇਹ ਝੂਠਾ ਮੁਕੱਦਮਾ ਦਰਜ ਕੀਤਾ ਸੀ, ਉਸ ਦੇ ਇਕਤਰਫਾ ਬਿਆਨ ਲੈ ਕੇ ਆਪਣੇ ਤੌਰ ’ਤੇ ਇਹ ਰਿਪੋਰਟ ਬਣਾ ਦਿੱਤੀ ਕਿ ਮੁਕੱਦਮੇ ’ਚ ਨਾਮਜ਼ਦ ਲੋਕ ਦੋਸ਼ੀ ਹਨ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ 42 ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਡੀਜੀਪੀ ਦੀ ਜਾਂਚ ਰਾਹੀਂ ਬੇਗੁਨਾਹ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਦਾ ਚਲਾਨ 2 ਸਤੰਬਰ ਨੂੰ ਕੋਰਟ ’ਚ ਪੇਸ਼ ਕਰਵਾ ਦਿੱਤਾ, ਜੋ ਕਿ ਇਨ੍ਹਾਂ ਵੱਲੋਂ ਸਿੱਧੀ ਧੱਕੇਸ਼ਾਹੀ ਹੈ। ਇਨ੍ਹਾਂ 42 ਲੋਕਾਂ ’ਚੋਂ ਜ਼ਿਆਦਾਤਰ ਪਿੰਡ ਨੂਰਪੁਰ, ਨੰਗਲ, ਨੂਰਪੁਰ ਕਾਲੋਨੀ, ਬੁਲੰਦਪੁਰ ਦੇ ਦਲਿਤ, ਮਜ਼ਦੂਰ ਲੋਕ ਹਨ, ਜੋ ਉਨ੍ਹਾਂ ਦੇ ਇਲਾਕੇ ’ਚ ਫੈਲੇ ਨਸ਼ਿਆਂ ਤੋਂ ਪੀੜਤ ਸਨ। ਉਨ੍ਹਾਂ ਮੰਗ ਕੀਤੀ ਕਿ ਡੀਜੀਪੀ ਪੰਜਾਬ ਇਸ ਮਾਮਲੇ ਦਾ ਨੋਟਿਸ ਲੈਣ, ਕਿਉਂਕਿ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ’ਚ ਹੈ। ਇਸ ਮੌਕੇ ਐਡਵੋਕੇਟ ਐੱਚਡੀ ਸਾਂਪਲਾ, ਐਡਵੋਕੇਟ ਜਸਵਿੰਦਰ ਪਾਲ, ਬਸਪਾ ਆਗੂ ਬਾਬੂ ਮੁਨੀ ਲਾਲ, ਬਸਪਾ ਆਗੂ ਪਾਲੀ ਹੁਸੈਨਪੁਰ, ਬਸਪਾ ਆਗੂ ਬਿੰਦਰ ਹੁਸੈਨਪੁਰ ਤੇ ਬਸਪਾ ਆਗੂ ਰਾਕੇਸ਼ ਕੇਸ਼ਾ ਆਦਿ ਵੀ ਮੌਜੂਦ ਸਨ।