ਕਾਸੋ ਆਪ੍ਰੇਸ਼ਨ ਤਹਿਤ 7 ਪਰਚੇ ਦਰਜ ਤੇ 8 ਜਣੇ ਕਾਬੂ
“ਨਸ਼ਿਆਂ ਖ਼ਿਲਾਫ਼ ਜਲੰਧਰ ਦਿਹਾਤੀ ਪੁਲਿਸ ਦਾ ਸਖ਼ਤ ਐਕਸ਼ਨ, ਜ਼ਿਲ੍ਹੇ ਭਰ ’ਚ ਕਾਸੋ ਆਪਰੇਸ਼ਨ
Publish Date: Sat, 20 Dec 2025 08:21 PM (IST)
Updated Date: Sat, 20 Dec 2025 08:25 PM (IST)

-ਵੱਖ-ਵੱਖ ਥਾਣਾ ਖੇਤਰਾਂ ’ਚ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਸਖ਼ਤ ਜਾਂਚ -ਕਾਰਵਾਈ ਦੌਰਾਨ 7 ਪਰਚੇ ਦਰਜ, 8 ਵਿਅਕਤੀ ਕਾਬੂ, 313 ਗੋਲੀਆਂ, ਦੋ ਗ੍ਰਾਮ ਹੈਰੋਇਨ ਬ੍ਰਾਮਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਸ਼ਾ ਤਸਕਰੀ ਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਚਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਦਿਹਾਤੀ ਪੁਲਿਸ ਵੱਲੋਂ ਸ਼ਨਿਚਰਵਾਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਇਕ ਵਿਸ਼ੇਸ਼ ਚੈਕਿੰਗ ਤੇ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਇਹ ਕਾਰਵਾਈ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਤੇ ਐੱਸਪੀ (ਇਨਵੈਸਟੀਗੇਸ਼ਨ) ਸਰਬਜੀਤ ਸਿੰਘ ਰਾਏ ਦੀ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ। ਇਸ ਅਭਿਆਨ ਦੌਰਾਨ ਨਰਿੰਦਰ ਸਿੰਘ ਡੀਐੱਸਪੀ ਕਰਤਾਰਪੁਰ, ਓਂਕਾਰ ਸਿੰਘ ਬਰਾੜ ਡੀਐੱਸਪੀ ਨਕੋਦਰ, ਭਾਰਤ ਮਸੀਹ ਲੱਧੜ ਡੀਐੱਸਪੀ ਫਿਲੌਰ, ਸੁਖਪਾਲ ਸਿੰਘ ਡੀਐੱਸਪੀ ਸ਼ਾਹਕੋਟ ਤੇ ਰਾਜੀਵ ਕੁਮਾਰ ਡੀਐੱਸਪੀ ਆਦਮਪੁਰ ਦੀ ਅਗਵਾਈ ਹੇਠ ਨਸ਼ਿਆਂ ਦੀ ਸੰਭਾਵਿਤ ਸਰਗਰਮੀਆਂ ਵਾਲੀਆਂ ਥਾਵਾਂ, ਬੱਸ ਸਟੈਂਡ, ਬੇਅਬਾਦ ਇਮਾਰਤਾਂ, ਖੁੱਲ੍ਹੇ ਮੈਦਾਨਾਂ ਤੇ ਸੰਵੇਦਨਸ਼ੀਲ ਖੇਤਰਾਂ ’ਚ ਗਹਿਰੀ ਚੈਕਿੰਗ ਕੀਤੀ ਗਈ। ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਦੀ ਜਾਂਚ, ਵਾਹਨਾਂ ਦੀ ਤਲਾਸ਼ੀ ਤੇ ਮੌਕੇ ’ਤੇ ਸੁਰੱਖਿਆ ਮੁਲਾਂਕਣ ਕੀਤਾ ਗਿਆ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਸਿਰਫ਼ ਕਾਨੂੰਨੀ ਕਾਰਵਾਈ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾ ਕੇ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਵੀ ਹੈ। ਅੱਜ ਦੀ ਚੈਕਿੰਗ ਦੌਰਾਨ ਇਲਾਕਿਆਂ ’ਚ ਵਿਸ਼ੇਸ਼ ਤੌਰ ’ਤੇ ਨਿਗਰਾਨੀ ਰੱਖੀ ਗਈ। ਇਸ ਕਾਰਵਾਈ ਤਹਿਤ 7 ਪਰਚੇ ਦਰਜ ਹੋਏ ਤੇ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ 313 ਗੋਲੀਆਂ ਦੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਨਾਲ ਕਾਨੂੰਨ-ਵਿਰੁੱਧ ਸਰਗਰਮੀਆਂ ’ਤੇ ਤਿੱਖਾ ਹਮਲਾ ਕੀਤਾ ਗਿਆ। ਇਸ ਮੁਹਿੰਮ ਦੌਰਾਨ ਪੁਲਿਸ ਵੱਲੋਂ ਕਈ ਮਹੱਤਵਪੂਰਨ ਸੂਤਰ ਤੇ ਜਾਣਕਾਰੀਆਂ ਵੀ ਪ੍ਰਾਪਤ ਕੀਤੀਆਂ ਗਈਆਂ, ਜਿਨ੍ਹਾਂ ਦੇ ਆਧਾਰ ’ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਨੌਜਵਾਨ ਨਸ਼ਿਆਂ ਦੀ ਵਰਤੋਂ ’ਚ ਸ਼ਾਮਲ ਮਿਲਦਾ ਹੈ, ਤਾਂ ਉਸਨੂੰ ਸੁਧਾਰ ਦੇ ਰਾਹ ’ਤੇ ਲਿਆਉਣ ਲਈ ਨਸ਼ਾ ਮੁਕਤ ਕੇਂਦਰਾਂ ਨਾਲ ਜੋੜਿਆ ਜਾਵੇਗਾ, ਜਦਕਿ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਇਲਾਕੇ ’ਚ ਨਸ਼ਿਆਂ ਸਬੰਧੀ ਕੋਈ ਵੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।