ਜਲੰਧਰ ਪਬਲਿਕ ਸਕੂਲ ਨੂੰ ਸੀਬੀਐੱਸਈ ਨੇ ਦਿੱਤੀ ਮਾਨਤਾ
ਜਲੰਧਰ ਪਬਲਿਕ ਸਕੂਲ, ਲੋਹੀਆਂ ਖ਼ਾਸ ਨੂੰ ਮਿਲੀ ਸੀਬੀਐੱਸਈ ਵੱਲੋਂ ਮਾਨਤਾ
Publish Date: Fri, 05 Dec 2025 08:16 PM (IST)
Updated Date: Fri, 05 Dec 2025 08:18 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ ਦੇ ਇਲਾਕੇ ’ਚ ਕਈ ਸਾਲਾਂ ਤੋਂ ਸਿੱਖਿਆ ਦੇ ਚਾਨਣ ਦਾ ਪਸਾਰ ਕਰ ਰਹੇ ਜਲੰਧਰ ਪਬਲਿਕ ਸਕੂਲ, ਲੋਹੀਆਂ ਖ਼ਾਸ ’ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਕੂਲ ਦੇ ਸਟੇਟ ਬੋਰਡ ਤੋਂ ਸੈਂਟਰਲ ਬੋਰਡ ਹੋਣ ਦਾ ਸੁਨੇਹਾ ਮਿਲਿਆ। ਜ਼ਿਕਰਯੋਗ ਹੈ ਕਿ ਮੌਜੂਦਾ ਤੌਰ ’ਤੇ ਜਲੰਧਰ ਪਬਲਿਕ ਸਕੂਲ ਲੋਹੀਆਂ ਖ਼ਾਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀਆਂ ਸੇਵਾਵਾਂ ਲਗਾਤਾਰ ਪ੍ਰਦਾਨ ਕਰ ਰਿਹਾ ਹੈ, ਜੋ ਸਮੇਂ ’ਤੇ ਆਧੁਨਿਕ ਤਕਨਾਲੋਜੀ ਦੀ ਮੰਗ ਦੇ ਮੱਦੇਨਜ਼ਰ ਸਕੂਲ ਦੀ ਮੈਨੇਜਮੈਂਟ ਵੱਲੋਂ ਸੀਬੀਐੱਸਈ ਬੋਰਡ ਅਪਨਾਉਣ ਦਾ ਫੈਸਲਾ ਲਿਆ ਗਿਆ। ਸਕੂਲ ਦੇ ਐੱਮਡੀ ਰਣਜੀਤ ਸਿੰਘ ਮਰੋਕ ਤੇ ਕੁਲਵਿੰਦਰ ਕੌਰ ਮਰੋਕ, ਪ੍ਰਿੰਸੀਪਲ ਤਿਲਕ ਰਾਜ ਅਰੋੜਾ ਤੇ ਪ੍ਰਿੰਸੀਪਲ ਸਰਬਜੀਤ ਕੌਰ ਵੱਲੋਂ ਸੀਬੀਐੱਸਈ ਦੀ ਐਫੀਲੀਏਸ਼ਨ ਮਿਲਣ ਦੀ ਖੁਸ਼ੀ ’ਚ ਅਧਿਆਪਕਾਂ, ਵਿਦਿਆਰਥੀਆਂ, ਟਰਾਂਸਪੋਰਟ ਦੇ ਕੰਮ ’ਚ ਲੱਗੇ ਡਰਾਈਵਰਾਂ ਤੇ ਸਮੂਹ ਸਟਾਫ਼ ਮੈਂਬਰਜ਼ ਨੇ ਰਲ ਕੇ ਕੇਕ ਵੀ ਕੱਟਿਆ ਤੇ ਪੰਜਾਬੀ ਰਵਾਇਤ ਅਨੁਸਾਰ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ। ਸਮੂਹ ਸਟਾਫ਼ ਮੈਂਬਰਜ਼ ਤੇ ਵਿਦਿਆਰਥੀਆਂ ਵੱਲੋਂ ਖੁਸ਼ੀਆਂ ਦੇ ਗੀਤਾਂ ’ਤੇ ਨੱਚਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।