Jalandhar News : ਮਹਿਲਾ ਕਾਂਸਟੇਬਲ ਨੂੰ ਛੇ ਸਾਲ ਬਾਅਦ ਮਿਲਿਆ ਇਨਸਾਫ਼, ਛੇੜਛਾੜ ਮਾਮਲੇ ’ਚ ਤਿੰਨ ਨੂੰ 10-10 ਸਾਲ ਦੀ ਸਜ਼ਾ
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਮਹਿਲਾ ਕਾਂਸਟੇਬਲ ਨਾਲ ਝਗੜਾ ਕਰਨ, ਸਰਕਾਰੀ ਡਿਊਟੀ ’ਚ ਰੁਕਾਵਟ ਪੈਦਾ ਕਰਨ, ਧੱਕਾ-ਮੁੱਕੀ ਕਰਨ ਤੇ ਛੇੜਛਾੜ ਕਰਨ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫ਼ੈਸਲਾ ਸੁਣਾਇਆ ਹੈ।
Publish Date: Fri, 30 Jan 2026 08:02 PM (IST)
Updated Date: Fri, 30 Jan 2026 08:08 PM (IST)
ਜਾਸ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਮਹਿਲਾ ਕਾਂਸਟੇਬਲ ਨਾਲ ਝਗੜਾ ਕਰਨ, ਸਰਕਾਰੀ ਡਿਊਟੀ ’ਚ ਰੁਕਾਵਟ ਪੈਦਾ ਕਰਨ, ਧੱਕਾ-ਮੁੱਕੀ ਕਰਨ ਤੇ ਛੇੜਛਾੜ ਕਰਨ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਉੱਚਾ ਸੁਰਾਜਗੰਜ ਵਾਸੀ ਸੁਖਵਿੰਦਰ ਸਿੰਘ ਉਰਫ਼ ਲਾਲੀ, ਸ਼ਾਸਤਰੀ ਨਗਰ ਦੇ ਅਨੂਪ ਸਿੰਘ ਉਰਫ਼ ਸਿੱਪੀ ਤੇ ਟਾਵਰ ਐਨਕਲੇਵ ਵਾਸੀ ਸਿਮਰਨਜੀਤ ਸਿੰਘ ਉਰਫ਼ ਮਣੀ ਨੂੰ 10-10 ਸਾਲ ਦੀ ਕੈਦ ਤੇ ਹਰ ਇਕ 'ਤੇ 30-30 ਹਜ਼ਾਰ ਰੁਪਏ ਦਾ ਜੁਰਮਾਨਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਜੇ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਇਕ-ਇਕ ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ।
ਥਾਣਾ ਚਾਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮਹਿਲਾ ਪੁਲਿਸ ਮੁਲਾਜ਼ਮ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਜਾਣਕਾਰੀ ਸੀ ਕਿ ਸਿੱਕਾ ਚੌਕ ਨੇੜੇ ਕੁਝ ਲੋਕ ਮਾਰਕੁੱਟ ਕਰ ਰਹੇ ਹਨ। ਜਦੋਂ ਉਹ ਉੱਥੇ ਗਈ ਤਾਂ ਕੁਝ ਲੋਕਾਂ ਨੇ ਦੱਸਿਆ ਕਿ ਤਿੰਨ ਲੋਕ ਨਸ਼ੇ ’ਚ ਹਨ ਅਤੇ ਮਾਰਕੁੱਟ ਕਰ ਰਹੇ ਹਨ। ਉਨ੍ਹਾਂ ਨੂੰ ਰੋਕਣ ਲਈ ਜਦੋਂ ਉਹ ਅੱਗੇ ਵਧੀ ਤਾਂ ਉਨ੍ਹਾਂ ਸ਼ਰਾਬ ਦੇ ਨਸ਼ੇ ’ਚ ਉਸ ਨਾਲ ਧੱਕਾ ਮੁੱਕੀ ਤੇ ਅਸ਼ਲੀਲ ਹਰਕਤਾਂ ਕੀਤੀਆਂ, ਉਸ ਦੀ ਵਰਦੀ 'ਤੇ ਹੱਥ ਪਾਇਆ ਅਤੇ ਉਨ੍ਹਾਂ ਦੇ ਕੰਮ ’ਚ ਰੁਕਾਵਟ ਪੈਦਾ ਕੀਤੀ। ਜਦੋਂ ਨਾਲ ਮੌਜੂਦ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਛੁਡਾਉਣ ਆਏ ਤਾਂ ਉਨ੍ਹਾਂ ਦੀ ਵਰਦੀ 'ਤੇ ਵੀ ਹੱਥ ਪਾਇਆ ਗਿਆ। ਇਸ ਘਟਨਾ ਕਾਰਨ ਮਹਿਲਾ ਮੁਲਾਜ਼ਮ ਨੂੰ ਮਾਨਸਿਕ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ 30 ਜਨਵਰੀ 2020 ਨੂੰ ਥਾਣਾ-ਚਾਰ ’ਚ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ’ਚ ਚੱਲੀ ਸੁਣਵਾਈ ਦੌਰਾਨ ਤਿੰਨਾਂ 'ਤੇ ਦੋਸ਼ ਸਾਬਤ ਹੋਇਆ। ਇਸ ਤੋਂ ਬਾਅਦ ਅਦਾਲਤ ਨੇ ਸਜ਼ਾ ਸੁਣਾਈ।