ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਉਸ ਵਿਅਕਤੀ ਦਾ 2021 ’ਚ ਵਿਆਹ ਹੋਇਆ ਸੀ। ਉਹ ਲੁਧਿਆਣਾ ਦੀ ਇਕ ਫੈਕਟਰੀ ’ਚ ਕੰਮ ਕਰਦਾ ਸੀ। ਜਦੋਂ ਪਤਨੀ ਨੇ ਕੁੜੀ ਨੂੰ ਜਨਮ ਦਿੱਤਾ ਤਾਂ ਪੁੱਤਰ ਦੀ ਚਾਹ ਰੱਖਣ ਵਾਲੇ ਪਤੀ ਨੇ ਪਤਨੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਧੀ ਛੇ ਮਹੀਨੇ ਦੀ ਹੀ ਸੀ ਕਿ ਉਹ ਪਤਨੀ ਤੇ ਬੱਚੀ ਨੂੰ ਜਲੰਧਰ ਦੇ ਇਕ ਪਿੰਡ ’ਚ ਆਪਣੇ ਚਾਚੇ ਦੇ ਘਰ ਲੈ ਆਇਆ। ਉੱਥੇ ਵੀ ਉਸ ਨੇ ਪੁੱਤਰ ਦੀ ਚਾਹ ਨੂੰ ਲੈ ਕੇ ਪਤਨੀ ਨਾਲ ਕੁੱਟਮਾਰ ਕੀਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਈ ਵਾਰ ਮਾਪੇ ਕੁਮਾਪੇ ਹੋ ਜਾਂਦੇ ਹਨ। ਇਹੋ ਜਿਹੇ ਇਕ ਮਾਮਲੇ ਵਿਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਇਕ ਪਿਤਾ ਨੂੰ, ਜੋ ਪੁੱਤਰ ਦੀ ਚਾਹ ਰੱਖਦਾ ਸੀ, ਆਪਣੀ ਹੀ ਛੇ ਮਹੀਨੇ ਦੀ ਧੀ ਨਾਲ ਜਬਰ ਜਨਾਹ ਕਰ ਕੇ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ’ਚ ਮਰਦੇ ਦਮ ਤੱਕ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 25 ਅਕਤੂਬਰ 2022 ਨੂੰ ਥਾਣਾ ਸਦਰ ਜਲੰਧਰ ’ਚ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਔਰਤ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਪੁਲਿਸ ਨੇ ਮੁਲਜ਼ਮ ਨੂੰ ਫੜਿਆ ਤੇ ਜੇਲ੍ਹ ਭੇਜ ਦਿੱਤਾ ਸੀ। ਮੁਲਜ਼ਮ ਦੇ ਬਚਾਅ ਲਈ ਵਕੀਲ ਨੇ ਉਸ ’ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮੈਡੀਕਲ ਬੋਰਡ ਦੀ ਰਿਪੋਰਟ, ਗਵਾਹਾਂ ਤੇ ਪੱਕੇ ਸਬੂਤਾਂ ਦੇ ਆਧਾਰ ’ਤੇ ਉਸਨੂੰ ਦੋਸ਼ੀ ਕਰਾਰ ਦਿੱਤਾ ਗਿਆ। ਬੁੱਧਵਾਰ ਨੂੰ ਉਸ ਨੂੰ ਮੌਤ ਤੱਕ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।
ਦੋ ਸਾਲ ਪਹਿਲਾਂ ਹੋਇਆ ਸੀ ਵਿਆਹ, ਪੁੱਤਰ ਦੀ ਚਾਹ ਸੀ
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਉਸ ਵਿਅਕਤੀ ਦਾ 2021 ’ਚ ਵਿਆਹ ਹੋਇਆ ਸੀ। ਉਹ ਲੁਧਿਆਣਾ ਦੀ ਇਕ ਫੈਕਟਰੀ ’ਚ ਕੰਮ ਕਰਦਾ ਸੀ। ਜਦੋਂ ਪਤਨੀ ਨੇ ਕੁੜੀ ਨੂੰ ਜਨਮ ਦਿੱਤਾ ਤਾਂ ਪੁੱਤਰ ਦੀ ਚਾਹ ਰੱਖਣ ਵਾਲੇ ਪਤੀ ਨੇ ਪਤਨੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਧੀ ਛੇ ਮਹੀਨੇ ਦੀ ਹੀ ਸੀ ਕਿ ਉਹ ਪਤਨੀ ਤੇ ਬੱਚੀ ਨੂੰ ਜਲੰਧਰ ਦੇ ਇਕ ਪਿੰਡ ’ਚ ਆਪਣੇ ਚਾਚੇ ਦੇ ਘਰ ਲੈ ਆਇਆ। ਉੱਥੇ ਵੀ ਉਸ ਨੇ ਪੁੱਤਰ ਦੀ ਚਾਹ ਨੂੰ ਲੈ ਕੇ ਪਤਨੀ ਨਾਲ ਕੁੱਟਮਾਰ ਕੀਤੀ।
22 ਅਕਤੂਬਰ 2022 ਦੀ ਰਾਤ 10 ਵਜੇ ਗੁੱਸੇ ’ਚ ਉਹ ਧੀ ਨੂੰ ਚੁੱਕ ਕੇ ਪਿੰਡ ਦੇ ਖੂਹ ਦੇ ਕੋਲ ਲੈ ਗਿਆ। ਧੀ ਨੂੰ ਲੱਭਣ ਲਈ ਮਾਂ ਤੇ ਪਰਿਵਾਰਕ ਮੈਂਬਰ ਜਦੋਂ ਖੂਹ ਕੋਲ ਪਹੁੰਚੇ ਤਾਂ ਬਹੁਤ ਦੇਰ ਹੋ ਚੁੱਕੀ ਸੀ। ਬੱਚੀ ਖੂਨ ਨਾਲ ਲੱਥਪੱਥ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ। ਪੀੜਤਾ ਨੇ ਥਾਣਾ ਸਦਰ ਜਲੰਧਰ ’ਚ ਸ਼ਿਕਾਇਤ ਕੀਤੀ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਤੇ 25 ਅਕਤੂਬਰ ਨੂੰ ਕਤਲ ਤੇ ਜਬਰਜਨਾਹ ਦਾ ਮਾਮਲਾ ਦਰਜ ਕੀਤਾ।
ਇਸ ਤਰ੍ਹਾਂ ਆਇਆ ਅਦਾਲਤੀ ਫ਼ੈਸਲਾ
ਪੀੜਤ ਪੱਖ ਦੀ ਪੇਸ਼ੀ ਕਰ ਰਹੇ ਸਰਕਾਰੀ ਵਕੀਲ ਨਿਖ਼ਿਲ ਨਾਹਰ ਨੇ ਦੱਸਿਆ ਕਿ ਉਨ੍ਹਾਂ ਕੋਲ ਕੇਸ ਜਿੱਤਣ ਲਈ ਕਈ ਮਜ਼ਬੂਤ ਤੱਥ ਸਨ। ਬੱਚੀ ਦੀ ਮੈਡੀਕਲ ਜਾਂਚ ਲਈ ਚਾਰ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ। ਮੈਡੀਕਲ ਰਿਪੋਰਟ, ਮਾਂ ਦੇ ਬਿਆਨ, ਪਿੰਡ ਦੇ ਸਰਪੰਚ ਦੇ ਬਿਆਨ ਤੇ ਹੋਰ ਪਰਿਵਾਰਕ ਗਵਾਹਾਂ ਨੇ ਕੇਸ ਨੂੰ ਮਜ਼ਬੂਤ ਬਣਾਈ ਰੱਖਿਆ।
ਬਚਾਅ ਪੱਖ ਨੇ ਸ਼ਿਕਾਇਤ ਨੂੰ ਗਲਤ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਬਤ ਨਹੀਂ ਕਰ ਸਕੇ। ਇਸ ਲਈ ਅਦਾਲਤ ਨੇ ਕਤਲ ’ਚ ਉਮਰ ਕੈਦ ਤੇ ਪੰਜਾਹ ਹਜ਼ਾਰ ਜੁਰਮਾਨਾ, ਪੌਕਸੋ ਐਕਟ ਦੀ ਧਾਰਾ 6 ਤਹਿਤ ਮਰਦੇ ਦਮ ਤੱਕ ਕੈਦ ਤੇ ਪੰਜਾਹ ਹਜ਼ਾਰ ਜੁਰਮਾਨਾ ਲਗਾਇਆ। ਜੁਰਮਾਨਾ ਨਾ ਭਰਨ ’ਤੇ ਇਕ ਸਾਲ ਦੀ ਵਾਧੂ ਸਜ਼ਾ ਵੀ ਸੁਣਾਈ ਗਈ ਹੈ।