Jalandhar News : ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਐਕਟਿਵਾ ਦੀ ਟੱਕਰ ਚ ਦੋ ਔਰਤਾਂ ਜ਼ਖ਼ਮੀ
ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਅੱਡਾ ਕਾਲਾ ਬੱਕਰਾ ਨਜ਼ਦੀਕ ਗੜੀ ਬਖਸ਼ਾ ਮੋੜ ਦੇ ਕੋਲ ਇੱਕ ਐਕਟਿਵਾ ਖੜ੍ਹੇ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ।
Publish Date: Mon, 12 Jan 2026 09:40 PM (IST)
Updated Date: Mon, 12 Jan 2026 09:44 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਅੱਡਾ ਕਾਲਾ ਬੱਕਰਾ ਨਜ਼ਦੀਕ ਗੜੀ ਬਖਸ਼ਾ ਮੋੜ ਦੇ ਕੋਲ ਇੱਕ ਐਕਟਿਵਾ ਖੜ੍ਹੇ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ 2 :35 ਵਜੇ ਦੇ ਕਰੀਬ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਗੜੀ ਬਖਸ਼ਾ ਮੋੜ ਦੇ ਉੱਤੇ ਐਕਟਿਵਾ ਸਵਾਰ ਦੋ ਔਰਤਾਂ ਟਰੱਕ ਨਾਲ ਟਕਰਾ ਗਈਆਂ ਹਨ ਅਤੇ ਜ਼ਖ਼ਮੀ ਹੋ ਗਈਆਂ ਹਨ।
ਸੂਚਨਾ ਉਪਰੰਤ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਦੇਖਿਆ ਕਿ ਐਕਟਿਵਾ ਸਵਾਰ ਦੋ ਔਰਤਾਂ ਜੋ ਕਿ ਭੋਗਪੁਰ ਤੋਂ ਜਲੰਧਰ ਵਾਲੀ ਸਾਈਡ ਨੂੰ ਜਾ ਰਹੀਆਂ ਸਨ। ਗੜੀ ਬਖਸ਼ਾ ਮੋੜ ਨਜ਼ਦੀਕ ਘਗਵਾਲ ਢਾਬੇ ਦੇ ਸਾਹਮਣੇ ਸੜਕ ਤੋਂ ਹੇਠਾਂ ਖੜੇ ਟਰੱਕ ਦੇ ਵਿੱਚ ਜਾ ਟਕਰਾਈ। ਇਸ ਹਾਦਸੇ ਦੌਰਾਨ ਐਕਟਿਵਾ ਸਵਾਰ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਟੀਮ ਵੱਲੋਂ ਫਸਟ ਏਡ ਦੇਣ ਉਪਰੰਤ ਪ੍ਰਾਈਵੇਟ ਐਂਬੂਲੈਂਸ ਰਾਹੀਂ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸਐੱਸ ਫੋਰਸ ਵੱਲੋਂ ਇਸ ਹਾਦਸੇ ਸਬੰਧੀ ਜ਼ਖ਼ਮੀ ਔਰਤਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਉਹਨਾਂ ਦਾ ਮੋਬਾਈਲ ਫੋਨ ਸਮੇਤ ਹੋਰ ਸਾਮਾਨ ਮੌਕੇ 'ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਇਸ ਹਾਦਸੇ ਦੀ ਸੂਚਨਾ ਲਾਹਦੜਾ ਚੌਕੀ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੂੰ ਦਿੱਤੀ ਗਈ।