ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਾਰਤਮਾਲਾ ਪ੍ਰਾਜੈਕਟ ਅਧੀਨ ਬਣਾਈ ਜਾਣ ਵਾਲੇ ਹਾਈਵੇਅ ’ਚ ਆਈ ਕਿਸਾਨ ਦੀ ਜ਼ਮੀਨ ਦਾ ਯੋਗ ਮੁਆਵਜ਼ਾ ਦਿਵਾਉਣ ਲਈ 15 ਨਵੰਬਰ ਨੂੰ ਵੱਡਾ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਪਹਿਲਾਂ ਹੀ ਸ਼ਨਿਚਰਵਾਰ ਤੜਕੇ ਪੁਲਿਸ ਨੇ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ ’ਚ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ ਕਰ ਕੇ 3 ਔਰਤਾਂ ਸਣੇ ਕੁੱਲ 10 ਜਣਿਆਂ ਨੂੰ ਹਿਰਾਸਤ ’ਚ ਲੈ ਲਿਆ, ਜਿਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ।

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਾਰਤਮਾਲਾ ਪ੍ਰਾਜੈਕਟ ਅਧੀਨ ਬਣਾਈ ਜਾਣ ਵਾਲੇ ਹਾਈਵੇਅ ’ਚ ਆਈ ਕਿਸਾਨ ਦੀ ਜ਼ਮੀਨ ਦਾ ਯੋਗ ਮੁਆਵਜ਼ਾ ਦਿਵਾਉਣ ਲਈ 15 ਨਵੰਬਰ ਨੂੰ ਵੱਡਾ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਪਹਿਲਾਂ ਹੀ ਸ਼ਨਿਚਰਵਾਰ ਤੜਕੇ ਪੁਲਿਸ ਨੇ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ ’ਚ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ ਕਰ ਕੇ 3 ਔਰਤਾਂ ਸਣੇ ਕੁੱਲ 10 ਜਣਿਆਂ ਨੂੰ ਹਿਰਾਸਤ ’ਚ ਲੈ ਲਿਆ, ਜਿਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਐਕਸ਼ਨ ਨੂੰ ਰੋਕਣ ਲਈ ਕਰੀਬ 300 ਤੋਂ ਵੱਧ ਪੁਲਿਸ ਅਧਿਕਾਰੀ ਤੇ ਮੁਲਾਜ਼ਮ, ਜੋ ਬਾਹਰਲੇ ਜ਼ਿਲ੍ਹਿਆਂ ’ਚੋਂ ਵੀ ਬੁਲਾਏ ਗਏ ਸਨ, ਤੜਕੇ 5 ਵਜੇ ਡੀਐੱਸਪੀ ਦਫ਼ਤਰ ਸ਼ਾਹਕੋਟ ’ਚ ਪਹੁੰਚ ਗਏ ਸਨ। ਇੱਥੋਂ ਹੀ ਪੁਲਿਸ ਟੀਮਾਂ ਬਣਾ ਕੇ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ ਕਰਨ ਲਈ ਭੇਜਿਆ ਗਿਆ।
ਸੂਤਰਾਂ ਅਨੁਸਾਰ ਪੁਲਿਸ ਵੱਲੋਂ ਪੀੜਤ ਕਿਸਾਨ ਕਿਸ਼ਨ ਦੇਵ ਦੇ ਘਰ ਛਾਪੇਮਾਰੀ ਕਰ ਕੇ ਆਸ਼ਾ ਰਾਣੀ, ਕਰਮਜੀਤ ਕੌਰ ਤੇ ਸੁਮਨ ਮਹਿਤਪੁਰ ਨੂੰ ਹਿਰਾਸਤ ’ਚ ਲੈ ਲਿਆ। ਹੋਰ ਥਾਂ ਕੀਤੀ ਛਾਪੇਮਾਰੀ ’ਚ ਪਿੱਪਲੀ ਦੇ ਜਗਤਾਰ ਸਿੰਘ ਤੇ ਮਹਿੰਦਰ ਸਿੰਘ, ਰਾਜੇਵਾਲ ਦੇ ਵਿਜੇ ਘਾਰੂ ਤੇ ਮਹਿੰਦਰ ਸਿੰਘ, ਤਲਵੰਡੀ ਸੰਘੇੜਾ ਦੇ ਰਾਮ ਸਿੰਘ ਤੇ ਸਾਜਨ ਕੁਮਾਰ ਅਤੇ ਸ਼ਿੰਦਰ ਸਿੰਘ ਰਾਮੇ ਨੂੰ ਹਿਰਾਸਤ ’ਚ ਲਿਆ ਗਿਆ। ਇਸ ਤੋਂ ਇਲਾਵਾ ਹੋਰਨਾਂ ਆਗੂਆਂ ਦੇ ਘਰਾਂ ’ਚ ਵੀ ਛਾਪੇਮਾਰੀ ਕੀਤੀ ਗਈ। ਜੋ ਆਗੂ ਘਰਾਂ ’ਚ ਨਾ ਮਿਲੇ ਤਾਂ ਪੁਲਿਸ ਉਨ੍ਹਾਂ ਦੇ ਮੋਬਾਈਲ ਫੋਨ ਚੁੱਕ ਕੇ ਨਾਲ ਲੈ ਆਈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਦੱਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਬਣ ਰਹੇ ਕੌਮੀ ਸ਼ਾਹਰਾਹ ਦੇ ਵਿਚਕਾਰ ਮਿਆਣੀ ਦੇ ਕਿਸਾਨ ਕਿਸ਼ਨ ਦੇਵ ਦਾ ਘਰ ਤੇ ਜ਼ਮੀਨ ਆ ਗਏ ਸਨ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਧੱਕੇ ਨਾਲ ਕਿਸਾਨ ਦਾ ਘਰ ਢਾਹ ਕੇ ਉਨ੍ਹਾਂ ਦੇ ਸਮਾਨ ਨੂੰ ਵੀ ਮਲਬੇ ਹੇਠ ਦੱਬ ਦਿੱਤਾ ਸੀ।
ਕਿਸਾਨ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਦੀ ਜਥੇਬੰਦੀ ਨੇ ਡੀਸੀ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਅਤੇ ਡੀਆਈਜੀ ਜਲੰਧਰ ਰੇਂਜ ਨੂੰ ਮੰਗ ਪੱਤਰ ਦੇ ਕੇ ਐਲਾਨ ਕੀਤਾ ਸੀ ਕਿ ਜੇਕਰ 15 ਨਵੰਬਰ ਤੱਕ ਪ੍ਰਸ਼ਾਸਨ ਨੇ ਕਿਸਾਨ ਦੇ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਤਾਂ ਉਹ ਹਾਈਵੇ ਨੂੰ ਪੁੱਟ ਕੇ ਉਸ ਦੇ ਮਲਬੇ ਹੇਠ ਦੱਬੇ ਹੋਏ ਸਮਾਨ ਨੂੰ ਕੱਢਣਗੇ।
ਇਸ ਨੂੰ ਦੇਖਦਿਆਂ ਹੀ ਸ਼ਨਿਚਰਵਾਰ ਤੜਕੇ ਸ਼ਾਹਕੋਟ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰਦਿਆਂ ਕਿਸਾਨਾਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਗਈ।
ਇਨ੍ਹਾਂ ਛਾਪੇਮਾਰੀਆਂ ਦੇ ਵਿਰੋਧ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਜਾਣੀਆਂ ’ਚ ਕਿਸਾਨਾਂ ਦਾ ਵੱਡਾ ਇਕੱਠ ਕੀਤਾ। ਉੱਥੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਕਿਸਾਨਾਂ ਦੀ ਹੋਈ ਗੱਲਬਾਤ ’ਚ ਕਿਸਾਨ ਜਥੇਬੰਦੀ ਦੀ 27 ਨਵੰਬਰ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਤੈਅ ਹੋਈ ਹੈ, ਜਿਸ ’ਚ ਡੀਆਰਓ, ਰਾਸ਼ਟਰੀ ਹਾਈਵੇ ਅਥਾਰਿਟੀ ਦੇ ਅਧਿਕਾਰੀ ਜੈ ਗੋਪਾਲ, ਠੇਕੇਦਾਰ ਰਾਜਬੀਰ, ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ, ਥਾਣਾ ਸ਼ਾਹਕੋਟ ਦੇ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਤੇ ਮਹਿਤਪੁਰ ਦੇ ਐੱਸਐੱਚਓ ਸ਼ਾਮਲ ਹੋਣਗੇ। ਇਸ ਮੌਕੇ ਕਿਸਾਨ ਆਗੂ ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ, ਹਰਜਿੰਦਰ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਸ਼ੇਰ ਸਿੰਘ, ਹਰਵਿੰਦਰ ਸਿੰਘ ਸਣੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।