Jalandhar News : ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ’ਚ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਮੁਲਜ਼ਮਾਂ ਨੇ ਸਾਬਕਾ ਵਿਧਾਇਕ ਦੇ ਭਤੀਜੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 17 ਸਾਲਾ ਵਿਕਾਸ ਵਜੋਂ ਹੋਈ ਹੈ, ਜੋ ਕਿ ਬਸਤੀ ਦਾਨਿਸ਼ਮੰਦਾ ਦਾ ਵਾਸੀ ਸੀ।
Publish Date: Sat, 13 Dec 2025 12:10 AM (IST)
Updated Date: Sat, 13 Dec 2025 12:12 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ’ਚ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਮੁਲਜ਼ਮਾਂ ਨੇ ਸਾਬਕਾ ਵਿਧਾਇਕ ਦੇ ਭਤੀਜੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 17 ਸਾਲਾ ਵਿਕਾਸ ਵਜੋਂ ਹੋਈ ਹੈ, ਜੋ ਕਿ ਬਸਤੀ ਦਾਨਿਸ਼ਮੰਦਾ ਦਾ ਵਾਸੀ ਸੀ। ਜਾਣਕਾਰੀ ਅਨੁਸਾਰ ਵਿਕਾਸ ਦਾ ਆਪਣੀ ਹੀ ਗਲੀ ’ਚ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਝਗੜੇ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਕੱਢੇ ਤੇ ਵਿਕਾਸ 'ਤੇ ਹਮਲਾ ਕੀਤਾ। ਗੰਭੀਰ ਜ਼ਖਮੀ ਵਿਕਾਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦਾ ਪਤਾ ਲੱਗਦਿਆਂ ਹੀ ਸਾਬਕਾ ਵਿਧਾਇਕ ਸ਼ੀਤਲ ਆਪਣੇ ਭਤੀਜੇ ਨੂੰ ਦੇਖਣ ਲਈ ਹਸਪਤਾਲ ਪਹੁੰਚੇ। ਇਸ ਘਟਨਾ ਨੇ ਪੂਰੇ ਮੁਹੱਲੇ ’ਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਨੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ। ਥਾਣਾ-5 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਘਟਨਾ ਸਥਾਨ ਤੋਂ ਜ਼ਰੂਰੀ ਸਬੂਤ ਇਕੱਠੇ ਕਰ ਲਏ ਹਨ ਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲਗਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਤੇ ਨਿੱਜੀ ਝਗੜੇ ਦਾ ਹੈ, ਹਾਲਾਂਕਿ ਸਾਰੇ ਪਹਿਲੂਆਂ ਦੀ ਜਾਂਚ ਜਾਰੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਲੋਕਾਂ ਵਿੱਚ ਗੁੱਸੇ ਅਤੇ ਡਰ ਦਾ ਮਾਹੌਲ ਹੈ, ਜਦੋਂ ਕਿ ਪਰਿਵਾਰ ਡੂੰਘੇ ਸਦਮੇ ਵਿੱਚ ਹੈ।