ਸਮੱਸਿਆ ਦਾ ਹੱਲ ਕਰਨ ਦੀ ਬਜਾਏ ਹਸਪਤਾਲ ਚਲਾ ਰਹੇ ਪ੍ਰਬੰਧਕ, ਮਰੀਜ਼ਾਂ ਵੱਲੋਂ ਕੰਬਲ ਨਾ ਲੈਣ ਦੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਾ ਨਜ਼ਰ ਆ ਰਹੇ ਹਨ। ਇਹੀ ਨਹੀਂ, ਸਿਵਲ ਹਸਪਤਾਲ ਦੀ ਪ੍ਰਸ਼ਾਸਕੀ ਇਮਾਰਤ ਵਿਚ ਬਣੇ ਮੈਡੀਕਲ ਤੇ ਸਰਜਰੀ ਵਾਰਡਾਂ ’ਚ ਖਿੜਕੀਆਂ ’ਤੇ ਪਰਦੇ ਨਾ ਲੱਗੇ ਹੋਣ ਕਾਰਨ ਰਾਤ ਸਮੇਂ ਵਾਰਡਾਂ ’ਚ ਠੰਢ ਕਾਫ਼ੀ ਵੱਧ ਜਾਂਦੀ ਹੈ, ਜਿਸ ਨਾਲ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੰਵਾਦਦਾਤਾ, ਪੰਜਾਬੀ ਜਾਗਰਣ, ਜਲੰਧਰ : ਤਾਪਮਾਨ ਦੇ ਪਾਰੇ ਵਿਚ ਗਿਰਾਵਟ ਦੇ ਨਾਲ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਠੰਢ ਤੋਂ ਬਚਾਅ ਲਈ ਸਿਵਲ ਹਸਪਤਾਲ ਜਲੰਧਰ ਵਿਚ ਪੱਕੇ ਇੰਤਜ਼ਾਮ ਨਾ ਹੋਣ ਕਾਰਨ ਮਰੀਜ਼ਾਂ ਨੂੰ ਕੰਬਲ ਤੇ ਹੀਟਰ ਘਰੋਂ ਲੈ ਕੇ ਆਉਣੇ ਪੈ ਰਹੇ ਹਨ।
ਸਮੱਸਿਆ ਦਾ ਹੱਲ ਕਰਨ ਦੀ ਬਜਾਏ ਹਸਪਤਾਲ ਚਲਾ ਰਹੇ ਪ੍ਰਬੰਧਕ, ਮਰੀਜ਼ਾਂ ਵੱਲੋਂ ਕੰਬਲ ਨਾ ਲੈਣ ਦੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਾ ਨਜ਼ਰ ਆ ਰਹੇ ਹਨ। ਇਹੀ ਨਹੀਂ, ਸਿਵਲ ਹਸਪਤਾਲ ਦੀ ਪ੍ਰਸ਼ਾਸਕੀ ਇਮਾਰਤ ਵਿਚ ਬਣੇ ਮੈਡੀਕਲ ਤੇ ਸਰਜਰੀ ਵਾਰਡਾਂ ’ਚ ਖਿੜਕੀਆਂ ’ਤੇ ਪਰਦੇ ਨਾ ਲੱਗੇ ਹੋਣ ਕਾਰਨ ਰਾਤ ਸਮੇਂ ਵਾਰਡਾਂ ’ਚ ਠੰਢ ਕਾਫ਼ੀ ਵੱਧ ਜਾਂਦੀ ਹੈ, ਜਿਸ ਨਾਲ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰੀਜ਼ਾਂ ਨੂੰ ਸਰਕਾਰੀ ਕੰਬਲ ਮੁਹੱਈਆ ਨਹੀਂ ਹੋ ਰਹੇ ਤੇ ਉਹ ਘਰੋਂ ਕੰਬਲ ਤੇ ਰਜ਼ਾਈਆਂ ਲਿਆਉਣ ਲਈ ਮਜਬੂਰ ਹਨ, ਸਵਾਲ ਉੱਠਦਾ ਹੈ ਕਿ ਸਰਕਾਰੀ ਤੌਰ ’ਤੇ ਜਿਹੜੇ ਕੰਬਲ ਤੇ ਹੀਟਰ ਪ੍ਰਾਪਤ ਕਰਦੇ ਹਨ, ਉਹ ਕਿੱਥੇ ਜਾਂਦੇ ਹਨ। ਠੰਢ ਤੋਂ ਰਾਹਤ ਲਈ ਕਈ ਮਰੀਜ਼ਾਂ ਦੇ ਸੰਭਾਲਕਾਰ ਵਾਰਡਾਂ ਵਿਚ ਹੀਟਰ ਵੀ ਘਰੋਂ ਲੈ ਕੇ ਆ ਰਹੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਹਾਲਾਂਕਿ ਸਿਹਤ ਵਿਭਾਗ ਕੋਲ ਲਗਪਗ ਇਕ ਹਜ਼ਾਰ ਕੰਬਲ ਮੌਜੂਦ ਹਨ ਤੇ ਸਾਲ 2024 ’ਚ ਵਾਰਡਾਂ ’ਚ ਲਗਾਉਣ ਲਈ 17 ਹੀਟਰ ਵੀ ਖਰੀਦੇ ਗਏ ਸਨ। ਉੱਥੇ ਹੀ ਬੱਚਾ ਵਾਰਡ ’ਚ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਣ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਸਵਜਨਾਂ ਨੂੰ ਠੰਢ ਨਾਲ ਜੂਝਣਾ ਪੈ ਰਿਹਾ ਹੈ। ਠੰਢੀ ਹਵਾ ਤੋਂ ਬਚਾਅ ਲਈ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਖਿੜਕੀਆਂ ’ਤੇ ਕੰਬਲ ਲਗਾ ਕੇ ਗੁਜ਼ਾਰਾ ਕਰ ਰਹੇ ਹਨ। ਇਸੇ ਤਰ੍ਹਾਂ ਜੱਚਾ-ਬੱਚਾ ਵਾਰਡ ਦੇ ਵੀ ਪਹਿਲਾਂ ਵਾਂਗ ਬੁਰੇ ਹਾਲੇ ਹਨ, ਉਥੇ ਵੀ ਮਰੀਜ਼ਾਂ ਨੂੰ ਸਰਕਾਰੀ ਕੰਬਲ ਨਹੀਂ ਮਿਲ ਰਹੇ।
ਹਸਪਤਾਲ ’ਚ ਦਾਖਲ ਮਰੀਜ਼ ਦੇ ਸੰਭਾਲਕਾਰ ਰੌਸ਼ਨ ਲਾਲ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਮੈਡੀਕਲ ਵਾਰਡ ’ਚ ਦਾਖਲ ਹਨ ਪਰ ਡਿਊਟੀ ’ਤੇ ਮੌਜੂਦ ਸਟਾਫ ਵੱਲੋਂ ਕੋਈ ਸਰਕਾਰੀ ਕੰਬਲ ਨਹੀਂ ਦਿੱਤਾ ਗਿਆ। ਹਾਲਾਂਕਿ ਐਮਰਜੈਂਸੀ ਵਿਚ ਪਹੁੰਚਣ ਸਮੇਂ ਉੱਥੋਂ ਕੰਬਲ ਮਿਲਿਆ ਸੀ। ਇਸ ਤੋਂ ਬਾਅਦ ਪਿੰਡ ਤੋਂ ਕੰਬਲ ਤੇ ਰਜ਼ਾਈ ਮੰਗਵਾ ਕੇ ਠੰਢ ਤੋਂ ਬਚਾਅ ਕਰ ਰਹੇ ਹਨ। ਉੱਥੇ ਹੀ ਸਰਜੀਕਲ ਵਾਰਡ ’ਚ ਦਾਖਲ ਮਰੀਜ਼ ਦੇ ਭਰਾ ਅਜੀਤ ਸਿੰਘ ਨੇ ਕਿਹਾ ਕਿ ਠੰਢ ਤੋਂ ਬਚਾਅ ਲਈ ਉਹ ਘਰੋਂ ਹੀਟਰ ਲੈ ਕੇ ਆਏ ਹਨ ਕਿਉਂਕਿ ਰਾਤ ਸਮੇਂ ਵਾਰਡ ’ਚ ਠੰਢ ਕਾਫ਼ੀ ਵੱਧ ਜਾਂਦੀ ਹੈ।
ਇਸ ਸਬੰਧਵਿਚ ਹਸਪਤਾਲ ਦੀ ਕਾਰਜਕਾਰੀ ਐੱਮਐੱਸ ਡਾ. ਵਰਿੰਦਰ ਕੌਰ ਥਿੰਦ ਨੇ ਕਿਹਾ ਕਿ ਵਾਰਡਾਂ ’ਚ ਕਾਫ਼ੀ ਮਾਤਰਾ ’ਚ ਕੰਬਲ ਮੌਜੂਦ ਹਨ। ਬਹੁਤੇ ਮਰੀਜ਼ ਕੰਬਲ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਤੇ ਉਨ੍ਹਾਂ ਦੀ ਫਾਈਲ ’ਤੇ ਇਹ ਲਿਖਵਾ ਲਿਆ ਜਾਂਦਾ ਹੈ। ਉਹ ਦੂਜੇ ਮਰੀਜ਼ਾਂ ਦੇ ਵਰਤੇ ਹੋਏ ਕੰਬਲ ਲੈਣ ਤੋਂ ਪਰਹੇਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਹੀਟਰਾਂ ਤੇ ਕੰਬਲਾਂ ਦੀ ਜ਼ਰੂਰਤ ਬਾਰੇ ਜਾਂਚ ਕਰ ਕੇ ਜਿੱਥੇ ਲੋੜ ਹੋਵੇਗੀ ਉੱਥੇ ਭੇਜੇ ਜਾਣਗੇ।