ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਡਾ. ਸੁਖਵਿੰਦਰ ਸੁੱਖੀ ਵਾਲੀ ਇੱਕੋ-ਇਕ ਸੀਟ ਜਿੱਤੀ ਸੀ। ਸੁਖਵਿੰਦਰ ਸੁੱਖ ਬੰਗਾ ਤੋਂ ਵਿਧਾਇਕ ਹਨ ਤੇ ਉਹ ਬਸਪਾ ਤੋਂ ਹੀ ਅਕਾਲੀ ਦਲ 'ਚ ਸ਼ਾਮਲ ਹੋਏ ਹਨ।

ਜਤਿੰਦਰ ਪੰਮੀ/ਪ੍ਰਦੀਪ ਭਨੋਟ, ਜਲੰਧਰ/ਨਵਾਂਸ਼ਹਿਰ : ਡਾ. ਸੁਖਵਿੰਦਰ ਕੁਮਾਰ ਸੁੱਖੀ ਜਲੰਧਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਇਸ ਸਬੰਧੀ ਐਲਾਨ ਅਕਾਲੀ ਦਲ ਦੇ ਸਰਪ੍ਰਸਤ ਸੁਖਬੀਰ ਬਾਦਲ ਨੇ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਡਾ. ਸੁਖਵਿੰਦਰ ਸੁੱਖੀ ਵਾਲੀ ਇੱਕੋ-ਇਕ ਸੀਟ ਜਿੱਤੀ ਸੀ। ਸੁਖਵਿੰਦਰ ਸੁੱਖੀ ਬੰਗਾ ਤੋਂ ਵਿਧਾਇਕ ਹਨ ਤੇ ਉਹ ਬਸਪਾ ਤੋਂ ਹੀ ਅਕਾਲੀ ਦਲ 'ਚ ਸ਼ਾਮਲ ਹੋਏ ਹਨ। ਇਸ ਕਰਕੇ ਬਸਪਾ 'ਚ ਵੀ ਉਨ੍ਹਾਂ ਦਾ ਚੰਗਾ ਆਧਾਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁੱਖੀ ਨੂੰ ਉਮੀਦਵਾਰ ਐਲਾਨਣ 'ਤੇ ਜਲੰਧਰ ਲੋਕ ਸਭਾ ਹਲਕੇ ਦੇ ਨਾਰਾਜ਼ ਕੈਡਰ ਇਨ੍ਹਾਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਵੀ ਕਰ ਸਕਦੇ ਹਨ।
ਜਲੰਧਰ ਵਿਖੇ ਕਰਵਾਈਆਂ ਜਾ ਰਹੀਆਂ ਐੱਮਪੀ ਚੋਣਾਂ ਲਈ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਗੱਠਜੋੜ ਦੇ ਅਹਿਮ ਉਮੀਦਵਾਰ ਵੱਜੋਂ ਐਲਾਨਣ ਨਾਲ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਹਲਕੇ ਦੇ ਲੋਕਾਂ ਵੱਲੋਂ ਡਾ. ਐੱਸਕੇ ਸੁੱਖੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਲਾਕੇ ਦੇ ਆਗੂਆਂ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਹਲਕਾ ਇੰਚਾਰਜ ਸੁਨੀਤਾ ਚੌਧਰੀ, ਨਵਾਂਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ, ਜਥੇ. ਰਮਨਦੀਪ ਸਿੰਘ ਥਿਆੜਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਐੱਸਜੀਪੀਸੀ ਮੈਂਬਰ ਜਥੇ. ਗੁਰਬਖਸ਼ ਸਿੰਘ ਖ਼ਾਲਸਾ, ਜਥੇ. ਮਹਿੰਦਰ ਸਿੰਘ ਹੁਸੈਨਪੁਰ, ਬਰਜਿੰਦਰ ਸਿੰਘ ਹੁਸੈਨਪੁਰ ਸਮਾਜ ਸੇਵੀ, ਕੌੌਂਸਲਰ ਜਿੰਦਰਜੀਤ ਕੌਰ, ਕੌਂਸਲਰ ਪਰਮ ਸਿੰਘ ਖ਼ਾਲਸਾ, ਬੁੱਧ ਸਿੰਘ ਬਲਾਕੀਪੁਰ, ਜਥੇ. ਸੁਖਦੀਪ ਸਿੰਘ ਸ਼ੁਕਾਰ, ਕੁਲਵਿੰਦਰ ਸਿੰਗਲਾ, ਡਾ. ਪਰਮਜੀਤ ਮਾਨ ਆਈਐੱਮਏ ਦੇ ਸੂਬਾ ਪ੍ਰਧਾਨ, ਹਰਮੇਸ਼ ਪੁਰੀ ਸਮੇਤ ਹੋਰਨਾਂ ਆਗੂਆਂ ਅਤੇ ਵਰਕਰਾਂ ਵੱਲੋਂ ਬੰਗਾ ਵਿਧਾਇਕ ਡਾ. ਐੱਸਕੇ ਸੁੱਖੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਡਾ. ਸੁਖਵਿੰਦਰ ਕੁਮਾਰ ਸੁੱਖੀ ਪਹਿਲਾ ਵੀ ਹੁਸ਼ਿਆਰਪੁਰ ਤੋਂ ਐਮਪੀ ਚੋਣਾਂ ਲੜ ਚੁੱਕੇ ਹਨ। ਜਦਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਉਹ ਵਿਧਾਨ ਸਭਾ ਹਲਕਾ ਬੰਗਾ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਵੱਜੋਂ ਜਿੱਤ ਪ੍ਰਾਪਤ ਕਰ ਚੁੱਕੇ ਹਨ। ਜਦਕਿ ਇਸ ਵਾਰ 2022 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਗੱਠਜੋੜ ਕਾਰਨ ਉਹ ਇਕ ਸਸ਼ਕਤ ਦਾਅਵੇਦਾਰ ਵੱਜੋਂ ਚੋਣਾ ਲੜ ਕੇ ਜਿੱਤ ਪ੍ਰਾਪਤ ਕਰ ਚੁੱਕੇ ਹਨ। ਜਦਕਿ ਉੁਨ੍ਹਾਂ ਨੂੰ ਬੰਗਾ ਅਤੇ ਨਵਾਂਸ਼ਹਿਰ ਹਲਕੇ ਦੇ ਨਾਲ ਨਾਲ ਬਲਾਚੌਰ ਹਲਕੇ ਦੇ ਲੋਕਾਂ ਵੱਲੋਂ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਸਾਫ ਸੁਥਰੀ ਛਵੀ ਨੂੰ ਦੇਖਦਿਆਂ ਹੀ ਅਕਾਲੀ ਬਸਪਾ ਗੱਠਜੋੜ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਨੂੰ ਹੱਲ ਕਰਵਾਉਣ ਲਈ ਸੰਸਦ ਵਿਚ ਆਵਾਜ ਬੁਲੰਦ ਕਰ ਚੁੱਕੇ ਹਨ। ਹੁਣ ਉਹ ਜਲੰਧਰ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਵਿਚ ਆਪਣੀ ਆਵਾਜ਼ ਬੁਲੰਦ ਕਰ ਸਕਣਗੇ। ਆਗੂਆਂ ਅਤੇ ਵਰਕਰਾਂ ਨੇ ਦੱਸਿਆ ਕਿ ਡਾ. ਸੁਖਵਿੰਦਰ ਕੁਮਾਰ ਸੁੱਖੀ ਪੜ੍ਹੇ ਲਿੱਖੇ, ਸੂਝਵਾਨ ਅਤੇ ਲੋਕਾਂ ਦੇ ਦੁੱਖ ਦਰਦਾਂ ਨੂੰ ਸਮਝਣ ਵਾਲੇ ਅਤੇ ਲੋਕਾਂ ਦੀ ਮਦਦ ਨੂੰ ਹਰ ਸਮੇਂ ਤਿਆਰ ਬਰ ਤਿਆਰ ਰਹਿਣ ਵਾਲੇ ਵਿਅਕਤੀ ਹਨ।