ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ ਜਲੰਧਰ ਬੱਸ ਸਟੈਂਡ
ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ ਜਲੰਧਰ ਬੱਸ ਸਟੈਂਡ, ਏਸੀ ਵੇਟਿੰਗ ਹਾਲ ਤੇ ਫੂਡ ਕੋਰਟ ਬਣਣਗੇ
Publish Date: Sat, 17 Jan 2026 08:50 PM (IST)
Updated Date: Sat, 17 Jan 2026 08:51 PM (IST)

ਏਸੀ ਵੇਟਿੰਗ ਹਾਲ ਤੇ ਫੂਡ ਕੋਰਟ ਬਣਨਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਸੀ ਵੇਟਿੰਗ ਹਾਲ, ਸਥਾਨਕ ਤੇ ਬ੍ਰਾਂਡਡ ਫੂਡ ਕੋਰਟ, ਬੱਸਾਂ ਦੀ ਰੀਅਲ-ਟਾਈਮ ਲੋਕੇਸ਼ਨ ਲਈ ਡਿਜੀਟਲ ਬੋਰਡ, ਵਾਟਰ ਏਟੀਐੱਮ ਤੇ ਆਰਓ ਸਿਸਟਮ ਵਰਗੀਆਂ ਹੋਰ ਸੁਵਿਧਾਵਾਂ ਨਾਲ ਲੈਸ ਜਲੰਧਰ ਦਾ ਬੱਸ ਸਟੈਂਡ ਯਾਤਰੀਆਂ ਨੂੰ ਸੁਖਦ ਸਫ਼ਰ ਦੀ ਰਾਹਤ ਦੇਵੇਗਾ। ਲੰਮੇ ਇੰਤਜ਼ਾਰ ਤੋਂ ਬਾਅਦ ਜਲੰਧਰ ਦੇ ਬੱਸ ਸਟੈਂਡ ਦੇ ਆਧੁਨਿਕੀਕਰਨ ਦਾ ਰਾਹ ਸਾਫ਼ ਹੋ ਗਿਆ ਹੈ। ਸਰਕਾਰ ਨੇ ਇਸਨੂੰ ਅੱਪਗ੍ਰੇਡ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਸੂਬੇ ’ਚ ਪੰਜ ਸ਼ਹਿਰਾਂ ਦੇ ਬੱਸ ਸਟੈਂਡ ਅੱਪਗ੍ਰੇਡ ਕੀਤੇ ਜਾਣਗੇ। ਸਰਕਾਰ ਦੀ ਯੋਜਨਾ ਤਹਿਤ ਫਿਲਹਾਲ ਟੈਂਡਰ ਪ੍ਰਕਿਰਿਆ ਤੇ ਡੀਟੇਲ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸੰਭਾਵਨਾ ਹੈ ਕਿ ਅਗਲੇ 3 ਤੋਂ 4 ਮਹੀਨਿਆਂ ’ਚ ਕੰਮ ਸ਼ੁਰੂ ਹੋ ਜਾਵੇਗਾ। ਡੀਪੀਆਰ ਤੋਂ ਬਾਅਦ ਪੜਾਅਵਾਰ ਢੰਗ ਨਾਲ ਬੱਸ ਸਟੈਂਡ ਦਾ ਵਿਕਾਸ ਕਾਰਜ ਸ਼ੁਰੂ ਕੀਤਾ ਜਾਵੇਗਾ। ਬੱਸ ਸਟੈਂਡ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਵੱਖ-ਵੱਖ ਹਿੱਸਿਆਂ ’ਚ ਵਿਕਾਸ ਕਾਰਜ ਕੀਤੇ ਜਾਣਗੇ, ਜਿਸ ਨਾਲ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਵੇਗੀ। ਕਾਬਿਲੇਗ਼ੌਰ ਹੈ ਕਿ ਜਲੰਧਰ ਦੇ ਬੱਸ ਸਟੈਂਡ ਤੋਂ ਰੋਜ਼ਾਨਾ 50 ਤੋਂ 70 ਹਜ਼ਾਰ ਯਾਤਰੀ ਸਫ਼ਰ ਕਰਦੇ ਹਨ, ਜਿਸ ਕਾਰਨ ਇਲਾਕੇ ’ਚ ਭੀੜ-ਭੜੱਕਾ ਰਹਿੰਦਾ ਹੈ। ਬੱਸ ਸਟੈਂਡ ਦੇ ਅੱਪਗ੍ਰੇਡ ਹੋਣ ਨਾਲ ਇਸ ਸਮੱਸਿਆ ਤੋਂ ਵੀ ਰਾਹਤ ਮਿਲਣ ਦੀ ਸੰਭਾਵਨਾ ਹੈ। -------------------- ਕੀ ਮਿਲਣਗੀਆਂ ਸੁਵਿਧਾਵਾਂ -ਬੱਸਾਂ ਦੀ ਰੀਅਲ-ਟਾਈਮ ਲੋਕੇਸ਼ਨ ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਬੱਸਾਂ ਦੇ ਸਹੀ ਸਮੇਂ ਦੀ ਜਾਣਕਾਰੀ ਦੇਣ ਲਈ ਸਮਾਰਟ ਡਿਜੀਟਲ ਡਿਸਪਲੇ ਤਿਆਰ ਕੀਤੇ ਜਾਣਗੇ। ਇਸ ਲਈ ਬੱਸ ਸਟੈਂਡ ’ਤੇ ਵੱਡੇ ਡਿਜੀਟਲ ਬੋਰਡ ਲਗਾਏ ਜਾਣਗੇ। -ਯਾਤਰੀਆਂ ਲਈ ਵੇਟਿੰਗ ਹਾਲ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਬਣਾਏ ਜਾਣਗੇ, ਤਾਂ ਜੋ ਗਰਮੀਆਂ ’ਚ ਯਾਤਰੀਆਂ ਨੂੰ ਰਾਹਤ ਮਿਲੇ ਤੇ ਇੰਤਜ਼ਾਰ ਕਰਨਾ ਆਸਾਨ ਹੋਵੇ। -ਮਜ਼ਬੂਤ ਸੁਰੱਖਿਆ ਪ੍ਰਬੰਧਾਂ ਲਈ ਹਾਈ-ਡੈਫਿਨੀਸ਼ਨ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਨਾਲ ਹੀ ਪੁਲਿਸ ਸਹਾਇਤਾ ਡੈਸਕ ਬਣਾਇਆ ਜਾਵੇਗਾ, ਜੋ 24 ਘੰਟੇ ਕੰਮ ਕਰੇਗਾ ਤੇ ਸੀਸੀਟੀਵੀ ਨੈੱਟਵਰਕ ਨਾਲ ਜੁੜਿਆ ਰਹੇਗਾ। -ਭਵਿੱਖ ’ਚ ਇਲੈਕਟ੍ਰਿਕ ਬੱਸਾਂ ਦੀ ਸੰਭਾਵਨਾ ਨੂੰ ਧਿਆਨ ’ਚ ਰੱਖਦਿਆਂ ਈ-ਚਾਰਜਿੰਗ ਸਟੇਸ਼ਨ ਬਣਾਏ ਜਾਣਗੇ ਤਾਂ ਜੋ ਬੱਸਾਂ ਤੇ ਨਿੱਜੀ ਵਾਹਨਾਂ ਲਈ ਚਾਰਜਿੰਗ ਪੁਆਇੰਟ ਉਪਲੱਬਧ ਹੋ ਸਕਣ। -ਯਾਤਰੀਆਂ ਲਈ ਆਧੁਨਿਕ ਫੂਡ ਕੋਰਟ ਤਿਆਰ ਕੀਤੇ ਜਾਣਗੇ, ਜਿੱਥੇ ਸਥਾਨਕ ਤੇ ਬ੍ਰਾਂਡਿਡ ਆਊਟਲੈੱਟਸ ਹੋਣਗੇ। ਸਾਫ਼ ਤੇ ਸ਼ੁੱਧ ਪੀਣ ਵਾਲੇ ਪਾਣੀ ਲਈ ਕੰਪਲੈਕਸ ’ਚ ਕਈ ਥਾਵਾਂ ’ਤੇ ਵਾਟਰ ਏਟੀਐੱਮ ਤੇ ਆਰਓ ਸਿਸਟਮ ਲਾਏ ਜਾਣਗੇ। ------------------ ਯਾਤਰੀਆਂ ਨੂੰ ਮਿਲੇਗੀ ਰਾਹਤ ਕਾਫ਼ੀ ਸਮੇਂ ਤੋਂ ਬੱਸ ਸਟੈਂਡ ਨੂੰ ਅੱਪਗ੍ਰੇਡ ਕਰਨ ਦੀ ਲੋੜ ’ਤੇ ਵਿਚਾਰ ਕੀਤਾ ਜਾ ਰਿਹਾ ਸੀ। ਚੰਡੀਗੜ੍ਹ ਪੱਧਰ ’ਤੇ ਇਹ ਫੈਸਲਾ ਲਿਆ ਗਿਆ ਹੈ, ਹਾਲਾਂਕਿ ਇਸ ਸਬੰਧੀ ਅਜੇ ਸਰਕਾਰੀ ਸੂਚਨਾ ਨਹੀਂ ਮਿਲੀ। ਬੱਸ ਸਟੈਂਡ ਦੇ ਅੱਪਗ੍ਰੇਡ ਹੋਣ ਨਾਲ ਯਾਤਰੀਆਂ ਨੂੰ ਵੱਡੀ ਸੁਵਿਧਾ ਮਿਲੇਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਬੱਸ ਸਟੈਂਡ ਨੂੰ ਅੱਪਗ੍ਰੇਡ ਕਰਨ ਬਾਰੇ ਚਰਚਾ ਹੋ ਚੁੱਕੀ ਹੈ। -ਮਨਿੰਦਰ ਸਿੰਘ, ਜੀਐੱਮ ਰੋਡਵੇਜ਼, ਜਲੰਧਰ ਡਿਪੋ