ਪੁਲਿਸ ਨੇ ਦੋਵੇਂ ਮੁਲਜ਼ਮਾਂ ਦੇ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ ਤੇ ਡਿਲੀਟ ਹੋਏ ਡਾਟਾ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੋਰੈਂਸਿਕ ਜਾਂਚ ਦੌਰਾਨ ਕੁਝ ਸ਼•ੱਕੀ ਨੰਬਰ ਸਾਹਮਣੇ ਆਏ ਹਨ। ਜਾਂਚ ’ਚ ਪਤਾ ਲੱਗਿਆ ਹੈ ਕਿ ਉਮਰਦੀਨ ਲਗਾਤਾਰ ਦੋ ਸ਼ੱਕੀ ਮੋਬਾਈਲ ਨੰਬਰਾਂ ਦੇ ਸੰਪਰਕ ’ਚ ਸੀ।

ਸੁਕਰਾਂਤ, ਜਾਗਰਣ, ਜਲੰਧਰ : ਜਲੰਧਰ ਦੇ ਬੀਐੱਸਐੱਫ ਚੌਕ ਨੇੜੇ ਹੋਏ ਧਮਾਕਾ ਮਾਮਲੇ ’ਚ ਗ੍ਰਿਫ਼ਤਾਰ ਦੋਸ਼ੀ ਉਮਰਦੀਨ ਤੇ ਅਨਿਲ ਸ਼ਰਮਾ ਨਾਲ ਜੁੜੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀ ਆਪਣੇ ਮੋਬਾਈਲ ਫੋਨਾਂ ’ਚ ਅਜਿਹੀ ਖਾਸ ਸੈਟਿੰਗ ਦੀ ਵਰਤੋਂ ਕਰ ਰਹੇ ਸਨ, ਜਿਸ ਤਹਿਤ 24 ਘੰਟਿਆਂ ਬਾਅਦ ਚੈਟ ਆਪਣੇ ਆਪ ਡਿਲੀਟ ਹੋ ਜਾਂਦੀ ਸੀ। ਇਸ ਤੋਂ ਬਾਅਦ ਜਾਂਚ ਏਜੰਸੀਆਂ ਇਹ ਜਾਣਨ ’ਚ ਜੁਟੀਆਂ ਹਨ ਕਿ ਦੋਵਾਂ ਦੀ ਚੈਟ ਕਿਸ ਨਾਲ ਹੋਈ ਸੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਦੇ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ ਤੇ ਡਿਲੀਟ ਹੋਏ ਡਾਟਾ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੋਰੈਂਸਿਕ ਜਾਂਚ ਦੌਰਾਨ ਕੁਝ ਸ਼•ੱਕੀ ਨੰਬਰ ਸਾਹਮਣੇ ਆਏ ਹਨ। ਜਾਂਚ ’ਚ ਪਤਾ ਲੱਗਿਆ ਹੈ ਕਿ ਉਮਰਦੀਨ ਲਗਾਤਾਰ ਦੋ ਸ਼ੱਕੀ ਮੋਬਾਈਲ ਨੰਬਰਾਂ ਦੇ ਸੰਪਰਕ ’ਚ ਸੀ। ਇੰਨਾ ਹੀ ਨਹੀਂ, ਉਸਦੇ ਮੋਬਾਈਲ 'ਤੇ ਕੁਝ ਵਿਦੇਸ਼ੀ ਨੰਬਰਾਂ ਤੋਂ ਵੀ ਮੈਸੇਜ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ’ਚ ਜੁਟੀਆਂ ਹਨ ਕਿ ਇਹ ਵਿਦੇਸ਼ੀ ਨੰਬਰ ਕਿਹੜੇ ਲੋਕਾਂ ਦੇ ਹਨ ਤੇ ਉਨ੍ਹਾਂ ਦਾ ਬਲਾਸਟ ਮਾਮਲੇ ਨਾਲ ਕੀ ਸੰਬੰਧ ਹੈ। ਪੁਲਿਸ ਦਾ ਮੰਨਣਾ ਹੈ ਕਿ ਡਿਲੀਟ ਕੀਤੀ ਗਈ ਚੈਟ ਤੇ ਡਾਟਾ ਤੋਂ ਇਸ ਪੂਰੇ ਨੈੱਟਵਰਕ ਬਾਰੇ ਅਹਿਮ ਜਾਣਕਾਰੀ ਮਿਲ ਸਕਦੀ ਹੈ। ਇਹ ਤਾਂ ਪਹਿਲਾਂ ਹੀ ਸਾਫ਼ ਹੋ ਚੁੱਕਾ ਹੈ ਕਿ ਮੁਲਜ਼ਮ ਸੰਗਠਿਤ ਮਾਡਿਊਲ ਦੇ ਸੰਪਰਕ ਵਿਚ ਸਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਜਾਂ ਐਨਕ੍ਰਿਪਟਡ ਐਪਸ ਰਾਹੀਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ। ਇਸੇ ਕਾਰਨ ਮੋਬਾਈਲ ’ਚ ਆਟੋ-ਡਿਲੀਟ ਫੀਚਰ ਸਰਗਰਮ ਕੀਤਾ ਗਿਆ ਸੀ ਤਾਂ ਜੋ ਕਿਸੇ ਵੀ ਗੱਲਬਾਤ ਦਾ ਰਿਕਾਰਡ ਲੰਬੇ ਸਮੇਂ ਤੱਕ ਸੁਰੱਖਿਅਤ ਨਾ ਰਹੇ।
ਪੁਲਿਸ ਦੀ ਜਾਂਚ ਕਈ ਪਹਿਲੂਆਂ 'ਤੇ ਕੇਂਦਰਿਤ
ਫਿਲਹਾਲ ਪੁਲਿਸ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਮੁਲਜ਼ਮਾਂ ਨੂੰ ਬਲਾਸਟ ਲਈ ਵਿਸਫੋਟਕ ਸਮੱਗਰੀ ਕਿੱਥੋਂ ਮਿਲੀ ਤੇ ਉਨ੍ਹਾਂ ਨੂੰ ਹਦਾਇਤਾਂ ਕੌਣ ਦੇ ਰਿਹਾ ਸੀ। ਨਾਲ ਹੀ ਵਿਦੇਸ਼ੀ ਨੰਬਰਾਂ ਤੋਂ ਆਏ ਸੰਦੇਸ਼ਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਮਾਹਰ ਡਿਲੀਟ ਹੋਈ ਚੈਟ, ਫੋਟੋ, ਵੀਡੀਓ ਤੇ ਕਾਲ ਰਿਕਾਰਡ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੀ ਸੀ ਬੀਐੱਸਐੱਫ ਚੌਕ ਬਲਾਸਟ ਮਾਮਲਾ
5 ਮਈ ਦੀ ਰਾਤ ਜਲੰਧਰ ਦੇ ਬੀਐੱਸਐੱਫ ਮੁੱਖ ਦਫ਼ਤਰ ਸਾਹਮਣੇ ਸਥਿਤ ਬੀਐੱਸਐੱਫ ਚੌਕ ਨੇੜੇ ਜ਼ੋਰਦਾਰ ਧਮਾਕਾ ਹੋਇਆ ਸੀ। ਦੇਰ ਰਾਤ ਹੋਏ ਇਸ ਬਲਾਸਟ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਸੀ। ਧਮਾਕੇ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ ਸੀ ਅਤੇ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਸਨ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਵਿਸਫੋਟਕ ਸਮੱਗਰੀ ਦੇ ਕੁਝ ਅਵਸ਼ੇਸ਼ ਮਿਲੇ ਸਨ। ਮੁੱਢਲੀ ਜਾਂਚ ’ਚ ਇਸਨੂੰ ਆਈਈਡੀ ਬਲਾਸਟ ਮੰਨਿਆ ਗਿਆ। ਇਸ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ, ਖੁਫੀਆ ਏਜੰਸੀਆਂ ਤੇ ਹੋਰ ਸੁਰੱਖਿਆ ਵਿਭਾਗਾਂ ਨੇ ਸਾਂਝੇ ਤੌਰ ’ਤੇ ਜਾਂਚ ਸ਼ੁਰੂ ਕੀਤੀ। ਤਕਨੀਕੀ ਜਾਂਚ ਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਉਮਰਦੀਨ ਤੇ ਅਨਿਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਦੋਵੇਂ ਦੋਸ਼ੀਆਂ ਤੋਂ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਸਨ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਦੋਸ਼ੀਆਂ ਦੇ ਤਾਰ ਸੂਬੇ ਤੋਂ ਬਾਹਰ ਤੇ ਸੰਭਾਵੀ ਤੌਰ ’ਤੇ ਵਿਦੇਸ਼ ’ਚ ਬੈਠੇ ਕੁਝ ਲੋਕਾਂ ਨਾਲ ਵੀ ਜੁੜੇ ਹੋ ਸਕਦੇ ਹਨ। ਇਸੇ ਦਿਸ਼ਾ ’ਚ ਹੁਣ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।