ਜੈਤੇਵਾਲੀ ਐੱਸਟੀਪੀ ਦੀ ਜਾਂਚ ’ਚ ਮਿਲੀਆਂ ਖਾਮੀਆਂ, ਰਾਤ ਨੂੰ ਵੀ ਹੋਵੇਗੀ ਮਾਨੀਟਰਿੰਗ
ਜਾਸ, ਜਲੰਧਰ : ਨਗਰ
Publish Date: Mon, 15 Dec 2025 07:23 PM (IST)
Updated Date: Mon, 15 Dec 2025 07:24 PM (IST)

ਜਾਸ, ਜਲੰਧਰ : ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਸੋਮਵਾਰ ਨੂੰ ਜੈਤੇਵਾਲੀ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਮੁਆਇਨਾ ਕੀਤਾ। ਇਸ ਪਲਾਂਟ ’ਚ ਕੁਝ ਖਾਮੀਆਂ ਪਾਈਆਂ ਗਈਆਂ ਹਨ ਤੇ ਆਪ੍ਰੇਸ਼ਨ ਤੇ ਮੈਨਟੇਨੈਂਸ ਦਾ ਠੇਕਾ ਲੈਣ ਵਾਲੀ ਕੰਪਨੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਛੇਤੀ ਹੀ ਸੁਧਾਰ ਕਰੇ। ਕਮਿਸ਼ਨਰ ਸੰਦੀਪ ਰਿਸ਼ੀ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਟੈਕਨੀਕਲ ਐਡਵਾਈਜ਼ਰ ਸਤਿੰਦਰ ਕੁਮਾਰ ਤੇ ਐੱਸਡੀਓ ਗਗਨ ਲੂਥਰਾ ਨਾਲ ਰਲ ਕੇ ਪਲਾਂਟ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ। ਪਲਾਂਟ ਦੀ ਸਮਰੱਥਾ 25 ਐੱਮਐੱਲਡੀ ਹੈ ਤੇ ਇਹ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ। ਹਾਲਾਂਕਿ ਇੱਥੇ ਲਾਈਆਂ ਗਈਆਂ ਮੋਟਰਾਂ ਪੂਰੀ ਤਰ੍ਹਾਂ ਠੀਕ ਨਹੀਂ ਸਨ ਤੇ ਹੁਕਮ ਦਿੱਤਾ ਗਿਆ ਕਿ ਇਨ੍ਹਾਂ ਨੂੰ ਅਪ-ਟੂ-ਡੇਟ ਰੱਖਿਆ ਜਾਵੇ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਵੀ ਪਲਾਂਟ ਦੀ ਜਾਂਚ ਕੀਤੀ ਗਈ ਸੀ ਤੇ ਉਦੋਂ ਵੀ ਇਥੇ ਕਾਫੀ ਖਾਮੀਆਂ ਮਿਲੀਆਂ ਸਨ ਪਰ ਹੁਣ ਕਾਫੀ ਸੁਧਾਰ ਕੀਤਾ ਗਿਆ ਹੈ। ਬਿੱਟੂ ਨੇ ਦੱਸਿਆ ਕਿ ਦਿਨ ਦੇ ਸਮੇਂ ਪਲਾਂਟ ਠੀਕ ਕੰਮ ਕਰ ਰਿਹਾ ਹੈ ਪਰ ਰਾਤ ਨੂੰ ਇਸ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ। ਇਸ ਲਈ, ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਲਈ ਰਾਤ ਨੂੰ ਵੀ ਮਾਨੀਟਰਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਬਿੱਟੂ ਨੇ ਦੱਸਿਆ ਕਿ ਰਾਮਾ ਮੰਡੀ ਇਲਾਕੇ ’ਚ ਕੁਝ ਇਲਾਕਿਆਂ ’ਚ ਹਾਲੇ ਵੀ ਸੀਵਰੇਜ ਜਾਮ ਦੀ ਸਮੱਸਿਆ ਹੈ ਪਰ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ। ਪਲਾਂਟ ਦੀ ਸਮਰੱਥਾ ਵਧਾਉਣ ਦੀ ਲੋੜ ਹੈ। ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਪਲਾਂਟ ਦੀ ਸਮਰੱਥਾ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੀ ਟੈਕਨੀਕਲ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜੈਤੇਵਾਲੀ ਐੱਸਟੀਪੀ ਕੰਪਲੈਕਸ ’ਚ 12.50 ਐੱਮਐੱਲਡੀ ਦਾ ਇਕ ਹੋਰ ਪਲਾਂਟ ਲਾਇਆ ਜਾਵੇਗਾ ਤਾਂ ਜੋ ਰਾਮ ਮੰਡੀ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸੀਵਰੇਜ ਜਾਮ ਦੀ ਸਮੱਸਿਆ ਨਾ ਆਵੇ। --- ਡਿਜ਼ਾਈਨ ਮਨਜ਼ੂਰ ਹੋਣ ਤੋਂ ਬਾਅਦ ਵਧੇਗੀ ਡਾਗ ਕੰਪਾਊਂਡ ਦੀ ਸਮਰੱਥਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਜਾਂਚ ਮਗਰੋਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਮਿਸ਼ਨਰ ਦੇ ਨਾਲ ਨੰਗਲ ਸ਼ਾਮਾਂ ਡਾਗ ਕੰਪਾਊਂਡ ਦੀ ਵੀ ਜਾਂਚ ਕੀਤੀ। ਡਾਗ ਕੰਪਾਊਂਡ ’ਚ ਕੁੱਤਿਆਂ ਦੀ ਸਟ੍ਰੇਲਾਈਜ਼ੇਸ਼ਨ ਦੀ ਸਮਰੱਥਾ ਨੂੰ ਵਧਾਉਣ ਲਈ ਨਵੇਂ ਕੈਨਲ ਬਣਾਏ ਜਾਣੇ ਹਨ। ਹਾਲਾਂਕਿ, ਇਸ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋਇਆ। ਬਿੱਟੂ ਨੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਠੇਕੇਦਾਰ ਨੇ ਦੱਸਿਆ ਕਿ ਹਾਲੇ ਇਸ ਦੇ ਡਿਜ਼ਾਈਨ ਨੂੰ ਮਨਜ਼ੂਰੀ ਨਹੀਂ ਮਿਲੀ। ਬਿੱਟੂ ਨੇ ਕਿਹਾ ਕਿ ਛੇਤੀ ਹੀ ਡਿਜ਼ਾਈਨ ਮਨਜ਼ੂਰ ਕਰਵਾਉਣਗੇ ਤਾਂ ਜੋ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਇਸ ਨਾਲ ਲੋਕਾਂ ਨੂੰ ਆਵਾਰਾ ਕੁੱਤਿਆਂ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ।