ਨੀਦਰਲੈਂਡ ਕ੍ਰਿਕਟ ਟੀਮ ’ਚ ਪੰਜਾਬ ਦੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ : ਵਿਕਰਮਜੀਤ ਸਿੰਘ
ਨੀਦਰਲੈਂਡ ਕ੍ਰਿਕਟ ਟੀਮ ’ਚ ਪੰਜਾਬ ਦੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ : ਵਿਕਰਮਜੀਤ ਸਿੰਘ
Publish Date: Sat, 06 Dec 2025 09:58 PM (IST)
Updated Date: Sat, 06 Dec 2025 10:00 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨੀਦਰਲੈਂਡ ਕ੍ਰਿਕਟ ਟੀਮ ਵਿਚ ਪੰਜਾਬ ਦੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ ਹੈ ਅਤੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਸਦਕਾ ਉਹ ਹਮੇਸ਼ਾ ਪੰਜਾਬ ਦਾ ਨਾਮ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੀਦਰਲੈਂਡ ਦੇ ਇੰਟਰਨੈਸ਼ਨਲ ਕ੍ਰਿਕਟਰ ਵਿਕਰਮਜੀਤ ਸਿੰਘ ਨੇ ਕੀਤਾ। ਉਹ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਸੰਬੋਧਨ ਦੌਰਾਨ ਵਿਚਾਰ ਸਾਂਝੇ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਜੰਮਪਲ ਹਨ ਪਰ ਲੰਬੇ ਸਮੇਂ ਤੋਂ ਨੀਦਰਲੈਂਡ ਵਿਚ ਰਹਿ ਰਹੇ ਹਨ ਅਤੇ ਇਸ ਵੇਲੇ ਨੀਦਰਲੈਂਡ ਦੀ ਇੰਟਰਨੈਸ਼ਨਲ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਹਨ। ਜਦੋਂ ਉਹ ਮੈਚ ਖੇਡਦੇ ਹਨ ਤਾਂ ਸਰਦਾਰ ਹੋਣ ਕਰਕੇ ਇੰਟਰਨੈਸ਼ਨਲ ਪੱਧਰ ‘ਤੇ ਪੰਜਾਬ ਦੀ ਨੁਮਾਇੰਦਗੀ ਹੋ ਜਾਂਦੀ ਹੈ। ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਟੇਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਸਬੰਧੀ ਪੇਸ਼ ਕੀਤਾ ਪ੍ਰੋਗਰਾਮ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ। ਵਿਦਿਆਰਥੀਆਂ ਨੇ ਸਿੱਖ ਗੁਰੂਆਂ ਦੁਆਰਾ ਸਿਖਾਈ ਸ਼ਸਤਰ ਵਿੱਦਿਆ ਤੇ ਸਿੱਖਾਂ ਦੀ ਜੰਗੀ ਕਲਾ ਗੱਤਕੇ ਦਾ ਉੱਤਮ ਪ੍ਰਦਰਸ਼ਨ ਕਰਕੇ ਸਭ ਵਿਚ ਵੱਖਰਾ ਹੀ ਜੋਸ਼ ਭਰਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਮਾਪਿਆਂ ਦੇ ਆਗਿਆਕਾਰੀ ਬਣ ਕੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਰੰਗ ਝੂਮਰ, ਭੰਗੜਾ ਅਤੇ ਮਲਵਈ ਗਿੱਧਾ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕੀਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਪਾਪਾ ਮੇਰੇ, ਲਾਡਲਾ, ਡਾਂਸ ਪੇ ਚਾਂਸ, ਮੁਕਾਬਲਾ, ਆਲ ਇਜ਼ ਵੈਲ, ਗੁਜਰਾਤੀ ਡਾਂਸ, ਕਰਾਟੇ ਅਤੇ ਹਰਿਆਣਵੀ ਨਾਚ ਪੇਸ਼ ਕੀਤੇ ਗਏ। ਅਕਾਦਮਿਕ ਤੇ ਹੋਰਨਾਂ ਗਤੀਵਿਧੀਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਦਿੱਤੇ ਗਏ। ਬੈਸਟ ਹਾਊਸ ਦੀ ਟਰਾਫੀ ਅੰਮ੍ਰਿਤਾ ਪ੍ਰੀਤਮ ਹਾਊਸ ਨੇ ਪ੍ਰਾਪਤ ਕੀਤੀ। ਸਕੂਲ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਅਨਮੋਲ ਸਿੰਘ ਅਤੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਇੰਟਰਨੈਸ਼ਨਲ ਕ੍ਰਿਕਟਰ ਵਿਕਰਮਜੀਤ ਸਿੰਘ ਦਾ ਸਕੂਲ ਆਉਣ ਤੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਧੰਨਵਾਦ ਕੀਤਾ। ਐਕਟੀਵਿਟੀ ਕੋਆਰਡੀਨੇਟਰ ਸੁਖਵੰਤ ਸਿੰਘ ਤੇ ਜਸਪਾਲ ਕੌਰ ਨੇ ਸਾਲਾਨਾ ਸਮਾਗਮ ਵਿਚ ਸਟਾਫ਼ ਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।