ਬੀਤੇ ਛੇ ਮਹੀਨਿਆਂ ਦੌਰਾਨ ਕਾਊਂਟਰ ਇੰਟੈਲੀਜੈਂਸ ਨੇ ਆਈਐੱਸਆਈ ਨਾਲ ਜੁੜੇ ਕਰੀਬ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਵਿੱਚੋਂ ਪੰਜ ਤੋਂ ਵੱਧ ਨਾਬਾਲਿਗ ਹਨ। ਜਾਂਚ ਮੁਤਾਬਕ ਆਈਐੱਸਆਈ ਹੁਣ ਜਾਸੂਸੀ, ਹਥਿਆਰ ਸਪਲਾਈ ਤੇ ਨਸ਼ਾ ਤਸਕਰੀ ਜਿਹੇ ਮਾਮਲਿਆਂ ਵਿਚ ਨਾਬਾਲਿਗਾਂ ਦੀ ‘ਵਰਤੋਂ’ ਕਰ ਰਹੀ ਹੈ।

ਸੁਕ੍ਰਾਂਤ, ਜਾਗਰਣ, ਜਲੰਧਰ : ਪੁਲਿਸ ਵੱਲੋਂ ਵੀਰਵਾਰ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਸਮਰਥਿਤ ਜਾਸੂਸੀ ਮਾਡਿਊਲ ਦੇ ਤਿੰਨ ਗੁਰਗਿਆਂ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਕੋਲੋਂ ਕੀਤੀ ਪੁੱਛਗਿੱਛ ਵਿਚ ਕਈ ਭੇਤ ਖੁੱਲ੍ਹੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਇਕ-ਦੋ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਸਗੋਂ ਇਹ ਹੁਸ਼ਿਆਰਪੁਰ, ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿਚ ਸਰਗਰਮ ਹੈ। ਕਾਊਂਟਰ ਇੰਟੈਲੀਜੈਂਸ (ਸੀਆਈ) ਨੇ ਜਲੰਧਰ ਵਿਚ ਫੜੇ ਮੁਲਜ਼ਮ ਸੁਖਵਿੰਦਰ ਸੁੱਖਾ ਦੇ 2 ਹੋਰ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਉਨ੍ਹਾਂ ਕੋਲੋਂ ਇਕ ਕੈਮਰਾ ਬਰਾਮਦ ਹੋਇਆ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਬੀਤੇ ਛੇ ਮਹੀਨਿਆਂ ਦੌਰਾਨ ਕਾਊਂਟਰ ਇੰਟੈਲੀਜੈਂਸ ਨੇ ਆਈਐੱਸਆਈ ਨਾਲ ਜੁੜੇ ਕਰੀਬ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਵਿੱਚੋਂ ਪੰਜ ਤੋਂ ਵੱਧ ਨਾਬਾਲਿਗ ਹਨ। ਜਾਂਚ ਮੁਤਾਬਕ ਆਈਐੱਸਆਈ ਹੁਣ ਜਾਸੂਸੀ, ਹਥਿਆਰ ਸਪਲਾਈ ਤੇ ਨਸ਼ਾ ਤਸਕਰੀ ਜਿਹੇ ਮਾਮਲਿਆਂ ਵਿਚ ਨਾਬਾਲਿਗਾਂ ਦੀ ‘ਵਰਤੋਂ’ ਕਰ ਰਹੀ ਹੈ। ਸੁੱਖਾ ਦੇ ਸਾਥੀਆਂ ਵਿਚ ਵੀ ਨਾਬਾਲਿਗਾਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਕਾਊਂਟਰ ਇੰਟੈਲੀਜੈਂਸ ਹੁਣ ਸੁੱਖੇ ਦੇ ਸੰਪਰਕਾਂ, ਉਸ ਦੇ ਡਿਜੀਟਲ ਰਿਕਾਰਡ ਤੇ ਫੰਡਿੰਗ ਚੈਨਲਾਂ ਦੀ ਜਾਂਚ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿਚ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਆਈਐੱਸਆਈ ਦੇ ਸਿੱਧੇ ਸੰਪਰਕ ’ਚ ਸੀ ਸੁੱਖਾ : ਜਾਂਚ ਵਿਚ ਪਤਾ ਚੱਲਿਆ ਹੈ ਕਿ ਸੁੱਖਾ ਆਈਐੱਸਆਈ ਦੇ ਸੰਪਰਕ ਵਿਚ ਸੀ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਪਾਕਿਸਤਾਨ ਵਿਚ ਆਪਣੇ ਆਕਾਵਾਂ ਤੇ ਆਪਣੇ ਗੁਰਗਿਆਂ ਤੋਂ ਕਿਸ ਜ਼ਰੀਏ ਨਾਲ ਰਾਬਤਾ ਕਰਦਾ ਸੀ। ਉਸ ਕੋਲੋਂ ਬਰਾਮਦ ਮੋਬਾਈਲ ਤੇ ਡਿਜੀਟਲ ਡੈਟਾ ਦੀ ਫਾਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਤਾਂ ਜੋ ਹੋਰਨਾਂ ਸੂਬਿਆਂ ਵਿਚ ਫੈਲੇ ਗਿਰੋਹ ਦੇ ਗੁਰਗਿਆਂ ਦੀ ਸ਼ਨਾਖ਼ਤ ਕੀਤੀ ਜਾ ਸਕੇ।
ਏਜੰਸੀਆਂ ਨੇ ਪਹਿਲਾਂ ਹੀ ਕੀਤਾ ਸੀ ਅਲਰਟ : ਨਵੀਂ ਦਿੱਲੀ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਜਨਤਕ ਥਾਵਾਂ ’ਤੇ ਸੋਲਰ ਸੀਸੀਟੀਵੀ ਲਗਾ ਕੇ ਜਾਸੂਸੀ ਕਰਨ ਵਾਲੇ ਇਸ ਨੈੱਟਵਰਕ ਦਾ ਰਾਜ਼ਫ਼ਾਸ਼ ਕਰਨ ਮਗਰੋਂ ਕੇਂਦਰੀ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਵੀ ਅਲਰਟ ਕੀਤਾ ਸੀ। ਇਸ ਦੌਰਾਨ ਪਠਾਨਕੋਟ ਜ਼ਿਲ੍ਹੇ ਦੇ ਡਮਟਾਲ ਲਾਗੇ ਪੁਲਿਸ ਨੇ ਇਕ ਸੋਲਰ ਕੈਮਰਾ ਬਰਾਮਦ ਕੀਤਾ। ਹਾਲਾਂਕਿ ਉਸ ਸਮੇਂ ਪੁਲਿਸ ਨੇ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੇ ਕੈਮਰੇ ਹੋਣ ਦੀ ਗੱਲ ਤੋਂ ਨਾਂਹ ਕੀਤੀ ਸੀ। ਵੀਰਵਾਰ ਨੂੰ ਜਲੰਧਰ ਤੇ ਕਪੂਰਥਲਾ ਵਿਚ ਜਾਸੂਸੀ ਨੈੱਟਵਰਕ ਦੇ ਬੇਨਕਾਬ ਹੋਣ ਮਗਰੋਂ ਪੁਲਿਸ ਹੁਣ ਅਲਰਟ ਹੋ ਗਈ ਹੈ।
ਪਿਛਲੇ ਮਾਮਲਿਆਂ ’ਚ ਸਾਹਮਣੇ ਆਈ ਸੀ ਨਾਬਾਲਿਗਾਂ ਦੀ ਭੂਮਿਕਾ : ਜੁਲਾਈ 2025 ਨੂੰ ਕਾਊਂਟਰ ਇੰਟੈਲੀਜੈਂਸ ਨੇ 5 ਜਣਿਆਂ ਨੂੰ ਫੜਿਆ ਸੀ, ਜਿਨ੍ਹਾਂ ਵਿੱਚੋਂ 3 ਨਾਬਾਲਿਗ ਸਨ। ਮੁਲਜ਼ਮਾਂ ਤੋਂ ਆਰਡੀਐਕਸ ਬਰਾਮਦ ਹੋਈ ਸੀ। ਅੱਠ ਅਪ੍ਰੈਲ 2025 ਨੂੰ ਇਕ ਨਾਬਾਲਿਗ ਫੜਿਆ ਗਿਆ ਸੀ। ਅਪ੍ਰੈਲ 2025 ਵਿਚ ਇਕ ਹੋਰ ਨਾਬਾਲਿਗ ਸਮੇਤ 13 ਜਣੇ ਗ੍ਰਿਫ਼ਤਾਰ ਹੋਏ ਸਨ, ਜੋ ਕਿ ਆਈਐੱਸਆਈ ਲਈ ਕੰਮ ਕਰਦੇ ਸਨ। ਫਿਰ, ਅਕਤੂਬਰ 2025 ਵਿਚ ਦੋ ਮੁਲਜ਼ਮ ਫੜੇ ਗਏ ਸਨ, ਇਨ੍ਹਾਂ ਕੋਲੋਂ ਆਰਡੀਐਕਸ ਤੇ ਹਥਿਆਰ ਬਰਾਮਦ ਹੋਏ ਸਨ।