ਕਲਗੀਧਰ ਟਰੱਸਟ ਬੜੂ ਸਾਹਿਬ ਨੇ 35 ਹੜ੍ਹ ਪੀੜਤਾਂ ਨੂੰ ਬਣਾ ਕੇ ਦਿੱਤੇ ਘਰ
ਮੁੰਬਈ ਦੀ ਸੰਗਤ ਵੱਲੋਂ ਕਲਗੀਧਰ ਟਰੱਸਟ ਬੜੂ ਸਾਹਿਬ ਤੋ ਪ੍ਰੇਰਿਤ ਹੋ ਹੜ੍ਹ ਪੀੜਤਾਂ ਦੀ ਸੇਵਾ ਕਰਨ ਦਾ ਵਾਅਦਾ
Publish Date: Sat, 15 Nov 2025 07:36 PM (IST)
Updated Date: Sat, 15 Nov 2025 09:32 PM (IST)
-10 ਦਸੰਬਰ ਤਕ ਪ੍ਰੀ-ਫੈਬ੍ਰਿਕੇਟਿਡ ਮਟੀਰੀਅਲ ਨਾਲ ਤਿਆਰ ਕੀਤੇ ਜਾਣਗੇ 100 ਘਰ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆ ’ਚ ਹੜ੍ਹ ਪੀੜਤਾਂ ਦੀ ਮਦਦ ਦਾ ਕਾਰਜ ਹਾਲੇ ਵੀ ਜਾਰੀ ਹੈ। ਟਰੱਸਟ ਦੇ ਸੇਵਾਦਾਰਾਂ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਸਰਦੀ ਤੋਂ ਬਚਾਉਣ ਲਈ ਨਵੇਂ ਘਰ ਬਣਾ ਕੇ ਦਿੱਤੇ ਜਾ ਰਹੇ ਹਨ ਜਾਂ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਕਰਵਾ ਕੇ ਦਿੱਤੀ ਜਾ ਰਹੀ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਲਗੀਧਰ ਟਰੱਸਟ ਨੇ ਇਹ ਬੀੜਾ ਚੁੱਕਿਆ ਹੈ ਕਿ ਸੰਗਤਾਂ ਦਾ ਪੈਸਾ ਸਹੀ ਤਰੀਕੇ ਨਾਲ ਇਸ਼ਤੇਮਾਲ ਹੋਵੇ। ਅਸੀਂ ਹੜ੍ਹ ਪੀੜਤਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰ ਰਹੇ ਹਾਂ। ਨਾਲ ਹੀ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਜੋ ਸੇਵਾ ਕਾਰਜਾਂ ਦਾ ਚੌਥਾ ਪੜਾਅ ਚੱਲ ਰਿਹਾ ਹੈ। ਇਸ ’ਚ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪੁੱਜਾ ਹੈ, ਉਨ੍ਹਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਨਵੇਂ ਮਕਾਨ ਦਿੱਤੇ ਜਾਣਗੇ ਜਾਂ ਨੁਕਸਾਨੇ ਘਰਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸੇ ਤਹਿਤ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ’ਚ 12 ਨਵੇਂ ਘਰ ਪਿੰਡ ਲੋਧੀ ਗੁੱਜਰ, ਪੰਜੂ, ਪੰਜੂ ਕਲਾਲ, ਚੱਕ ਅਲ, ਹਰੜ ਖੁਰਦ, ਗਮ ਚੱਕ ਤੇ ਦੂਜੋਵਾਲ ’ਚ ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ ਦਿੱਤੇ ਗਏ। ਇਨ੍ਹਾਂ ਘਰਾਂ ਦੀਆਂ ਚਾਬੀਆਂ ਸੌਂਪਣ ਲਈ ਮੁੰਬਈ ਦੀ ਸੰਗਤ ਵੱਲੋਂ ਵੀ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਟਰੱਸਟ ਵੱਲੋਂ ਕੀਤੇ ਇਸ ਨਵੇਕਲੇ ਪ੍ਰੀ-ਫੈਬ੍ਰਿਕੇਟਿਡ ਮਟੀਰੀਅਲ ਮਕਾਨ ਦੀ ਸ਼ਲਾਘਾ ਕੀਤੀ ਤੇ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਸੇਵਾ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਟਰੱਸਟ ਦੇ ਸੇਵਾਦਾਰ ਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ। ਉਪ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੀ-ਫੈਬ੍ਰਿਕੇਟਿਡ ਮਟੀਰੀਅਲ ਨਾਲ ਤਿਆਰ ਕਰਕੇ ਲਗਭਗ 35 ਨਵੇਂ ਘਰ ਹੜ੍ਹ ਪੀੜਤ ਨੂੰ ਦੇ ਚੁੱਕੇ ਹਾਂ ਤੇ ਸੰਸਥਾ ਦਾ 100 ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ (400 ਤੋਂ 900 ਸਕੇਅਰ ਫੁੱਟ ਤੱਕ) ਉਸਾਰੀ ਕਰਕੇ ਹੜ੍ਹ ਪੀੜਤਾਂ ਨੂੰ 10 ਦਸੰਬਰ ਤੱਕ ਦੇਣ ਦਾ ਟੀਚਾ ਹੈ, ਜੋ ਕਿ ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿਆਂਗੇ।