ਗਣਤੰਤਰ ਦਿਵਸ ਮੌਕੇ ਉਦਯੋਗਪਤੀ ਤੇ ਸਮਾਜ-ਸੇਵੀ ਭੱਲਾ ਸਨਮਾਨਿਤ
ਗਣਤੰਤਰ ਦਿਵਸ ਦੇ ਮੌਕੇ ਗੁਰੂ ਗੋਬਿੰਦ ਸਿੰਘ
Publish Date: Fri, 30 Jan 2026 11:40 PM (IST)
Updated Date: Fri, 30 Jan 2026 11:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਣਤੰਤਰ ਦਿਵਸ ਦੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਕਰਵਾਏ ਗਏ ਸਮਾਗਮ ਦੌਰਾਨ ਨੌਜਵਾਨ ਉਦਯੋਗਪਤੀ ਤੇ ਸਮਾਜਸੇਵੀ ਲਲਿਤ ਭੱਲਾ ਨੂੰ ਉਦਯੋਗ, ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ’ਚ ਸ਼ਲਾਘਾਯੋਗ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ, ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ (ਆਈਏਐੱਸ) ਅਤੇ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ (ਆਈਪੀਐੱਸ) ਵੱਲੋਂ ਪ੍ਰਦਾਨ ਕੀਤਾ ਗਿਆ। ਲਲਿਤ ਭੱਲਾ ਡੀਆਰਪੀ ਮੈਟਲ ਵਰਕਸ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਹਨ ਤੇ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਦੇ ਵਿੱਤ ਸਕੱਤਰ ਵੀ ਹਨ। ਉਹ ਅਪਾਹਜ ਆਸ਼ਰਮ, ਜਲੰਧਰ ਦੇ ਸਰਗਰਮ ਜਨਰਲ ਬਾਡੀ ਮੈਂਬਰ ਹਨ ਅਤੇ ਕਾਫ਼ੀ ਸਮੇਂ ਤੋਂ ਸਮਾਜਿਕ ਤੌਰ ’ਤੇ ਕਮਜ਼ੋਰ ਤੇ ਜ਼ਰੂਰਤਮੰਦ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੇ ਸਹਿਯੋਗ ਨਾਲ ਕਈ ਮੁਫ਼ਤ ਮੈਡੀਕਲ ਕੈਂਪ ਅਤੇ ਆਈ ਆਪ੍ਰੇਸ਼ਨ ਕੈਂਪ ਲਗਾਏ ਗਏ, ਜਿਨ੍ਹਾਂ ਰਾਹੀਂ ਸੈਂਕੜੇ ਲੋਕਾਂ ਨੂੰ ਲਾਭ ਮਿਲਿਆ। ਵਪਾਰਕ ਖੇਤਰ ਵਿੱਚ ਵੀ ਉਨ੍ਹਾਂ ਨੇ ਜਲੰਧਰ ਦੇ ਉਦਯੋਗਿਕ ਵਿਕਾਸ ਅਤੇ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਦੇ ਨਾਲ ਹੀ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਸਿਹਤ ਤੇ ਜਾਗਰੂਕਤਾ ਪ੍ਰਤੀ ਪ੍ਰੇਰਿਤ ਕਰਦੇ ਰਹੇ ਹਨ। ਉਨ੍ਹਾਂ ਨੂੰ ਮਿਲਿਆ ਇਹ ਸਨਮਾਨ ਸਮਾਜ ’ਚ ਸਕਾਰਾਤਮਕ ਬਦਲਾਅ ਲਈ ਕੀਤੇ ਜਾ ਰਹੇ ਉਨ੍ਹਾਂ ਦੇ ਲਗਾਤਾਰ ਯਤਨਾਂ ਦਾ ਪ੍ਰਤੀਕ ਹੈ।