ਦੋ ਦਿਨਾਂ ਬਾਅਦ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਦੀ ਉਡਾਣ ਮੁੜ ਸ਼ੁਰੂ
ਦੋ ਦਿਨਾਂ ਬਾਅਦ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਦੀ ਉਡਾਣ ਮੁੜ ਸ਼ੁਰੂ
Publish Date: Sat, 20 Dec 2025 08:51 PM (IST)
Updated Date: Sat, 20 Dec 2025 08:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੋਹਰੇ ਕਾਰਨ ਦੋ ਦਿਨਾਂ ਤੱਕ ਬੰਦ ਰਹਿਣ ਤੋਂ ਬਾਅਦ ਸ਼ਨਿਚਰਵਾਰ ਨੂੰ ਆਦਮਪੁਰ ਤੋਂ ਮੁੰਬਈ ਲਈ ਇੰਡੀਗੋ ਏਅਰਲਾਈਨ ਦੀ ਉਡਾਣ ਮੁੜ ਸ਼ੁਰੂ ਹੋ ਗਈ। ਇਹ ਉਡਾਣ ਆਪਣੇ ਨਿਰਧਾਰਤ ਸਮੇਂ ਨਾਲੋਂ 28 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਸ਼ਨਿਚਰਵਾਰ ਨੂੰ ਇੰਡੀਗੋ ਦੀ ਉਡਾਣ ਰਾਹੀਂ 179 ਯਾਤਰੀ ਆਦਮਪੁਰ ਪਹੁੰਚੇ ਤੇ ਉਨ੍ਹਾਂ ਹੀ ਗਿਣਤੀ ’ਚ ਯਾਤਰੀ ਮੁੰਬਈ ਲਈ ਰਵਾਨਾ ਹੋਏ। ਦਸੰਬਰ ਮਹੀਨੇ ’ਚ ਸ਼ਨਿਚਰਵਾਰ ਨੂੰ ਆਦਮਪੁਰ ਹਵਾਈ ਅੱਡੇ ’ਤੇ ਆਉਣ ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਸਭ ਤੋਂ ਵੱਧ 508 ਰਹੀ। ਏਅਰਪੋਰਟ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਕੋਹਰੇ ਕਾਰਨ ਜੇ ਕਿਸੇ ਉਡਾਣ ’ਚ ਦੇਰੀ ਹੁੰਦੀ ਹੈ ਤਾਂ ਯਾਤਰੀਆਂ ਦੀ ਸਹੂਲਤ ਲਈ 50 ਵਾਧੂ ਕੁਰਸੀਆਂ ਤੇ ਖਾਣੇ ਦੇ ਪੈਕੇਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਹਾਲਾਤ ਸਧਾਰਣ ਰਹੇ। ਕੋਹਰੇ ਕਾਰਨ ਆਦਮਪੁਰ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਮਕਸਦ ਨਾਲ ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਸੰਚਾਲਿਤ ਆਦਮਪੁਰ ਏਅਰਪੋਰਟ ’ਤੇ 50 ਵਾਧੂ ਯਾਤਰੀ ਕੁਰਸੀਆਂ ਲਗਾਈਆਂ ਗਈਆਂ ਹਨ। ਹਾਲ ਹੀ ’ਚ ਕੋਹਰੇ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਸਮੀਖਿਆ ਲਈ ਇਕ ਮੀਟਿੰਗ ਵੀ ਕੀਤੀ ਗਈ ਸੀ, ਜਿਸ ਤਹਿਤ ਏਅਰਪੋਰਟ ਪ੍ਰਬੰਧਨ ਨੇ ਇਹ ਕਦਮ ਚੁੱਕਿਆ। ਇਸ ਨਾਲ ਸ਼ਡਿਊਲਡ, ਨਾਨ-ਸ਼ਡਿਊਲਡ, ਵਾਧੂ, ਡਾਇਵਰਟ ਕੀਤੀਆਂ ਜਾਂ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਆਦਮਪੁਰ ਹਵਾਈ ਅੱਡੇ ’ਤੇ ਬਿਹਤਰ ਸਹੂਲਤ ਮਿਲ ਸਕੇਗੀ।