ਭਾਰਤੀ ਸਿਆਸਤ ਦੇ ਚਾਣਕਿਆ

ਭਾਰਤੀ ਸਿਆਸਤ ਦੇ ਚਾਣਕਿਆ ਕਾਮਰੇਡ ਸੁਰਜੀਤ
ਸਿਰੜ ਸਾਦਗੀ ਤੇ ਇਮਾਨਦਾਰੀ ਨੂੰ ਪਰਨਾਏ ਬਜ਼ੁਰਗ ਸਿਆਸਤਦਾਨ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ 9 ਦਹਾਕਿਆ ਤੋਂ ਉੱਪਰ ਦੀ ਸ਼ਾਨਾਮਤੀ ਜ਼ਿੰਦਗੀ ਦਾ ਅੰਗਿਆਰ ਵਾਂਗ ਭੱਖਦਾ ਇਤਿਹਾਸ ਹੈ। ਇਸ ਦੀਆਂ ਬੇਮਿਸਾਲ ਗਾਥਾਵਾਂ ਵਿਚ ਮੁਸੀਬਤਾਂ ਨਾਲ ਟੱਕਰ ਲੈਣ ਦੀ ਹਿੰਮਤ ਤੇ ਅਨੇਕ ਘੱਲੂਘਾਰਿਆਂ ਨੂੰ ਬੁੱਕਲ ਦੇ ਵਿੱਚ ਲੈਣ ਦੇ ਦਿਲਚਸਪ ਕਾਂਡ ਸ਼ਾਮਲ ਹਨ। ਖੱਬੇ ਪੱਖੀ ਰਾਜਨੀਤੀ ਦੇ ਇਸ ਘਾਗ ਸਿਆਸਤਦਾਨ ਨੇ ਸਿਧਾਂਤ ਅਤੇ ਵਿਚਾਰ ਦੇ ਮਿਲਾਪ ਦੀ ਸਿਆਸਤ ਰਾਹੀਂ ਸਿਰਫ ਨਵੇਂ ਦਿਸਹੱਦੇ ਸਥਾਪਿਤ ਹੀ ਨਹੀਂ ਕੀਤੇ, ਬਲਕਿ ਗੱਠਜੋੜ ਦੀ ਸਿਆਸਤ ਨੂੰ ਵੀ ਅਰਥ ਪ੍ਰਦਾਨ ਕੀਤੇ ਹਨ। ਪਿੰਡ ਬੁੰਡਾਲੇ ਦੀ ਮੋੜੀ ਗੱਢਣ ਵਾਲਿਆਂ ਨੂੰ ਕਦੇ ਚਿਤ ਚੇਤਾ ਵੀ ਨਹੀਂ ਹੋਵੇਗਾ ਕਿ ਸਰਦਾਰ ਹਰਨਾਮ ਸਿੰਘ ਬਾਸੀ ਦਾ ਪੁੱਤ ਤਿੱਖੇ ਤਜਰਬੇ ਡੂੰਘੇ ਇਹਸਾਸ ਅਤੇ ਅਪਣਤ ਦੀ ਸਿਆਹੀ ਨਾਲ ਅਜਿਹੇ ਵਿਦਰੋਹੀ ਮੁਹਾਵਰੇ ਸਿਰਜੇਗਾ, ਜਿਸ ਦੀ ਗੂੰਜ ਪੂਰੀ ਦੁਨੀਆ ਵਿੱਚ ਸੁਣਾਈ ਦੇਵੇਗੀ। ਭਾਰਤੀ ਸਿਆਸਤ ਦੇ ਚਾਣਕਿਆ ਮੰਨੇ ਜਾਂਦੇ ਸੁਰਜੀਤ ਨੂੰ ਸਿਆਸੀ ਉਲਝਣਾ ਚੁਟਕੀਆਂ ’ਚ ਹੱਲ ਕਰਨ ਦੀ ਮਹਾਰਤ ਹਾਸਲ ਸੀ ਤੇ ਇਸੇ ਕਾਰਨ ਨੈਂਲਸਨ ਮੈਡਲਾ, ਯਾਸਿਰ ਅਰਾਫਤ, ਫੀਦਲ ਕਾਸਤਰੋ ਤੇ ਮਿਖਾਇਲ ਗੌਰਵਾਚੇਵ ਅਜਿਹੇ ਅਨੇਕ ਵਿਸ਼ਵ ਪੱਧਰੀ ਨੇਤਾ ਜੀਵਨ ਪਤਨਾਂ ਦੇ ਸਚੁੱਜੇ ਤਾਰੂ ਬਣਨ ਲਈ ਕਾਮਰੇਡ ਸੁਰਜੀਤ ਅੱਗੇ ਨਿਮਰ ਸਰੋਤੇ ਬਣ ਕੇ ਸੰਵਾਦ ਰਚਾਉਂਦੇ ਰਹਿੰਦੇ ਸਨ।
ਕਾਮਰੇਡ ਸੁਰਜੀਤ ਸਿੰਘ ਨੇ ਲੰਮਾ ਸਮਾਂ ਜੇਲ੍ਹਾਂ ’ਚ ਗੁਜਾਰਿਆ। ਲਗਾਤਾਰ 12 ਸਾਲ ਲਾਹੌਰ ਜੇਲ ’ਚ ਸਖਤ ਕੈਦ ਕੱਟਣ ਵਾਲੇ ਇਸ ਸਿਰੜੀ ਸਰਦਾਰ ਨੂੰ 2-2 ਸਾਲ ਛੇ ਛੇ ਮਹੀਨੇ ਕੱਟੀਆਂ ਜੇਲ੍ਹਾਂ ਦੀ ਗਿਣਤੀ ਵੀ ਯਾਦ ਨਹੀਂ ਸੀ। ਸਿਰਫ 15 ਸਾਲ ਦੀ ਉਮਰ ਵਿਚ ਕਾਮਰੇਡ ਸੁਰਜੀਤ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਜਹੇ ਕ੍ਰਾਂਤੀਕਾਰੀ ਦੀ ਅਗਵਾਈ ਅਤੇ ਸਾਥ ਮਿਲ ਗਿਆ ਸੀ। 1931 ਵਿੱਚ ਭਾਰਤ ਨੌਜਵਾਨ ਸਭਾ ਵਿੱਚ ਸ਼ਾਮਲ ਹੋਏ ਕਾਮਰੇਡ ਸੁਰਜੀਤ ਨੇ 1932 ਵਿੱਚ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਲੈਕਟਰ ਦਫਤਰ ਤੋਂ ਅੰਗਰੇਜ਼ਾਂ ਦਾ ਝੰਡਾ ਉਤਾਰ ਕੇ ਤਿਰੰਗਾ ਲਹਿਰਾ ਦਿੱਤਾ ਸੀ। ਜਿਸ ਦੇ ਦੋਸ਼ ਵਜੋਂ ਉਨ੍ਹਾਂ ਦੋ ਸਾਲ ਦੀ ਸਜ਼ਾ ਕੱਟ ਕੇ ਇਨਕਲਾਬੀ ਸਫਰ ਦੀ ਸ਼ੁਰੂਆਤ ਕੀਤੀ। ਕਿਸੇ ਕਾਰਨ ਕਾਮਰੇਡ ਸੁਰਜੀਤ ਦਾ ਸੁਭਾਅ ਕਿਸੇ ਨੂੰ ਸੁਲਝੇ ਹੋਏ ਸਿਆਸਤਦਾਨ ਜਿਹਾ ਅਤੇ ਕਿਸੇ ਨੂੰ ਅੱਖੜ ਆਜ਼ਾਦੀ ਘੁਲਾਟੀਏ ਵਰਗਾ ਲੱਗਦਾ ਹੈ।
ਕਾਮਰੇਡ ਸੁਰਜੀਤ ਨੇ 1992 ਤੋਂ 2005 ਤੱਕ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਜਨਰਲ ਸਕੱਤਰ ਵਜੋਂ ਸੇਵਾ ਨਿਰਵਿਘਨ ਨਿਭਾਈ। ਕਿੰਗ ਮੇਕਰ ਜਿਹੇ ਸ਼ਬਦ ਦੀ ਖੋਜ ਕਾਮਰੇਡ ਸੁਰਜੀਤ ਲਈ ਹੀ ਹੋਈ ਸੀ। ਜਦੋਂ ਵੀ ਦੇਸ਼ ਕਿਸੇ ਔਖੀ ਸਮੱਸਿਆ ਨਾਲ ਦੋ ਚਾਰ ਹੋ ਰਿਹਾ ਹੁੰਦਾ ਤਾਂ ਹਰੇਕ ਸਿਆਸੀ ਪਾਰਟੀ ਦੀ ਮੰਜ਼ਿਲ ਕਾਮਰੇਡ ਸੁਰਜੀਤ ਦੀ ਸਲਾਹ ਹੁੰਦੀ ਸੀ। ਕੁਰਸੀਆਂ ਦੀ ਦੌੜ ਦਾ ਹਿੱਸਾ ਨਾ ਬਣਨ ਵਾਲੇ ਇਸ ਯੋਧੇ ਕੋਲ ਬਿਨਾਂ ਚਾਬੀ ਤੋਂ ਜਿੰਦਾ ਖੋਲ੍ਹਣ ਦਾ ਹੁਨਰ ਸੀ।
ਕਾਮਰੇਡ ਸੁਰਜੀਤ ਦੇ ਪਰਿਵਾਰ ਦੇ ਵਿੱਚ ਸਵਰਗਵਾਸੀ ਮਾਤਾ ਪ੍ਰੀਤਮ ਕੌਰ ਦੋ ਪੁੱਤਰ ਗੁਰਚੇਤਨ ਸਿੰਘ ਅਤੇ ਪਰਮਜੀਤ ਸਿੰਘ ਅਤੇ ਦੋ ਧੀਆਂ ਹਨ। ਉਨ੍ਹਾਂ ਦੇ ਪੋਤਰੇ ਸੰਦੀਪ ਸਿੰਘ ਬਾਸੀ ਨੇ ਆਪਣੇ ਦਾਦੇ ਦਾ ਬਹੁਤ ਸਾਥ ਮਾਣਿਆ ਹੈ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਕੁਝ ਸਮਾਂ ਕਾਮਰੇਡ ਸੁਰਜੀਤ ਦਾ ਸਾਥ ਅਤੇ ਆਸ਼ੀਰਵਾਦ ਪ੍ਰਾਪਤ ਰਿਹਾ ਹੈ। ਉਨਾਂ ਦੇ ਬਜ਼ੁਰਗ ਅਤੇ ਆਸ਼ੀਰਵਾਦ ਦੀ ਹੱਥਾਂ ਵਿੱਚੋਂ ਪਤਾ ਨਹੀਂ ਕਿੰਨੀਆਂ ਕੁ ਵਜ਼ੀਰੀਆਂ, ਮੈਂਬਰੀਆਂ ਤੇ ਹੋਰ ਉੱਚੇ ਅਹੁਦੇ ਉਤੇ ਕਲਗੀਆਂ ਲੋਕਾਂ ਦੇ ਸਿਰ ਸਜੀਆਂ ਹਨ, ਜਿਸਦਾ ਚੇਤਾ ਉਨ੍ਹਾਂ ਦੀ ਰਿਹਾਇਸ਼ ਵਿਚਲੀ ਕੋਠੀ ਦੀਆਂ ਕੰਧਾਂ ਨੂੰ ਵੀ ਨਹੀਂ ਹੋਵੇਗਾ।
ਇਕ ਉਹ ਸਮਾਂ ਵੀ ਆਇਆ ਜਦੋਂ ਅਸੀਂ ਨੋਇਡਾ ਦੇ ਹਸਪਤਾਲ ਵਿੱਚ ਮੈਂ ਕਾਮਰੇਡ ਸੁਰਜੀਤ ਦਾ ਬੇਟਾ ਤੇ ਪੋਤਰਾ ਉਨ੍ਹਾਂ ਕੋਲ ਖੜ੍ਹੇ ਤਾਂ ਉਨ੍ਹਾਂ ਦੇ ਦਰਸ਼ਨ ਆਖਰੀ ਉਹ ਨਿਬੜੇ, ਕਿਉਂਕਿ ਰਾਜਨੀਤਿਕ ਲੜਾਈ ਬਹਾਦਰੀ ਅਤੇ ਸ਼ਿੱਦਤ ਨਾਲ ਲੜਨ ਵਾਲਾ ਕਾਮਰੇਡ ਸੁਰਜੀਤ ਜ਼ਿੰਦਗੀ ਦੀ ਲੜਾਈ ਹਾਰ ਦਾ ਜਾਪ ਰਿਹਾ ਸੀ। ਮੌਤ ਉਨ੍ਹਾਂ ਨੂੰ ਕਲਾਵੇ ਵਿੱਚ ਲੈਣ ਲਈ ਅਤਿਅੰਤ ਕਾਹਲੀ ਦਿਖਾਈ ਦੇ ਰਹੀ ਸੀ ਅਤੇ ਅੰਤ ਉਹ ਕਲਿਹਣੀ ਘੜੀ ਆ ਪਹੁੰਚੀ ਅਤੇ ਦੁਨੀਆ ਭਰ ਦੇ ਘੁਮੱਕੜ ਦੇ ਸਫਰ ਦਾ ਅੰਤ ਹੋ ਗਿਆ।
ਮਜ਼ਦੂਰ ਜਮਾਤ ਦੇ ਹਿਮਾਇਤੀ ਅਤੇ ਲਾਲ ਝੰਡੇ ਦੇ ਪਹਿਰੇਦਾਰ ਕਾਮਰੇਡ ਸੁਰਜੀਤ ਦਾ ਨਾਂ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ। 7 ਦਸੰਬਰ ਨੂੰ ਪਿੰਡ ਬੁੰਡਾਲਾ (ਜਲੰਧਰ ) ਵਿਖੇ ਕਾਮਰੇਡ ਸੁਰਜੀਤ ਸਿੰਘ ਦੀ ਯਾਦਾਂ ਨੂੰ ਤਾਜ਼ਾ ਕਰਨ ਲਈ ਮਾਰਕਸੀ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਤੇ ਰਿਸ਼ਤੇਦਾਰ ਸੱਜਣ ਸਨੇਹੀ ਪਹੁੰਚ ਰਹੇ ਹਨ।
ਰਵਿੰਦਰ ਸਿੰਘ ਟੁਰਨਾ
98140-07203