ਦਿਲਕੁਸ਼ਾ ਮਾਰਕੀਟ ’ਚ ਵਾਹਨਾਂ ਤੇ ਸਾਮਾਨ ਚੋਰੀ ਦੀਆਂ ਘਟਨਾਵਾਂ ਵਧੀਆਂ
ਦਿਲਕੁਸ਼ਾ ਮਾਰਕੀਟ ’ਚ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਵਾਹਨਾਂ ਤੇ ਸਾਮਾਨ ਦੀ ਚੋਰੀ ਦੀਆਂ ਘਟਨਾਵਾਂ ’ਚ ਵਾਧਾ
Publish Date: Thu, 08 Jan 2026 09:14 PM (IST)
Updated Date: Thu, 08 Jan 2026 09:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੀ ਦਿਲਕੁਸ਼ਾ ਮਾਰਕੀਟ ਹੋਲਸੇਲ ਦਵਾਈਆਂ ਦੇ ਵਪਾਰ ਦਾ ਪ੍ਰਮੁੱਖ ਕੇਂਦਰ ਹੈ। ਮਾਰਕੀਟ ’ਚ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਚੁੱਕੀਆਂ ਹਨ। ਮਾਰਕੀਟ ’ਚ ਲਗਾਤਾਰ ਹੋ ਰਹੀਆਂ ਵਾਹਨ ਤੇ ਸਾਮਾਨ ਚੋਰੀ ਦੀਆਂ ਘਟਨਾਵਾਂ ਨਾਲ ਦਵਾਈ ਵਪਾਰੀਆਂ ਤੇ ਕਰਮਚਾਰੀਆਂ ’ਚ ਭਾਰੀ ਰੋਸ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਨਾਲ ਹੀ ਦਵਾਈਆਂ ਖਰੀਦਣ ਆਉਣ ਵਾਲੇ ਲੋਕਾਂ ਨੂੰ ਵੀ ਆਪਣੇ ਵਾਹਨ ਚੋਰੀ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ। ਮਾਰਕੀਟ ’ਚ ਦਿਨ ਭਰ ਭਾਰੀ ਆਵਾਜਾਈ ਰਹਿੰਦੀ ਹੈ ਤੇ ਰਾਤ ਦੇ ਸਮੇਂ ਪੂਰੀ ਸੁਰੱਖਿਆ ਵਿਵਸਥਾ ਨਾ ਹੋਣ ਕਾਰਨ ਚੋਰ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕਈ ਵਪਾਰੀਆਂ ਦੇ ਮੋਟਰਸਾਈਕਲ, ਸਕੂਟੀਆਂ ਦੇ ਨਾਲ–ਨਾਲ ਦੁਕਾਨਾਂ ਦੇ ਬਾਹਰ ਰੱਖਿਆ ਮਹਿੰਗਾ ਸਾਮਾਨ ਤੇ ਦਵਾਈਆਂ ਦੀਆਂ ਪੇਟੀਆਂ ਵੀ ਚੋਰੀ ਹੋ ਚੁੱਕੀਆਂ ਹਨ। ਲੋਕਾਂ ਨੇ ਉਮੀਦ ਪ੍ਰਗਟਾਈ ਹੈ ਕਿ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇ ਕੇ ਜਲਦੀ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਕਰੇਗਾ ਤਾਂ ਜੋ ਦਿਲਕੁਸ਼ਾ ਮਾਰਕੀਟ ’ਚ ਵਪਾਰ ਕਰਨ ਵਾਲੇ ਲੋਕ ਬਿਨਾਂ ਡਰ ਆਪਣੇ ਕੰਮ ਕਰ ਸਕਣ। ਮਾਰਕੀਟ ਦੀ ਕਾਰਜਕਾਰੀ ਵੀ ਸਮੱਸਿਆ ਦੇ ਹੱਲ ਲਈ ਗੰਭੀਰਤਾ ਨਾਲ ਯੋਜਨਾ ਤਿਆਰ ਕਰ ਰਹੀ ਹੈ। ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਚੋਰੀ ਦੀਆਂ ਘਟਨਾਵਾਂ ਹੋਰ ਵੱਧ ਸਕਦੀਆਂ ਹਨ, ਜਿਸ ਦਾ ਸਿੱਧਾ ਅਸਰ ਦਵਾਈ ਵਪਾਰ ਤੇ ਆਮ ਲੋਕਾਂ ਦੀ ਸੁਰੱਖਿਆ ’ਤੇ ਪਵੇਗਾ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਬਾਵਜੂਦ ਜਨਹਿਤ ਤੇ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਮਾਰਕੀਟ ਦੇ ਆਲੇ–ਦੁਆਲੇ ਪੁਲਿਸ ਗਸ਼ਤ ਵਧਾਈ ਜਾਵੇਗੀ। ਹੋਲਸੇਲ ਦਵਾਈ ਵਿਕਰੇਤਾ ਕਰਨ ਕੁਮਾਰ ਨੇ ਦੱਸਿਆ ਕਿ ਟਰਾਂਸਪੋਰਟ ਕੰਪਨੀ ਵਾਲੇ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਹੀ ਸਾਮਾਨ ਬਾਹਰ ਛੱਡ ਜਾਂਦੇ ਹਨ। ਕਈ ਵਾਰ ਪੇਟੀਆਂ ਘੱਟ ਮਿਲਦੀਆਂ ਹਨ, ਜਦਕਿ ਟਰਾਂਸਪੋਰਟ ਕੰਪਨੀ ਪੂਰਾ ਸਾਮਾਨ ਛੱਡਣ ਦੀ ਫੋਟੋ ਵੀ ਦਿਖਾ ਦਿੰਦੀ ਹੈ। ਉਦੋਂ ਹੀ ਪਤਾ ਲੱਗਦਾ ਹੈ ਕਿ ਸਾਮਾਨ ਚੋਰੀ ਹੋ ਗਿਆ ਹੈ। ਹੋਲਸੇਲ ਦਵਾਈ ਵਿਕਰੇਤਾ ਆਰਡੀ ਧਵਨ ਨੇ ਕਿਹਾ ਕਿ ਦਿਲਕੁਸ਼ਾ ਮਾਰਕੀਟ ਦੇ ਬਾਹਰ ਬਣੀਆਂ ਦੁਕਾਨਾਂ ਦੇ ਸਾਹਮਣੇ ਕਾਫੀ ਭੀੜ ਰਹਿੰਦੀ ਹੈ। ਦਵਾਈ ਲੈਣ ਆਉਣ ਵਾਲੇ ਗਾਹਕ ਦੋ ਪਹੀਆ ਵਾਹਨ ਖੜ੍ਹੇ ਕਰਦੇ ਹਨ। ਦੁਕਾਨ ਤੋਂ ਦਵਾਈ ਲੈ ਕੇ ਬਾਹਰ ਆਉਂਦੇ ਹਨ ਤਾਂ ਕਈ ਵਾਰ ਉਨ੍ਹਾਂ ਦਾ ਵਾਹਨ ਉੱਥੇ ਨਹੀਂ ਹੁੰਦਾ, ਚੋਰ ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦੇ ਹਨ। ਪਿਛਲੇ ਛੇ ਮਹੀਨਿਆਂ ’ਚ ਪੰਜ-ਛੇ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਦਵਾਈ ਖਰੀਦਣ ਆਏ ਸਾਹਿਲ ਨੇ ਕਿਹਾ ਕਿ ਦਿਲਕੁਸ਼ਾ ਮਾਰਕੀਟ ’ਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਪਾਰਕਿੰਗ ਦੀ ਕੋਈ ਸੁਚੱਜੀ ਵਿਵਸਥਾ ਨਾ ਹੋਣ ਕਾਰਨ ਵਾਹਨ ਖੁੱਲ੍ਹੇ ’ਚ ਖੜ੍ਹੇ ਰਹਿੰਦੇ ਹਨ, ਜੋ ਚੋਰਾਂ ਲਈ ਸੌਖਿਆਂ ਨਿਸ਼ਾਨਾ ਬਣ ਜਾਂਦੇ ਹਨ। ਦਵਾਈ ਵਿਕਰੇਤਾ ਨੀਰਜ ਕੁਮਾਰ ਨੇ ਮੰਗ ਕੀਤੀ ਕਿ ਇਲਾਕੇ ’ਚ ਨਿਯਮਿਤ ਪੁਲਿਸ ਗਸ਼ਤ ਵਧਾਈ ਜਾਵੇ, ਢੁੱਕਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣ ਤੇ ਸੀਸੀਟੀਵੀ ਕੈਮਰਿਆਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇ। ਦਵਾਈਆਂ ਨਾਲ ਕੰਮ ਕਰਨ ਵਾਲੇ ਸਰਬਜੀਤ ਸਿੰਘ ਨੇ ਦੱਸਿਆ ਕਿ ਮਾਰਕੀਟ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਕਈ ਵਾਰ ਸਾਈਕਲਾਂ ਚੋਰੀ ਹੋ ਚੁੱਕੀਆਂ ਹਨ। ਚੋਰੀ ਹੋਣ ਤੋਂ ਬਾਅਦ ਸ਼ਿਕਾਇਤਾਂ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਨਿਕਲਿਆ, ਜਿਸ ਕਾਰਨ ਕਰਮਚਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਵਾਈਆਂ ਦੇ ਕੰਮ ਨਾਲ ਜੁੜੇ ਸੁਰਿੰਦਰ ਸਿੰਘ ਨੇ ਕਿਹਾ ਕਿ ਰਿਟੇਲ ਕੈਮਿਸਟ ਦਵਾਈਆਂ ਦੀਆਂ ਪੇਟੀਆਂ ਖਰੀਦ ਕੇ ਦੁਕਾਨਾਂ ਦੇ ਬਾਹਰ ਰੱਖ ਦਿੰਦੇ ਹਨ। ਕਈ ਵਾਰ ਦੋ ਪਹੀਆ ਵਾਹਨ ’ਤੇ ਨੌਜਵਾਨ ਆਉਂਦੇ ਹਨ ਤੇ ਉਨ੍ਹਾਂ ’ਚੋਂ ਇਕ ਪੇਟੀ ਚੁੱਕ ਕੇ ਫਰਾਰ ਹੋ ਜਾਂਦਾ ਹੈ। ਭੀੜ ਹੋਣ ਕਾਰਨ ਉਹ ਫੜੇ ਨਹੀਂ ਜਾਂਦੇ।