ਸ਼੍ਰੀਰਾਮ ਚੌਕ ਤੋਂ ਲੈ ਕੇ ਜੇਲ੍ਹ ਚੌਕ ਤੱਕ 1.56 ਕਰੋੜ ਨਾਲ ਬਣੇਗੀ ਸੜਕ
ਸ਼੍ਰੀ ਰਾਮ ਚੌਕ ਤੋਂ ਲੈ ਕੇ ਜੇਲ ਚੌਕ ਤੱਕ 1.56 ਕਰੋੜ ਰੁਪਏ ਦੀ
Publish Date: Sat, 15 Nov 2025 07:56 PM (IST)
Updated Date: Sat, 15 Nov 2025 07:59 PM (IST)
-ਨਿਤਿਨ ਕੋਹਲੀ ਤੇ ਮੇਅਰ ਵਨੀਤ ਧੀਰ ਵੱਲੋਂ ਨਿਰਮਾਣ ਕਾਰਜ ਦਾ ਉਦਘਾਟਨ
-ਬੁਨਿਆਦੀ ਢਾਂਚਾ, ਸੁਰੱਖਿਅਤ ਆਵਾਜਾਈ ਤੇ ਪਾਰਦਰਸ਼ੀ ਵਿਕਾਸ ਤਰਜੀਹਾਂ : ਕੋਹਲੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਪ੍ਰਮੁੱਖ ਸ੍ਰੀਰਾਮ ਚੌਕ ਤੋਂ ਲੈ ਕੇ ਜੇਲ੍ਹ ਚੌਕ ਤੱਕ 1.56 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਸੜਕ ਦੇ ਨਿਰਮਾਣ ਕਾਰਜ ਦਾ ਸ਼ਨਿੱਚਰਵਾਰ ਨੂੰ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਮੇਅਰ ਵਨੀਤ ਧੀਰ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆ ਦੋਵਾਂ ਆਗੂਆਂ ਨੇ ਕਿਹਾ ਕਿ ਇਹ ਸੜਕ ਨਾ ਸਿਰਫ਼ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਏਗੀ ਬਲਕਿ ਵਪਾਰੀਆਂ ਤੇ ਸਥਾਨਕ ਨਿਵਾਸੀਆਂ ਲਈ ਆਸਾਨ ਆਵਾਜਾਈ ਨੂੰ ਵੀ ਸੁਵਿਧਾਜਨਕ ਬਣਾਏਗੀ।
ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਦਾ ਵਿਕਾਸ ਕਿਸੇ ਇਕ ਵਿਭਾਗ ਦਾ ਕੰਮ ਨਹੀਂ ਹੈ, ਸਗੋਂ ਸਮੂਹਿਕ ਇੱਛਾ ਸ਼ਕਤੀ, ਦ੍ਰਿੜਤਾ ਤੇ ਨਿਰੰਤਰਤਾ 'ਤੇ ਅਧਾਰਤ ਹੈ। ਆਧੁਨਿਕ, ਸੁਰੱਖਿਅਤ ਤੇ ਮਜ਼ਬੂਤ ਸੜਕਾਂ ਨੂੰ ਜਲੰਧਰ ਸੈਂਟਰਲ ਲਈ ਇਕ ਪ੍ਰਮੁੱਖ ਤਰਜੀਹ ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਨਿਰਮਾਣ ਪ੍ਰਾਜੈਕਟ ਨਹੀਂ ਹੈ, ਸਗੋਂ ਨਾਗਰਿਕਾਂ ਦੀ ਸਹੂਲਤ ਤੇ ਸ਼ਹਿਰ ਦੇ ਭਵਿੱਖ ਲਈ ਇਕ ਮਹੱਤਵਪੂਰਨ ਕਦਮ ਹੈ। ਨਿਤਿਨ ਕੋਹਲੀ ਨੇ ਅੱਗੇ ਕਿਹਾ ਕਿ ਸ਼ਹਿਰ ਦੇ ਵਿਕਾਸ ਪ੍ਰਾਜੈਕਟ ਸੜਕ ਨਿਰਮਾਣ, ਸੀਵਰੇਜ ਅਪਗ੍ਰੇਡ, ਸਟਰੀਟ ਲਾਈਟ ਸੁਧਾਰ ਅਤੇ ਸੈਨੀਟੇਸ਼ਨ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਜਲੰਧਰ ਨੂੰ ਅਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਮੇਅਰ ਵਨੀਤ ਧੀਰ ਨੇ ਕਿਹਾ ਕਿ ਨਗਰ ਨਿਗਮ ਟੀਮ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਮਹਾਨਗਰ ਦਾ ਹਰ ਪ੍ਰਾਜੈਕਟ ਸਮੇਂ ਸਿਰ ਪੂਰਾ ਹੋਵੇ ਤੇ ਸ਼ਹਿਰ ਦੇ ਨਿਵਾਸੀਆਂ ਨੂੰ ਅਸੁਵਿਧਾ ਨਹੀਂ, ਸਗੋਂ ਰਾਹਤ ਦੇਵੇ। ਇਹ ਸੜਕ ਨਿਰਮਾਣ ਪ੍ਰੋਜੈਕਟ ਉਸ ਦਿਸ਼ਾ ’ਚ ਇਕ ਵੱਡਾ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਜਨਤਕ ਪ੍ਰਤੀਨਿਧੀਆਂ ਤੇ ਨਗਰ ਨਿਗਮ ਵਿਚਕਾਰ ਤਾਲਮੇਲ ਸ਼ਹਿਰ ਨੂੰ ਇਕ ਬਿਹਤਰ ਦਿਸ਼ਾ ਦੇ ਰਿਹਾ ਹੈ, ਤੇ ਭਵਿੱਖ ’ਚ ਹੋਰ ਵੀ ਕਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਜਤਿਨ ਗੁਲਾਟੀ, ਸੋਨੂੰ ਚੱਢਾ, ਗੁਰਪ੍ਰੀਤ ਕੌਰ, ਨਿਖਿਲ ਅਰੋੜਾ, ਦੀਪਕ ਦਯਾਨ, ਅਜੈ ਚੋਪੜਾ, ਧੀਰਜ ਸੇਠ, ਸਮੀਰ ਮਰਵਾਹਾ ਤੇ ਵਿਜੇ ਵਾਸਨ, ਰਵੀ ਕੁਮਾਰ, ਬੰਟੀ, ਗਜਾਨੰਦ, ਸੰਨੀ, ਦੀਪਕ ਤੇ ਪੰਕਜ ਹਾਜ਼ਰ ਸਨ।