ਗਾਰਡ ਦੀ ਹੱਤਿਆ ਤੋਂ ਪਹਿਲਾਂ ਤਿੰਨ ਦਿਨ ਤਕ ਕੀਤੀ ਸੀ ਰੇਕੀ
-ਦੁਕਾਨ ਦੇ ਨੌਕਰ ਸਮੇਤ
Publish Date: Sat, 24 Jan 2026 09:47 PM (IST)
Updated Date: Sat, 24 Jan 2026 09:49 PM (IST)
-ਦੁਕਾਨ ਦੇ ਨੌਕਰ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
-ਸਾਢੇ 8 ਲੱਖ ਦੀ ਚੋਰੀ ਮਗਰੋਂ ਗਲਾ ਘੁੱਟ ਕੇ ਕੀਤੀ ਸੀ ਹੱਤਿਆ
ਜਾਸ, ਜਲੰਧਰ : ਬਸਤੀ ਨੌ ’ਚ ਸਥਿਤ ਸਨ-ਫਲਾਈ ਸਪੋਰਟਸ ਦੀ ਦੁਕਾਨ ’ਚ ਚੋਰੀ ਦੌਰਾਨ ਸੁਰੱਖਿਆ ਗਾਰਡ ਦੀ ਹੱਤਿਆ ਦੇ ਮਾਮਲੇ ’ਚ ਪੁਲਿਸ ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਤੋਂ ਪਹਿਲਾਂ ਤਕਰੀਬਨ ਤਿੰਨ ਦਿਨ ਤੱਕ ਦੁਕਾਨ ਤੇ ਇਸ ਦੇ ਆਲੇ-ਦੁਆਲੇ ਦੀ ਰੇਕੀ ਕੀਤੀ ਸੀ। ਉਨ੍ਹਾਂ ਨੇ ਬਾਹਰ ਦੇ ਨਾਲ-ਨਾਲ ਦੁਕਾਨ ਦੇ ਅੰਦਰੋਂ ਵੀ ਜਾਇਜ਼ਾ ਲਿਆ ਸੀ। ਹਾਲਾਂਕਿ ਇਸ ਦੀ ਆਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਇਹ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਪਹਿਲਾਂ ਵੀ ਦੁਕਾਨ ਦੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੇ ਸਨ। ਇਸ ਮਾਮਲੇ ’ਚ ਪੁਲਿਸ ਨੇ ਜਲੰਧਰ ਦੇ ਰਹਿਣ ਵਾਲੇ ਸੋਨੂੰ ਤੇ ਸੰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਲਿਆ ਹੈ। ਰਿਮਾਂਡ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਤਕਰੀਬਨ ਢਾਈ ਲੱਖ ਰੁਪਏ ਦਤੀ ਨਕਦੀ ਤੇ ਚੋਰੀ ਕੀਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਹੁਣ ਇਹ ਪਤਾ ਲਾਉਣ ਵਿਚ ਜੁਟ ਗਈ ਹੈ ਕਿ ਚੋਰੀ ਦੀ ਬਾਕੀ ਰਕਮ ਕਿੱਥੇ ਲੁਕਾਈ ਗਈ ਹੈ ਤੇ ਹੱਤਿਆ ਸਮੇਂ ਮੁਲਜ਼ਮਾਂ ਨਾਲ ਕੋਈ ਤੀਜਾ ਵਿਅਕਤੀ ਵੀ ਸ਼ਾਮਲ ਸੀ ਜਾਂ ਨਹੀਂ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸੁਰੱਖਿਆ ਗਾਰਡ ਅਮਰਜੀਤ ਸਿੰਘ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ। ਮ੍ਰਿਤਕ ਦੇ ਸਰੀਰ ’ਤੇ ਕਿਸੇ ਵੀ ਕਿਸਮ ਦੇ ਡੂੰਘੇ ਜ਼ਖਮ ਦੇ ਨਿਸ਼ਾਨ ਨਹੀਂ ਮਿਲੇ, ਜਿਸ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਦਬੋਚ ਕੇ ਮਾਰਿਆ ਗਿਆ। ਥਾਣਾ ਇੰਚਾਰਜ ਜੈ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਨੂੰ ਅੰਬਾਲੇ ਤੋਂ ਗ੍ਰਿਫ਼ਤਾਰ ਕੀਤਾ ਸੀ। ਸਬੂਤ ਮਿਟਾਉਣ ਲਈ ਮੁਲਜ਼ਮਾਂ ਨੇ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਸਨ। ਵਾਰਦਾਤ ਤੋਂ ਪਹਿਲਾਂ ਮੁਲਜ਼ਮਾਂ ਨੂੰ ਨੇੜਲੇ ਮਾਰਕੀਟ ’ਚ ਤਾਇਨਾਤ ਸੁਰੱਖਿਆ ਗਾਰਡ ਨੇ ਦੇਖ ਲਿਆ ਸੀ। ਚੋਰੀ ਮਗਰੋਂ ਜਦੋਂ ਸਾਢੇ 8 ਲੱਖ ਰੁਪਏ ਤੇ ਮਾਲਕ ਦੀ ਕਾਰ ਲੈ ਕੇ ਭੱਜ ਰਹੇ ਸਨ ਤਾਂ ਗਾਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਨੇ ਰਲ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਉਸੇ ਇਮਾਰਤ ਦੀ ਛੱਤ ’ਤੇ ਸਥਿਤ ਦੁਕਾਨ ਵਿਚ ਰੱਖ ਕੇ ਸ਼ਟਰ ਬੰਦ ਕਰਕੇ ਭੱਜ ਗਏ।