ਜਲੰਧਰ ’ਚ ‘ਆਪ’ ਨੇ ਕਾਂਗਰਸੀ ਆਗੂ ਪਰਗਟ ਸਿੰਘ ਦੇ ਘਰ ਬਾਹਰ ਕੀਤਾ ਰੋਸ ਪ੍ਰਦਰਸ਼ਨ

- ਐਡਿਟ ਕੀਤੀ ਵੀਡੀਓ ਸਾਂਝੀ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਲਾਇਆ ਦੋਸ਼
- ਵਿਕਾਸ ਕਾਰਜਾਂ ’ਤੇ ਸਵਾਲ ਚੁੱਕਣ ’ਚ ਅਸਮਰਥ ਵਿਰੋਧੀ ਧਿਰ ਝੂਠ ਫੈਲਾ ਰਹੀ : ਮੋਹਿੰਦਰ ਭਗਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਨੇ ਸ਼ਨਿਚਰਵਾਰ ਨੂੰ ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਆਗੂਆਂ ਨੇ ਕਾਂਗਰਸੀ ਆਗੂ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸੋਸ਼ਲ ਮੀਡੀਆ ’ਤੇ ਐਡਿਟ ਕੀਤੀ ਵੀਡੀਓ ਸਾਂਝੀ ਕਰਨ ਦੇ ਦੋਸ਼ ਲਾਏ। ‘ਆਪ’ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਵਿਰੋਧੀ ਧਿਰ ਦੀਆਂ ਇਨ੍ਹਾਂ ਗੈਰ-ਜ਼ਿੰਮੇਵਾਰਾਨਾ ਤੇ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈਆਂ ਦੀ ਨਿਖੇਧੀ ਕੀਤੀ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕੈਬਨਿਟ ਮੰਤਰੀ ਮੋਹਿੰਦਰ ਭਗਤ, ਤਰਨਦੀਪ ਸਿੰਘ ਸੰਨੀ ਤੇ ਆਤਮ ਪ੍ਰਕਾਸ਼ ਸਿੰਘ ਨੇ ਕੀਤੀ। ਉਨ੍ਹਾਂ ਕਾਂਗਰਸ 'ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਰੁੱਧ ਅਸਲ ਮੁੱਦੇ ਉਠਾਉਣ ’ਚ ਨਾਕਾਮ ਰਹਿਣ ਤੋਂ ਬਾਅਦ ਨਕਾਰਾਤਮਕ ਤੇ ਵੰਡਪਾਊ ਰਾਜਨੀਤੀ ਕਰਨ ਦਾ ਦੋਸ਼ ਲਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਹਾ ਕਿ ਪੰਜਾਬ ’ਚ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਵਿਰੋਧੀ ਪਾਰਟੀਆਂ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਉਹ ਕੰਮ ਤੇ ਸ਼ਾਸਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਸਵਾਲ ਨਹੀਂ ਚੁੱਕ ਸਕਦੇ, ਇਸ ਲਈ ਉਹ ਜਾਅਲੀ ਵੀਡੀਓਜ਼ ਪ੍ਰਚਾਰਨ ਵਰਗੀਆਂ ਘਟੀਆ ਚਾਲਾਂ ਦਾ ਸਹਾਰਾ ਲੈ ਰਹੇ ਹਨ। ਇਹ ਰਾਜਨੀਤੀ ਦਾ ਇਕ ਨਵਾਂ ਨੀਵਾਂ ਪੱਧਰ ਹੈ, ਜਿੱਥੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਹੈ। ਸੀਨੀਅਰ ‘ਆਪ’ ਆਗੂ ਤਰਨਦੀਪ ਸਿੰਘ ਸੰਨੀ ਨੇ ਐਡਿਟ ਕੀਤੀਆਂ ਵੀਡੀਓ ਸਾਂਝੀ ਕਰਨ ਦੇ ਕਾਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਗੈਰ-ਜ਼ਿੰਮੇਵਾਰਾਨਾ ਵਤੀਰਾ ਵਿਰੋਧੀ ਧਿਰ ਦਾ ਅਸਲੀ ਚਿਹਰਾ ਨੰਗਾ ਕਰਦਾ ਹੈ। ਸੰਨੀ ਨੇ ਕਿਹਾ ਕਿ ਸੱਤਾ ਦੇ ਲਾਲਚ ’ਚ ਇਨ੍ਹਾਂ ਆਗੂਆਂ ਨੇ ਨਾ ਤਾਂ ਧਰਮ, ਜਾਤ ਤੇ ਨਾ ਹੀ ਸਾਡੇ ਸਤਿਕਾਰਯੋਗ ਗੁਰੂਆਂ ਨੂੰ ਬਖਸ਼ਿਆ ਹੈ। ਲੋਕਾਂ ਨੂੰ ਗੁਮਰਾਹ ਕਰਨ ਲਈ ਜਾਣਬੁੱਝ ਕੇ ਐਡਿਟ ਕੀਤੀ ਵੀਡੀਓ ਸਾਂਝੀ ਕਰਨਾ ਨਿੰਦਣਯੋਗ ਹੈ ਤੇ ਸਮਾਜਿਕ ਸਦਭਾਵਨਾ ਲਈ ਖ਼ਤਰਨਾਕ ਹੈ। ਪੰਜਾਬ ਦੇ ਲੋਕ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ‘ਆਪ’ ਨੇ ਦੁਹਰਾਇਆ ਕਿ ਉਹ ਵਿਰੋਧੀ ਧਿਰ ਦੇ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਨੂੰ ਨੰਗਾ ਕਰਨਾ ਜਾਰੀ ਰੱਖੇਗੀ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਸੂਬੇ ’ਚ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਮਜ਼ਬੂਤੀ ਨਾਲ ਖੜ੍ਹੀ ਰਹੇਗੀ।