ਪੰਜ ਜੇਤੂ ਵਿਸ਼ਵ ਕੱਪਾਂ ’ਚ ਪੰਜਾਬੀਆਂ ਦਾ ਅਹਿਮ ਯੋਗਦਾਨ : ਪ੍ਰੋ. ਵਸ਼ਿਸ਼ਟ
ਭਾਰਤ ਵੱਲੋਂ ਜਿੱਤੇ ਪੰਜ ਵਿਸ਼ਵ ਕੱਪਾਂ ’ਚ ਪੰਜਾਬੀਆ ਦਾ ਅਹਿਮ ਯੋਗਦਾਨ-ਪ੍ਰੋ. ਵਸ਼ਿਸ਼ਟ
Publish Date: Mon, 17 Nov 2025 07:41 PM (IST)
Updated Date: Mon, 17 Nov 2025 07:43 PM (IST)

-ਵਿਸ਼ਵ ਚੈਂਪੀਅਨ ਬਣਨ ਵਾਲੇ ਪੰਜਾਬੀ ਕ੍ਰਿਕਟਰਾਂ ਦੇ ਸਨਮਾਨ ’ਚ ਬਣਾਇਆ ਬੈਨਰ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕ੍ਰਿਕਟ ਦੇ ਇਤਿਹਾਸ ਵਿਚ ਭਾਰਤ ਨੇ 1983, 2007, 2011, 2024, ਅਤੇ 2025 ਵਿਚ ਮਹਿਲਾ ਵਿਸ਼ਵ ਕੱਪ ਸਮੇਤ ਪੰਜ ਵਿਸ਼ਵ ਕੱਪ ਜਿੱਤੇ ਹਨ। ਇਨ੍ਹਾਂ ਪੰਜਾਂ ਇਤਿਹਾਸਕ ਜਿੱਤਾਂ ’ਚ ਪੰਜਾਬ ਦੇ ਕ੍ਰਿਕਟ ਖਿਡਾਰੀਆ ਤੇ ਹੁਣ ਖਿਡਾਰਨਾਂ ਦਾ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ਨਾਲ ਨੇੜਿਓਂ ਜੁੜੇ ਲੋਕ ਇਨ੍ਹਾਂ ਪੰਜਾਂ ਇਤਿਹਾਸਕ ਜਿੱਤਾਂ ਦਾ ਹਿੱਸਾ ਰਹੇ ਹਨ। ਇਹ ਪ੍ਰਗਟਾਵਾ ਕੇਰਲ ਸੂਬੇ ਦੇ ਸ਼ਹਿਰ ਕਾਲੀਕਟ ਦੇ ਸੇਵਾਮੁਕਤ ਪ੍ਰੋਫੈਸਰ ਤੇ ਖੇਡ ਲੇਖਕ ਡਾ. ਵਸ਼ਿਸ਼ਟ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ। ਮਾਲਾਬਾਰ ਕ੍ਰਿਸ਼ਚੀਅਨ ਕਾਲਜ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਵਸ਼ਿਸ਼ਟ ਅਤੇ ਉਨ੍ਹਾਂ ਦੀ ਸਾਬਕਾ ਵਿਦਿਆਰਥਣ ਰੇਹਾਨਾ ਕੇਰਲ ਦੇ ਦੋ ਜੋਸ਼ੀਲੇ ਕ੍ਰਿਕਟ ਪ੍ਰੇਮੀ ਹਨ, ਜਿਨ੍ਹਾਂ ਨੇ ਇਕ ਬੈਨਰ ਬਣਾਇਆ ਹੈ। ਇਸ ਬੈਨਰ ਦਾ ਉਦੇਸ਼ ਰਾਸ਼ਟਰੀ ਏਕਤਾ ਲਈ ਕ੍ਰਿਕਟ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਇਸ ਬੈਨਰ ’ਚ ਇਨ੍ਹਾਂ ਪੰਜਾਂ ਵਿਸ਼ਵ ਕੱਪਾਂ ਦੌਰਾਨ ਯੋਗਦਾਨ ਪਾਉਣ ਵਾਲੇ ਪੰਜਾਬੀ ਖਿਡਾਰੀਆਂ ਦੀ ਤਸਵੀਰ ਸਾਂਝੀ ਕੀਤੀ ਹੈ। ਉਕਤ ਪੰਜਾਬੀ ਕ੍ਰਿਕਟਰਾਂ ਪ੍ਰਤੀ ਸਨਮਾਨ ਭੇਟ ਕਰਨ ਵਾਲੇ ਬੈਨਰ ਬਾਰੇ ਗੱਲਬਾਤ ਕਰਦਿਆਂ ਡਾ. ਵਸ਼ਿਸ਼ਟ ਨੇ ਦੱਸਿਆ ਕਿ 1983 ਦੀ ਵਿਸ਼ਵ ਕੱਪ ਟੀਮ ਦੇ ਮੈਂਬਰ ਰਹੇ ਬਲਵਿੰਦਰ ਸਿੰਘ ਸੰਧੂ ਨੇ ਰਣਜੀ ਟਰਾਫੀ ਲਈ ਪੰਜਾਬ ਨੂੰ ਕੋਚਿੰਗ ਦਿੱਤੀ ਸੀ। ਸੰਧੂ ਦੇ ਪਿਤਾ ਹਰਮਨ ਸਿੰਘ ਨਾਜ਼ ਮਸ਼ਹੂਰ ਪੰਜਾਬੀ ਕਵੀ ਸਨ। ਹਰਭਜਨ ਸਿੰਘ 2007 ਤੇ 2011 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰ ਸਨ ਜਦੋਂਕਿ ਅਰਸ਼ਦੀਪ ਟੀਮ ਇੰਡੀਆ ਦੀ ਮੈਂਬਰ ਸਨ, ਜਿਸਨੇ 20-20 ਵਿਸ਼ਵ ਕੱਪ ਜਿੱਤਿਆ ਸੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਭਾਰਤ ਨੇ 2025 ਦਾ ਮਹਿਲਾ ਵਿਸ਼ਵ ਕੱਪ ਜਿੱਤਿਆ ਹੈ। ਇਸ ਵਿਸ਼ਵ ਕੱਪ ਦੀ ਜੇਤੂ ਟੀਮ ’ਚ ਹਰਮਨਪ੍ਰੀਤ ਕੌਰ ਤੋਂ ਇਲਾਵਾ ਅਮਨਜੋਤ ਕੌਰ ਟੀਮ ਦੀ ਪੰਜਾਬੀ ਖਿਡਾਰਨ ਹੈ।