ਨਗਰ ਨਿਗਮ ਨੇ ਸੰਤ ਨਗਰ ’ਚ ਸੀਲ ਕੀਤੀ ਨਾਜਾਇਜ਼ ਇਮਾਰਤ
ਸੰਤ ਨਗਰ ਦੀ ਨਾਜਾਇਜ਼ ਇਮਾਰਤ ਨੂੰ ਨਿਗਮ ਵੱਲੋਂ ਸੀਲ, ਡੀਸੀ ਨੂੰ ਸ਼ਿਕਾਇਤ ਤੋਂ ਬਾਅਦ ਹੋਈ ਕਾਰਵਾਈ
Publish Date: Thu, 08 Jan 2026 10:21 PM (IST)
Updated Date: Thu, 08 Jan 2026 10:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਡੋਵਾਲੀ ਰੋਡ ਸਥਿਤ ਸੰਤ ਨਗਰ ’ਚ ਨਾਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਇਕ ਇਮਾਰਤ ਨੂੰ ਨਗਰ ਨਿਗਮ ਵੱਲੋਂ ਵੀਰਵਾਰ ਨੂੰ ਸੀਲ ਕਰ ਦਿੱਤਾ ਗਿਆ। ਡੀਸੀ ਡਾ. ਹਿਮਾਂਸ਼ੂ ਅਗਰਵਾਲ ਕੋਲ ਸ਼ਿਕਾਇਤ ਦੇਣ ਤੋਂ ਬਾਅਦ ਨਗਰ ਨਿਗਮ ਨੇ ਇਹ ਕਾਰਵਾਈ ਕੀਤੀ। ਇਸ ਮਾਮਲੇ ’ਚ ਸੁਸਾਇਟੀ ਦੇ ਵਫਦ ਨੇ ਦੋ ਵਾਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਤੰਗ ਆ ਕੇ ਸੁਸਾਇਟੀ ਨੇ ਵੀਰਵਾਰ ਨੂੰ ਹੀ ਡੀਸੀ ਕੋਲ ਸ਼ਿਕਾਇਤ ਦਰਜ ਕਰਵਾਈ। ਡੀਸੀ ਦਫ਼ਤਰ ’ਚ ਮੌਜੂਦ ਨਾ ਹੋਣ ਕਾਰਨ ਏਡੀਸੀ (ਜਨਰਲ) ਅਮਨਿੰਦਰ ਕੌਰ ਨੂੰ ਸ਼ਿਕਾਇਤ ਦਿੱਤੀ ਗਈ। ਕਾਰਵਾਈ ਹੋਣ ਤੋਂ ਬਾਅਦ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਸੰਤ ਨਗਰ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਅਨਿਲ ਖੰਨਾ ਤੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਲਾਡੋਵਾਲੀ ਰੋਡ ’ਤੇ ਸੰਤ ਨਗਰ ਦੇ ਮੋੜ ’ਤੇ ਪਿਛਲੇ ਚਾਰ ਸਾਲਾਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਬੇਸਮੈਂਟ ਖੁਦਾਈ ਕਰ ਕੇ ਇਮਾਰਤ ਬਣਾਈ ਜਾ ਰਹੀ ਸੀ। ਮੁਹੱਲੇ ਦੇ ਵਸਨੀਕਾਂ ਨੇ ਸ਼ੁਰੂ ਤੋਂ ਹੀ ਇਸ ਨਿਰਮਾਣ ਦਾ ਵਿਰੋਧ ਕੀਤਾ। ਦੋ ਵਾਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਡਿਚ ਮਸ਼ੀਨ ਚਲਾ ਕੇ ਨਿਰਮਾਣ ਨੂੰ ਢਾਹਿਆ ਵੀ ਗਿਆ ਪਰ ਇਸ ਦੇ ਬਾਵਜੂਦ ਇਮਾਰਤ ਦੇ ਮਾਲਕ ਵੱਲੋਂ ਨਿਰਮਾਣ ਜਾਰੀ ਰੱਖਿਆ ਗਿਆ। ਬੀਤੇ ਦਿਨਾਂ ’ਚ ਵੀ ਇਮਾਰਤ ਦੇ ਮਾਲਕਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਲੈਂਟਰ ਪਾ ਦਿੱਤਾ ਗਿਆ। ਇਸ ਸਬੰਧੀ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਕੋਲ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਦੂਜੀ ਵਾਰ ਵੀ ਵਫ਼ਦ ਨੇ ਮਿਲ ਕੇ ਮਾਮਲਾ ਉਠਾਇਆ। ਉਸ ਵੇਲੇ ਨਿਗਮ ਕਮਿਸ਼ਨਰ ਨੇ ਐੱਮਟੀਪੀ ਨੂੰ ਕਾਰਵਾਈ ਦੇ ਹੁਕਮ ਦਿੱਤੇ ਸਨ ਪਰ ਉੱਥੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸੁਸਾਇਟੀ ਦੇ ਅਹੁਦੇਦਾਰਾਂ ਦਾ ਦੋਸ਼ ਹੈ ਕਿ ਇਮਾਰਤ ਦੇ ਮਾਲਕ ਨੇ ਨਾ ਸਿਰਫ਼ ਸੜਕ ’ਤੇ ਕਬਜ਼ਾ ਕੀਤਾ ਹੈ, ਸਗੋਂ ਸੰਤ ਨਗਰ ਦਾ ਸਰਕਾਰੀ ਸਾਈਨ ਬੋਰਡ ਵੀ ਗਾਇਬ ਕਰ ਦਿੱਤਾ। ਲੋਕਾਂ ਵੱਲੋਂ ਇਮਾਰਤ ਨੂੰ ਸੀਲ ਕਰਨ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਭਵਿੱਖ ’ਚ ਵੀ ਇਸ ਇਮਾਰਤ ਨੂੰ ਮੁੜ ਨਾ ਖੋਲ੍ਹਿਆ ਜਾਵੇ। ਇਸ ਮੌਕੇ ’ਤੇ ਜਸਵਿੰਦਰ ਸਿੰਘ, ਅਸ਼ਵਨੀ ਢੰਡ, ਕੁਲਵੰਤ ਸਿੰਘ, ਨਰੇਸ਼ ਸ਼ਰਮਾ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਸਮੇਤ ਹੋਰ ਮੁਹੱਲਾ ਵਾਸੀ ਮੌਜੂਦ ਸਨ।