ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਉੱਚ

ਸੂਬੇ ਦੇ ਢਾਈ ਲੱਖ ਤੋਂ ਵੱਧ ਐੱਸਸੀ ਵਿਦਿਆਰਥੀਆਂ ਨੂੰ ਮਿਲਿਆ ਲਾਭ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਉੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਆਪਣੇ ਪਰਿਵਾਰਕ ਹਾਲਾਤ ਬਿਆਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਕਾਲਰਸ਼ਿਪ ਨਾ ਮਿਲਦੀ ਤਾਂ ਪੜ੍ਹਾਈ ਜਾਰੀ ਰੱਖਣਾ ਮੁਸ਼ਕਲ ਹੋ ਜਾਂਦਾ। ਵਿਦਿਆਰਥੀਆਂ ਦੀਆਂ ਗੱਲਾਂ ਸੁਣ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਇੱਛਾ ਸ਼ਕਤੀ ਦੀ ਉਡਾਣ ਨੂੰ ਰੁਕਣ ਨਹੀਂ ਦੇਣਾ ਚਾਹੁੰਦੇ। ਸਕਾਲਰਸ਼ਿਪ ਦੇ ਕਾਰਨ ਹੀ ਅੱਜ ਵਿਦਿਆਰਥੀ ਐੱਮਬੀਬੀਐੱਸ, ਬੀਏ ਐੱਲਐੱਲਬੀ ਤੇ ਤਕਨੀਕੀ ਸਿੱਖਿਆ ਹਾਸਲ ਕਰ ਰਹੇ ਹਨ।
ਐੱਮਬੀਬੀਐੱਸ ਕਰ ਰਹੇ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਉੱਚ ਸਿੱਖਿਆ ਦਾ ਖ਼ਰਚ ਚੁੱਕਣ ਦੇ ਯੋਗ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਐੱਮਬੀਬੀਐੱਸ ਕਰਨ ਦਾ ਸੁਪਨਾ ਅਧੂਰਾ ਰਹਿ ਜਾਵੇਗਾ ਪਰ ਸਕਾਲਰਸ਼ਿਪ ਮਿਲਣ ਨਾਲ ਅੱਜ ਉਹ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਹਨ।
ਬੀਏ ਐੱਲਐੱਲਬੀ ਕਰ ਰਹੀ ਹਰਸ਼ਿਤਾ ਨੇ ਕਿਹਾ ਕਿ ਸਕਾਲਰਸ਼ਿਪ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਮਿਲੇ ਹਨ। ਪਰਿਵਾਰ ਦੇ ਆਰਥਿਕ ਹਾਲਾਤ ਠੀਕ-ਠਾਕ ਸਨ ਪਰ ਸਕਾਲਰਸ਼ਿਪ ਨਾਲ ਉਨ੍ਹਾਂ ਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਸੁਰ ਸੰਗਮ ਕੌਰ ਤੇ ਨਵਾਂਸ਼ ਸਿੱਧੂ ਨੇ ਵੀ ਉੱਚ ਸਿੱਖਿਆ ਜਾਰੀ ਰੱਖਦਿਆਂ ਆਪਣੇ ਮੰਜ਼ਿਲ ਹਾਸਲ ਕਰਨ ਦੀ ਇੱਛਾ ਜਤਾਈ। ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਆਏ ਵਿਦਿਆਰਥੀਆਂ ਨੇ ਕਿਹਾ ਕਿ ਸਕਾਲਰਸ਼ਿਪ ਹਾਸਲ ਕਰਨ ਲਈ ਉਹ ਹੋਰ ਜ਼ਿਆਦਾ ਮਿਹਨਤ ਕਰ ਰਹੇ ਹਨ।
…---
ਅਰਜ਼ੀ ਲਿਖੀ ਸਿਖਾਈ ਜਾਂਦੀ ਸੀ ‘ਆਪ’ ਸਰਕਾਰ ਨੇ ਮਾਫ਼ ਕੀਤੀ ਫੀਸ
ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਿਦਿਆਰਥੀਆਂ ਨੂੰ ਫੀਸ ਮਾਫ਼ੀ ਦੀ ਅਰਜ਼ੀ ਲਿਖਣੀ ਸਿਖਾਉਂਦੀਆਂ ਰਹੀਆਂ। ਪਹਿਲਾਂ ਫੀਸ ਮਾਫ਼ੀ ਤੇ ਫਿਰ ਕਰਜ਼ਾ ਮਾਫ਼ੀ ਲਈ ਅਰਜ਼ੀਆਂ ਲਿਖਣ ਦੀ ਲੋਕਾਂ ਨੂੰ ਆਦਤ ਪਾ ਦਿੱਤੀ ਗਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕਾਲਰਸ਼ਿਪ ਦੇ ਕੇ ਫੀਸ ਦਾ ਭਾਰ ਘਟਾਇਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਮਹਿੰਗੀਆਂ ਕਿਤਾਬਾਂ ਖਰੀਦਣਾ ਮੁਸ਼ਕਲ ਹੋ ਜਾਂਦਾ ਸੀ ਅਤੇ ਵਿਦਿਆਰਥੀ ਲਾਇਬ੍ਰੇਰੀ ਤੋਂ ਕਿਤਾਬਾਂ ਲੈ ਕੇ ਪੜ੍ਹਦੇ ਸਨ। ਉਹ ਕਿਤਾਬਾਂ ’ਚ ਜ਼ਰੂਰੀ ਤੱਥ ਅੰਡਰਲਾਈਨ ਜਾਂ ਫਲੈਗ ਵੀ ਨਹੀਂ ਲਗਾ ਸਕਦੇ ਸਨ ਪਰ ਹੁਣ ਵਿਦਿਆਰਥੀ ਆਪਣੀਆਂ ਕਿਤਾਬਾਂ ਖਰੀਦ ਕੇ ਪੜ੍ਹਾਈ ਕਰ ਰਹੇ ਹਨ। ਫੀਸ ਮਾਫ਼ੀ, ਪੜ੍ਹਾਈ ਦੇ ਕਰਜ਼ੇ ਅਤੇ ਕਰਜ਼ੇ ’ਤੇ ਵਿਆਜ ਦਾ ਭਾਰ ‘ਆਪ’ ਸਰਕਾਰ ਨੇ ਖਤਮ ਕੀਤਾ ਹੈ। ਸਰਕਾਰ ਵੱਲੋਂ ਵਿਦਿਆਰਥੀਆਂ ਦਾ 67 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ। ਇਹ ਸਹੂਲਤਾਂ ਐਸਸੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ।