ਸਰਕਾਰ ਲੋਕਾਂ ਦੇ ਦੁੱਖ-ਸੁੱਖ ਦੀ ਭਾਈਵਾਲ ਹੈ: ਡਾ. ਰਾਜ ਕੁਮਾਰ ਚੱਬੇਵਾਲ
ਮੀਂਹ ਨਾਲ ਨੁਕਸਾਨੇ ਗਏ 1708 ਪਰਿਵਾਰਾਂ ਨੂੰ 10.68 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੰਡੀਂ
Publish Date: Sun, 15 Feb 2026 07:58 PM (IST)
Updated Date: Mon, 16 Feb 2026 04:13 AM (IST)

ਮੀਂਹ ਨਾਲ ਨੁਕਸਾਨੇ ਗਏ 1708 ਪਰਿਵਾਰਾਂ ਨੂੰ 10.68 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੰਡੀਂ ਸਰਕਾਰੀ ਨੀਤੀਆਂ ਅਧੀਨ ਹਰ ਘਰ ਤੱਕ ਰਾਹਤ ਪੁੱਜਦੀ ਰਹੇਗੀ: ਵਿਧਾਇਕ ਡਾ. ਇਸ਼ਾਂਕ ਕੁਮਾਰ ਸੰਜੀਵ ਸੂਦ,ਪੰਜਾਬੀ ਜਾਗਰਣ, ਹੁਸ਼ਿਆਰਪੁਰ: ਭਾਰੀ ਮੀਂਹਾਂ ਕਾਰਨ ਜ਼ਿਲ੍ਹੇ ਵਿੱਚ ਨੁਕਸਾਨ ਝੱਲਣ ਵਾਲੇ 1708 ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 10.68 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇ ਚੈੱਕ ਵੰਡੇ ਗਏ। ਇਹ ਚੈੱਕ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਆਪਣੇ ਗ੍ਰਹਿ ਵਿਖੇ ਪ੍ਰਭਾਵਿਤ ਪਰਿਵਾਰਾਂ ਨੂੰ ਸੌਂਪੇ ਗਏ। ਜ਼ਿਕਰਯੋਗ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰ ਵੱਲੋਂ 40 ਹਜ਼ਾਰ ਤੋਂ ਲੈ ਕੇ 1 ਲੱਖ 20 ਹਜ਼ਾਰ ਰੁਪਏ ਤੱਕ ਦੀ ਰਾਹਤ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਭਾਵਿਤ ਪਰਿਵਾਰਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਅੱਗੇ ਕਿਸੇ ਦਾ ਵੱਸ ਨਹੀਂ ਹੁੰਦਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਹਰ ਸਮੇਂ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੁਣ ਤੱਕ ਜੋ ਵੀ ਵਾਅਦੇ ਕੀਤੇ ਗਏ ਹਨ, ਉਹ ਸਮੇਂ ਸਿਰ ਪੂਰੇ ਕੀਤੇ ਗਏ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਰਿਕਾਰਡ ਵਿਕਾਸ ਕਾਰਜ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਜਾ ਰਹੀ ਹੈ। ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਹਰ ਘਰ ਤੱਕ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਰਾਹਤ ਪੁੱਜਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਸਾਡੇ ਪਰਿਵਾਰ ਦਾ ਹਿੱਸਾ ਹਨ ਅਤੇ ਹਰ ਪਰਿਵਾਰ ਦਾ ਵਿਕਾਸ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮੀਂਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦਿੱਤੀ ਗਈ ਹੈ, ਇਸੇ ਤਰ੍ਹਾਂ ਸਰਕਾਰ ਦੀਆਂ ਹੋਰ ਲੋਕ-ਹਿਤੈਸ਼ੀ ਨੀਤੀਆਂ ਤਹਿਤ ਵੀ ਰਾਹਤ ਲੋਕਾਂ ਤੱਕ ਲਗਾਤਾਰ ਪੁੱਜਦੀ ਰਹੇਗੀ।