ਪ੍ਰਾਪਰਟੀ ਡੀਲਰ ਗੋਲੀਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ
ਪ੍ਰਾਪਰਟੀ ਡੀਲਰ ਗੋਲੀਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ
Publish Date: Sun, 15 Feb 2026 07:55 PM (IST)
Updated Date: Mon, 16 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੜ: ਥਾਣਾ ਟਾਂਡਾ ਪੁਲਿਸ ਪਿਛਲੇ ਸਾਲ ਟਾਂਡਾ ਵਿਖੇ ਵਾਪਰੇ ਇੱਕ ਪ੍ਰਾਪਰਟੀ ਡੀਲਰ ਗੋਲੀਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਨੂੰ ਉਕਤ ਮਾਮਲੇ ’ਚ ਗ੍ਰਿਫਤਾਰ ਅੰਮ੍ਰਿਤਸਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਟਾਂਡਾ ਲਿਆਂਦਾ ਗਿਆ ਹੈ। ਉਕਤ ਮੁਲਜ਼ਮ ਦੀ ਪਛਾਣ ਸਾਜਨ ਮਸੀਹ ਪੁੱਤਰ ਸ਼ਿੰਦਾ ਮਸੀਹ ਉਰਫ ਜੰਗੀ, ਵਾਸੀ ਵੈਰੋਕੇ (ਡੇਰਾ ਬਾਬਾ ਨਾਨਕ) ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਸ ਸਬੰਧੀ ਐੱਸਐੱਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਾਲ 2025 ਅਗਸਤ ਮਹੀਨੇ ਟਾਂਡਾ ਵਿਖੇ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਦੇ ਨੇੜੇ ਪ੍ਰਾਪਰਟੀ ਡੀਲਰ ਸੰਦੀਪ ਸੈਣੀ ਦੇ ਦਫਤਰ ’ਚ ਦੋ ਸ਼ੂਟਰਾਂ ਵੱਲੋਂ ਗੋਲੀਆ ਮਾਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਟਾਂਡਾ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਟਾਂਡਾ ਪੁਲਿਸ ਨੇ ਉਕਤ ਕੇਸ ’ਚ ਸੁਪਾਰੀ ਲੈਣ ਵਾਲੇ ਮੁੱਖ ਮੁਲਜ਼ਮ ਸਾਜਨ ਮਸੀਹ ਨੂੰ ਗੁਰਦਾਸਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਟਾਂਡਾ ਲਿਆਂਦਾ ਗਿਆ ਹੈ। ਐੱਸਐੱਚਓ ਟਾਂਡਾ ਗੁਰਿੰਦਰਜੀਤ ਨਾਗਰਾ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਅੰਮ੍ਰਿਤਸਰ ਪੁਲਿਸ ਨੇ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਸੀ। ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਜਨ ਮਸੀਹ ਨੇ ਵਿਦੇਸ਼ ’ਚ ਰਹਿੰਦੇ ਸਾਜ਼ਿਸ਼ਕਾਰਾਂ ਨਾਲ ਗੱਲਬਾਤ ਕਰਨ ਤੇ ਸ਼ੂਟਰਾਂ ਨੂੰ ਭੇਜਣ ਦੀ ਗੱਲ ਕਬੂਲ ਕੀਤੀ ਹੈ। ਪੁਲਿਸ ਨੂੰ ਸਾਜਨ ਤੋਂ ਪੁੱਛਗਿੱਛ ਲਈ ਮਾਣਯੋਗ ਅਦਾਲਤ ਤੋਂ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ ਤੇ ਉਸ ਨੂੰ ਸੋਮਵਾਰ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਪਹਿਲਾਂ ਹੀ ਦੋ ਮੁੱਖ ਸ਼ੂਟਰਾਂ ਅਨਿਕੇਤ ਮਸੀਹ ਤੇ ਵਿਸ਼ਾਲ ਅਤੇ ਰੇਕੀ ਕਰਨ ਵਾਲੇ ਮੁਲਾਜ਼ਮਾਂ ਰਾਹੁਲ ਤੇ ਕਰਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।