ਵਿਕਟੋਰੀਆ ਸਕੂਲ 'ਚ ਵਿਦਾਇਗੀ ਸਮਾਰੋਹ ਕਰਵਾਇਆ
ਵਿਕਟੋਰੀਆ ਸਕੂਲ 'ਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ
Publish Date: Mon, 09 Feb 2026 03:28 PM (IST)
Updated Date: Mon, 09 Feb 2026 03:29 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਸਥਾਨਕ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਬੜੀ ਧੂਮਧਾਮ, ਉਤਸ਼ਾਹ ਅਤੇ ਭਾਵਨਾਤਮਕ ਮਾਹੌਲ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਦਾ ਉਦੇਸ਼ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲੀ ਜੀਵਨ ਦੀਆਂ ਮਿੱਠੀਆਂ ਯਾਦਾਂ ਨਾਲ ਰੁਖਸਤ ਕਰਨਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਦਾਨ ਕਰਨਾ ਸੀ। ਸਮਾਰੋਹ ਦਾ ਸ਼ੁੱਭਆਰੰਭ ਸਕੂਲ ਦੀ ਡਾਇਰੈਕਟਰ ਨੀਰੂ ਮੁਲਤਾਨੀ ਅਤੇ ਪ੍ਰਿੰਸੀਪਲ ਅਰਚਨਾ ਸੂਦਨ ਨੂੰ ਫੁੱਲਾਂ ਨਾਲ ਸੱਜੇ ਹੋਏ ਬੁੱਕੇ ਭੇਟ ਕਰਕੇ ਕੀਤਾ ਗਿਆ। ਉਪਰੰਤ ਜਮਾਤ 12ਵੀਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਢੋਲ ਦੀ ਧੁਨ ਨਾਲ ਅਤੇ ਤਿਲਕ ਲਗਾ ਕੇ ਕੀਤਾ ਗਿਆ, ਜਿਸ ਨੇ ਸਮਾਰੋਹ ਨੂੰ ਰਿਵਾਇਤੀ ਅਤੇ ਸੱਭਿਆਚਾਰਕ ਰੰਗਾਂ ਨਾਲ ਭਰ ਦਿੱਤਾ। ਇਸ ਸਮੇਂ ਜਮਾਤ 11ਵੀਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਸਮਾਰੋਹ ਦਾ ਖ਼ਾਸ ਆਕਰਸ਼ਣ ਰਹੇ। ਪੰਜਾਬੀ ਗੀਤਾਂ ਅਤੇ ਮਨਮੋਹਕ ਨਾਚ ਨੇ ਸਭ ਦਾ ਮਨ ਮੋਹ ਲਿਆ ਅਤੇ ਪੂਰੇ ਹਾਲ ਨੂੰ ਤਾਲੀਆਂ ਦੀ ਗੂੰਜ ਨਾਲ ਭਰ ਦਿੱਤਾ। ਇਸ ਮੌਕੇ 11ਵੀਂ ਦੇ ਵਿਦਿਆਰਥੀਆਂ ਨੇ 12ਵੀਂ ਦੇ ਵਿਦਿਆਰਥੀਆਂ ਨੂੰ ਸੁੰਦਰ ਤੋਹਫ਼ੇ ਭੇਟ ਕਰਕੇ ਆਪਣਾ ਪਿਆਰ ਅਤੇ ਸਨਮਾਨ ਪ੍ਰਗਟ ਕੀਤਾ। ਵਿਦਾਇਗੀ ਸਮਾਰੋਹ ਦੌਰਾਨ ਜਮਾਤ 12ਵੀਂ ਦੇ ਵਿਦਿਆਰਥੀਆਂ ਨੇ ਵੀ ਆਪਣੇ ਅਧਿਆਪਕਾਂ ਨੂੰ ਆਦਰ-ਸਤਿਕਾਰ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਜੀਵਨ ’ਤੇ ਆਧਾਰਿਤ ਇੱਕ ਭਾਵਪੂਰਤ ਨਾਟਕ ਪੇਸ਼ ਕਰਕੇ ਸਮਾਰੋਹ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸਮਾਰੋਹ ਦੀ ਇੱਕ ਹੋਰ ਵਿਸ਼ੇਸ਼ ਝਲਕ ਮਿਸਟਰ ਫੇਅਰਵੈੱਲ ਅਤੇ ਮਿਸ ਫੇਅਰਵੈੱਲ ਦੀ ਚੋਣ ਰਹੀ। ਸਕੂਲ ਦੀ ਡਾਇਰੈਕਟਰ ਅਤੇ ਪ੍ਰਿੰਸੀਪਲ ਵੱਲੋਂ ਸ਼ਰਨਜੀਤ ਸਿੰਘ ਨੂੰ ਮਿਸਟਰ ਫੇਅਰਵੈੱਲ ਅਤੇ ਤਾਹੀਨ ਨੂੰ ਮਿਸ ਫੇਅਰਵੈੱਲ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਾਰੇ 12ਵੀਂ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਤੋਹਫ਼ੇ ਭੇਟ ਕਰਕੇ ਉਨ੍ਹਾਂ ਦੇ ਅਨੁਸ਼ਾਸਨ, ਸਹਿਯੋਗੀ ਸੁਭਾਅ ਅਤੇ ਸਕੂਲ ਪ੍ਰਤੀ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਕੂਲ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਅਤੇ ਸਮੂਹ ਅਧਿਆਪਕ ਹਾਜ਼ਰ ਸਨ।