ਯੂਜੀਸੀ ਕਾਨੂੰਨ ਵਿਰੁੱਧ ਕੀਤਾ ਪੁਤਲਾ ਫੂਕ ਰੋਸ ਮੁਜ਼ਾਹਰਾ
ਯੂਜੀਸੀ ਕਾਨੂੰਨ ਵਿਰੁੱਧ ਕੀਤਾ ਪੁਤਲਾ ਫੂਕ ਰੋਸ ਮੁਜਾਹਿਰਾ
Publish Date: Wed, 04 Feb 2026 05:21 PM (IST)
Updated Date: Wed, 04 Feb 2026 05:23 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਇੱਥੇ ਰਾਜਪੂਤ ਸਭਾ ਅਤੇ ਸਵਰਨ ਸਮਾਜ ਦੇ ਆਗੂਆਂ ਵੱਲੋਂ ਰਾਜਪੂਤ ਸਭਾ ਮੁਕੇਰੀਆਂ ਦੇ ਕਾਰਜਕਾਰੀ ਪ੍ਰਧਾਨ ਠਾਕੁਰ ਬੈਨੀ ਮਨਹਾਸ ਦੀ ਅਗਵਾਈ ’ਚ ਇਕੱਤਰਤਾ ਕਰਨ ਉਪਰੰਤ ਯੂਜੀਸੀ ਕਾਨੂੰਨ ਦੇ ਵਿਰੋਧ ’ਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਮਹਾਰਾਣਾ ਪ੍ਰਤਾਪ ਚੌਕ ਮੁਕੇਰੀਆਂ ਵਿਖੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਦੇ ਹੋਏ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਠਾਕੁਰ ਬੈਨੀ ਮਨਹਾਸ ਅਤੇ ਹਾਜ਼ਰੀਨਾਂ ਵੱਲੋਂ ਯੂਜੀਸੀ ਕਾਨੂੰਨ ‘ਤੇ ਰੋਕ ਲਗਾਉਣ ਲਈ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਗਿਆ। ਆਪਣੇ ਸੰਬੋਧਨ ’ਚ ਠਾਕੁਰ ਬੈਨੀ ਮਨਹਾਸ ਨੇ ਕਿਹਾ ਕਿ ਯੂਜੀਸੀ ਐਕਟ ਦੇ ਨਵੀਆਂ ਤਜਵੀਜ਼ਾਂ ਨਾਲ ਸਵਰਨ ਜਾਤੀ ਦੇ ਮੂਲ ਅਧਿਕਾਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਨਜ਼ਰੇ ਇਹ ਸੋਧ ਸਵਰਨ ਸਮਾਜ ਨੂੰ ਇੱਕ ਅਪਰਾਧੀ ਦੇ ਰੂਪ ਵਿੱਚ ਪੇਸ਼ ਕਰਦੀ ਹੈ, ਭਾਵੇਂ ਵਿਅਕਤੀ ਨਿਰਦੋਸ਼ ਕਿਉਂ ਨਾ ਹੋਵੇ, ਨਵੇਂ ਕਾਨੂੰਨ ਤਹਿਤ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਕੋਈ ਵੀ ਰਾਹ ਨਹੀਂ ਰੱਖਿਆ ਗਿਆ। ਕੇਂਦਰ ਸਰਕਾਰ ਦੀ ਇੱਕਪਾਸੜ ਕਾਰਵਾਈ ਕਾਰਨ ਦੇਸ਼ ਭਰ ਦਾ ਸਵਰਨ ਸਮਾਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਵੇਂ ਕਾਨੂੰਨ ਵਿਰੁੱਧ ਰੋਸ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਮਾਜ ਨੂੰ ਜਾਤੀਆਂ ਵਿੱਚ ਵੰਡਣ ਵਾਲੇ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਜਾਂ ਬਿੱਲ ਲਾਗੂ ਨਾ ਕੀਤੇ ਜਾਣ ਅਤੇ ਕਾਨੂੰਨ ਵਿੱਚ ਸੋਧ ਕਰਦੇ ਸਮੇਂ ਸਮਾਜ ਦੇ ਸਾਰੇ ਵਰਗਾਂ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਮੌਕੇ ਸ਼ਾਮ ਸਿੰਘ ਸ਼ਾਮਾ, ਵਿਸ਼ਾਲ ਠਾਕੁਰ, ਅਮਿਤ ਮਨਹਾਸ, ਸ਼ਾਨੂੰ, ਰਾਹੁਲ ਸ਼ਰਮਾ, ਮੁਨੀਸ਼ ਮਨਹਾਸ ਪੰਡੋਰੀ ਭਗਤ, ਜਿੰਮੀ ਟਾਂਡਾ ਸਮੇਤ ਹੋਰ ਕਈ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।