ਮੈਡੀਕਲ ਕਾਲਜ ਦੇ ਮਾਮਲੇ ’ਤੇ ਲੋਕਾਂ ਨੂੰ ਗੁੰਮਰਾਹ ਕੀਤਾ : ਸੂਦ
ਮੈਡੀਕਲ ਕਾਲਜ ਦੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ: ਤੀਕਸ਼ਣ ਸੂਦ
Publish Date: Wed, 28 Jan 2026 06:01 PM (IST)
Updated Date: Wed, 28 Jan 2026 06:04 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਵਿੱਚ ਤਿਰੰਗਾ ਲਹਿਰਾਉਣ ਸਮੇਂ ਮੈਡੀਕਲ ਕਾਲਜ ਬਾਰੇ ਦਿੱਤਾ ਗਿਆ ਬਿਆਨ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਆਨ ਵਿੱਚ ਸੱਚਾਈ ਦਾ ਇੱਕ ਅੰਸ਼ ਵੀ ਹੁੰਦਾ ਤਾਂ ਇਹ ਸਵਾਗਤਯੋਗ ਹੁੰਦਾ ਪਰ ਹਕੀਕਤ ਇਸਦੇ ਬਿਲਕੁਲ ਉਲਟ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਗੈਰ-ਜ਼ਿੰਮੇਵਾਰ ਬਿਆਨ ਦੇਣ ਦੇ ਆਦੀ ਹਨ ਅਤੇ ਪ੍ਰਸਿੱਧੀ ਲਈ ਅਜਿਹੀਆਂ ਘੋਸ਼ਣਾਵਾਂ ਕਰ ਰਹੇ ਹਨ। 2022 ’ਚ ਸਰਕਾਰ ਬਣਨ ਤੋਂ ਬਾਅਦ ਪੂਰੇ ਪੰਜਾਬ ਵਿੱਚ 16 ਮੈਡੀਕਲ ਕਾਲਜ ਖੋਲ੍ਹਣ ਦੇ ਹੋਰਡਿੰਗ ਲਗਾ ਕੇ ਕਰੋੜਾਂ ਰੁਪਏ ਖ਼ਰਚੇ ਗਏ, ਜਦਕਿ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ਕੇਂਦਰ ਸਰਕਾਰ ਦੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧੀਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਲਈ ਮੈਡੀਕਲ ਕਾਲਜ ਮਨਜ਼ੂਰ ਕਰਵਾਇਆ ਸੀ ਅਤੇ ਕਰੀਬ 260 ਕਰੋੜ ਰੁਪਏ ਦੀ ਰਾਸ਼ੀ ਵੀ ਕੇਂਦਰ ਤੋਂ ਪੰਜਾਬ ਸਰਕਾਰ ਨੂੰ ਮਿਲੀ ਸੀ।