ਪਾਰਕਿੰਗ ਵਿਵਾਦ ਦੌਰਾਨ ਹੋਏ ਕਤਲ ਮਾਮਲੇ ’ਚ ਦੋ ਮੁੱਖ ਦੋਸ਼ੀ ਗ੍ਰਿਫ਼ਤਾਰ, ਛੇ ਖ਼ਿਲਾਫ਼ ਪਰਚਾ ਦਰਜ
ਹੁਸ਼ਿਆਰਪੁਰ: ਪਾਰਕਿੰਗ ਵਿਵਾਦ ਦੌਰਾਨ ਹੋਏ ਕਤਲ ਮਾਮਲੇ ਵਿੱਚ ਦੋ ਮੁੱਖ ਦੋਸ਼ੀ ਗ੍ਰਿਫ਼ਤਾਰ, ਛੇ ਖ਼ਿਲਾਫ਼ ਪਰਚਾ ਦਰਜ
Publish Date: Wed, 28 Jan 2026 02:45 PM (IST)
Updated Date: Wed, 28 Jan 2026 02:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬਹਾਦੁਰਪੁਰ ਇਲਾਕੇ ’ਚ ਰਾਜੀਵ ਸੈਣੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਗੌਤਮ ਮੱਟੂ ਅਤੇ ਉਸਦਾ ਭਰਾ ਵੰਸ਼ ਮੱਟੂ, ਦੋਵੇਂ ਵਾਸੀ ਬਹਾਦੁਰਪੁਰ, ਨੂੰ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਦੇਵਦੱਤ ਸ਼ਰਮਾ ਅਨੁਸਾਰ ਇਹ ਘਟਨਾ 24 ਜਨਵਰੀ ਦੀ ਰਾਤ ਕਰੀਬ 9:30 ਵਜੇ ਪਾਰਕਿੰਗ ਨੂੰ ਲੈ ਕੇ ਹੋਈ ਆਪਸੀ ਤਕਰਾਰ ਤੋਂ ਬਾਅਦ ਵਾਪਰੀ। ਰਾਜੀਵ ਸੈਣੀ ਦਾ ਮਹੱਲੇ ਦੇ ਕੁਝ ਨੌਜਵਾਨਾਂ ਨਾਲ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਕਿਹਾ-ਸੁਣੀ ਹੋਈ, ਜੋ ਛੇਤੀ ਹੀ ਹਿੰਸਕ ਝਗੜੇ ਵਿੱਚ ਬਦਲ ਗਈ। ਇਸ ਦੌਰਾਨ ਦੂਜੇ ਪੱਖ ਦੇ ਵਿਅਕਤੀਆਂ ਨੇ ਰਾਜੀਵ ਸੈਣੀ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਇਲਾਜ ਦੌਰਾਨ ਉਸ ਦੀ ਹੁਸ਼ਿਆਰਪੁਰ ਦੇ ਇਕ ਨਿਜੀ ਹਸਪਤਾਲ ਵਿੱਚ ਮੌਤ ਹੋ ਗਈ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਛੇ ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਹੋਰ ਦੋਸ਼ੀਆਂ ਦੀ ਪਛਾਣ ਇਆਨ (ਵਾਸੀ ਬਹਾਦੁਰਪੁਰ), ਜਤਿਨ (ਵਾਸੀ ਪ੍ਰੇਮਗੜ੍ਹ ਮਹੱਲਾ), ਲਕਸ਼ ਉਰਫ਼ ਪੈਂਡੂ (ਵਾਸੀ ਗੋਬਿੰਦਗੜ੍ਹ ਮਹੱਲਾ) ਅਤੇ ਰਾਜੀਵ ਕੁਮਾਰ (ਵਾਸੀ ਬਹਾਦੁਰਪੁਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕੱਲ੍ਹ ਮੁਖ਼ਬਰ ਖ਼ਾਸ ਤੋਂ ਸੂਚਨਾ ਮਿਲੀ ਸੀ ਕਿ ਗੌਤਮ ਮੱਟੂ ਅਤੇ ਵੰਸ਼ ਮੱਟੂ ਧੋਬੀ ਘਾਟ ਚੌਂਕ ਵਿਖੇ ਮੌਜੂਦ ਹਨ। ਇਸ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਟੀਮ ਨੇ ਤੁਰੰਤ ਛਾਪੇਮਾਰੀ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੋਸ਼ੀਆਂ ਤੋਂ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਬਰਾਮਦ ਕਰਨ ਅਤੇ ਹੋਰ ਦੋਸ਼ੀਆਂ ਤੱਕ ਪਹੁੰਚਣ ਲਈ ਅਦਾਲਤ ਤੋਂ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।