ਲੜਕੀ ਨੂੰ ਅਪਾਹਿਜ ਬਣਾਉਣ ਵਾਲੇ ਟਰੱਕ ਨੇ ਪੁਲਿਸ ਨੂੰ ਭਾਈ ਭਾਜੜ
ਖਾਲੀ ਕਰਵਾਏ ਟਰੱਕ ਨੂੰ ਭਰਨ ਲਈ ਬਾਹਰੋ ਬੱਜਰੀ ਲਿਆ ਕੇ ਪੁਲਿਸ ਨੇ ਧਰਨਾ ਕਾਰੀਏ ਤੋ ਛੁਡਵਾਇਆ ਖਹਿੜਾ
Publish Date: Wed, 21 Jan 2026 05:15 PM (IST)
Updated Date: Wed, 21 Jan 2026 05:18 PM (IST)

-ਓਵਰਲੋਡ ਟਰੱਕ ਨੂੰ ਹਲਕਾ ਦਿਖਾਉਣ ਲਈ ਕੱਢੀ ਬੱਜਰੀ -ਲੋਕਾਂ ਨੇ ਕੀਤਾ ਪ੍ਰਦਰਸ਼ਨ ਤਾਂ ਖ਼ੁਦ ਮੰਗਵਾ ਕੇ ਭਰਿਆ ਟਰੱਕ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਬੀਤੀ ਰਾਤ 16 ਜਨਵਰੀ ਮਾਹਿਲਪੁਰ ਸ਼ਹਿਰ ’ਚ ਵਾਪਰੇ ਸੜਕ ਹਾਦਸੇ ’ਚ ਬੱਜਰੀ ਨਾਲ ਓਵਰ ਲੋਡ ਟਰੱਕ ਨੂੰ ਪੁਲਿਸ ਵਲੋਂ ਅੱਧੇ ਤੋਂ ਵੱਧ ਖਾਲੀ ਕਰਵਾਉਣ ਨੂੰ ਲੈ ਕੇ ਪਿੰਡ ਮਹਿਮਦੋਵਾਲ ਵਾਸੀਆਂ ਵਲੋਂ ਪੁਲਿਸ ਥਾਣਾ ਮੂਹਰੇ ਦੂਸਰੇ ਦਿਨ ਧਰਨਾ ਲਗਾਇਆ ਗਿਆ। ਜਾਣਕਾਰੀ ਅਨੁਸਾਰ ਸਰਪੰਚ ਗੁਰਮੀਤ ਸਿੰਘ, ਹਰਚਰਨ ਸਿੰਘ ਚਮਨੀ ਸਰਪੰਚ ਰਾਮਪੁਰ, ਸੱਜਣ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਪੰਚ, ਸੰਜੀਵ ਕੁਮਾਰ, ਸੋਹਣ ਸਿੰਘ, ਹਰਜਿੰਦਰ ਸਿੰਘ ਫਕਿਹਪੁਰ ਕੋਠੀ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਪਿੰਡ ਮਹਿਮਦੋਵਾਲ ਦੀ ਲੜਕੀ ਲਖਵਿੰਦਰ ਕੌਰ ਨੂੰ ਟਰੱਕ (ਪੀਬੀ 07 ਏਐਸ 9960) ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਹ ਅਪਾਹਜ ਹੋ ਗਈ, ਉੱਥੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਓਵਰਲੋਡ ਟਰੱਕ ਨੂੰ ਅੱਧੇ ਤੋਂ ਜਿਆਦਾ ਖਾਲੀ ਕਰਵਾ ਕੇ ਖਾਨਾ ਪੂਰਤੀ ਲਈ ਥਾਣੇ ਅੰਦਰ ਖੜ੍ਹਾ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਰਾਤੀ ਥਾਣਾ ਮੂਹਰੇ ਧਰਨਾ ਲਗਾਉਣਾ ਪਿਆ। ਉਨ੍ਹਾਂ ਦੱਸਿਆ ਜਦੋਂ ਇਸ ਮਾਮਲੇ ਨੂੰ ਲੈ ਕੇ ਸਾਰੇ ਪਿੰਡ ਵਾਸੀਆਂ ਨੂੰ ਥਾਣੇ ’ਚ ਦੇਖਿਆ ਤਾਂ ਪੁਲਿਸ ਵਲੋਂ ਬਾਹਰੋਂ ਬੱਜਰੀ ਲਿਆ ਕਿ ਟਰੱਕ ਕੋਲ ਢੇਰੀ ਕੀਤੀ ਹੋਈ ਸੀ। ਉਨ੍ਹਾਂ ਮੰਗ ਕਰਦੇ ਕਿਹਾ ਕਿ ਇਹੋ ਜਿਹੀ ਹਰਕਤ ਕਰਨ ਵਾਲੇ ਪੁਲਿਸ ਮੁਲਾਜ਼ਮ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਲੜਕੀ ਨੂੰ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਡੀਐੱਸਪੀ ਦਲਜੀਤ ਸਿੰਘ ਖੱਖ ਨੇ ਕਿਹਾ ਕਿ ਜਿਸ ਵੀ ਪੁਲਿਸ ਕਰਮਚਾਰੀ ਨੇ ਇਹ ਹਰਕਤ ਕੀਤੀ ਉਸ ਵਿਰੁੱਧ ਐਕਸ਼ਨ ਲਿਆ ਜਾਵੇਗਾ ਅਤੇ ਰਹੀ ਲੜਕੀ ਦੇ ਇਨਸਾਫ ਦੀ ਗੱਲ ਪੁਲਿਸ ਪ੍ਰਸ਼ਾਸਨ ਪਹਿਲਾਂ ਵੀ ਉਸ ਲੜਕੀ ਨਾਲ ਖੜ੍ਹਾ ਸੀ ਹੁਣ ਵੀ ਉਸ ਨੂੰ ਇਨਸਾਫ ਦਿਵਾਉਣ ਲਈ ਕੋਈ ਕਸਰ ਨਹੀ ਛੱਡੇਗਾ। ਡੀਐੱਸਪੀ ਨੇ ਕਿਹਾ ਉਹ ਖੁਦ ਮੂਹਰੇ ਹੋ ਕੇ ਲੜਕੀ ਦੀ ਮਦਦ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਐੱਮਪੀ ਡਾ. ਰਾਜਕੁਮਾਰ ਨਾਲ ਮੀਟਿੰਗਾਂ ਕਰਕੇ ਲੜਕੀ ਦੀ ਸਹਾਇਤਾ ਲਈ ਯੋਗ ਕਾਰਵਾਈ ਕਰ ਰਹੇ ਹਨ। ਟਿਪਰਾਂ ਦੇ ਟਾਈਮ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਕਰੈਸ਼ਰਾਂ ਮਾਲਕਾ ਨਾਲ ਮੀਟਿੰਗ ਕਰਕੇ ਰਹੇ ਹਨ।