ਜੈ ਬਾਬਾ ਲਾਲ ਦਿਆਲ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਪਿੰਡ ਰਾਮਪੁਰ ਹਲੇੜ ਤੋਂ ਨਿਕਲੀ ਜੈ ਬਾਬਾ ਲਾਲ ਦਿਆਲ ਦੀ ਵਿਸ਼ਾਲ ਸ਼ੋਭਾ ਯਾਤਰਾ
Publish Date: Sun, 18 Jan 2026 06:29 PM (IST)
Updated Date: Mon, 19 Jan 2026 04:12 AM (IST)

ਹਜ਼ਾਰਾਂ ਸ਼ਰਧਾਲੂ ਹੋਏ ਸ਼ਾਮਲ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਪਿੰਡ ਰਾਮਪੁਰ ਹਲੇੜ ਵਿਖੇ ਜੈ ਬਾਬਾ ਲਾਲ ਦਿਆਲ ਦੀ ਪਵਿੱਤਰ ਸ਼ੋਭਾ ਯਾਤਰਾ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਜੋਸ਼ ਨਾਲ ਕੱਢੀ ਗਈ। ਇਹ ਸ਼ੋਭਾ ਯਾਤਰਾ ਮਹੰਤ ਰਮੇਸ਼ ਦਾਸ ਦੀ ਅਗਵਾਈ ਹੇਠ ਪਿੰਡ ਰਾਮਪੁਰ ਹਲੇੜ ਤੋਂ ਸ਼ੁਰੂ ਹੋ ਕੇ ਨੇੜਲੇ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਹੁੰਦੀ ਹੋਈ ਦਾਤਾਰਪੁਰ ਸਥਿਤ ਬਾਬਾ ਲਾਲ ਦਿਆਲ ਦੇ ਡੇਰੇ ਵਿੱਚ ਪਹੁੰਚੀ। ਸ਼ੋਭਾ ਯਾਤਰਾ ਦੌਰਾਨ ਧਾਰਮਿਕ ਨਾਅਰਿਆਂ, ਭਜਨਾਂ ਤੇ ਕੀਰਤਨ ਨਾਲ ਪੂਰਾ ਮਾਹੌਲ ਧਾਰਮਿਕ ਰੰਗ ਵਿੱਚ ਰੰਗਿਆ ਰਿਹਾ। ਰਸਤੇ ਭਰ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਬਾਬਾ ਲਾਲ ਦਿਆਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੇ ਘਰਾਂ ਦੀ ਸੁਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ‘ਤੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਪੱਪੀ, ਪਿੰਡ ਦੇ ਸਰਪੰਚ ਹੈਪੀ, ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ, ਸਤਪਾਲ ਸ਼ਾਸਤਰੀ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ’ਚ ਸੰਗਤ ਮੌਜੂਦ ਰਹੀ। ਮਹੰਤ ਰਮੇਸ਼ ਦਾਸ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਬਾ ਲਾਲ ਦਿਆਲ ਦੀ ਸਿੱਖਿਆ ਸੇਵਾ, ਸਿਮਰਨ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ, ਜਿਸ ’ਤੇ ਚੱਲ ਕੇ ਸਮਾਜ ’ਚ ਸ਼ਾਂਤੀ ਅਤੇ ਭਲਾਈ ਸਥਾਪਿਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਧਾਰਮਿਕ ਸ਼ੋਭਾ ਯਾਤਰਾਵਾਂ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਮੁੱਲਾਂ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਸ਼ੋਭਾ ਯਾਤਰਾ ਦੇ ਸਮਾਪਨ ਉਪਰੰਤ ਡੇਰੇ ਵਿੱਚ ਵਿਸ਼ੇਸ਼ ਅਰਦਾਸ ਕੀਤੀ ਗਈ।