ਰੈੱਡ ਕ੍ਰਾਸ ਬਣਿਆ ਮਨੁੱਖਤਾ, ਸਸ਼ਕਤੀਕਰਨ ਤੇ ਵਿਕਾਸ ਦਾ ਮਜ਼ਬੂਤ ਮਾਡਲ
ਰੈੱਡ ਕਰਾਸ ਬਣਿਆ ਮਨੁੱਖਤਾ, ਸਸ਼ਕਤੀਕਰਨ ਅਤੇ ਵਿਕਾਸ ਦਾ ਮਜ਼ਬੂਤ ਮਾਡਲ
Publish Date: Wed, 07 Jan 2026 04:54 PM (IST)
Updated Date: Wed, 07 Jan 2026 04:56 PM (IST)

ਸਾਂਝੀ ਰਸੋਈ ਤੋਂ ਡਿਜੀਟਲ ਲਾਇਬ੍ਰੇਰੀ, ਦਿਵਿਆਂਗਾਂ ਲਈ ਰੁਜ਼ਗਾਰ ਦੇ ਨਾਲ ਨੌਜਵਾਨਾਂ ਲਈ ਹੁਨਰ ਹਜ਼ਾਰਾਂ ਜ਼ਿੰਦਗੀਆਂ ‘ਚ ਆਸ ਦੀ ਰੌਸ਼ਨੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੀ ਪ੍ਰਧਾਨ ਆਸ਼ਿਕਾ ਜੈਨ ਨੇ ਕਿਹਾ ਕਿ ਇੰਡਈਅਨ ਰੈੱਡ ਕ੍ਰਾਸ ਸੁਸਾਇਟੀ ਹੁਸ਼ਿਆਰਪੁਰ ਸਿਰਫ਼ ਰਾਹਤ ਕਾਰਜਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਮਨੁੱਖਤਾ, ਸਸ਼ਕਤੀਕਰਨ ਅਤੇ ਟਿਕਾਊ ਵਿਕਾਸ ਦਾ ਇੱਕ ਸੰਪੂਰਨ ਮਾਡਲ ਬਣ ਕੇ ਉਭਰੀ ਹੈ। ਰੈੱਡ ਕ੍ਰਾਸ ਦੇ ਇਹ ਸਾਰੇ ਉਪਰਾਲੇ ਗਰੀਬਾਂ, ਦਿਵਿਆਗਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਮਹਿਲਾਵਾਂ ਦੀ ਜ਼ਿੰਦਗੀ ਵਿੱਚ ਅਸਲੀ ਬਦਲਾਅ ਲਿਆ ਰਹੇ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਰੈੱਡ ਕ੍ਰਾਸ ਅੱਜ ਸਾਬਤ ਕਰ ਰਿਹਾ ਹੈ ਕਿ ਜਦੋਂ ਪ੍ਰਸ਼ਾਸਨ ਅਤੇ ਸਮਾਜ ਮਿਲ ਕੇ ਕੰਮ ਕਰਦੇ ਹਨ, ਤਾਂ ਸੇਵਾ ਵਿਕਾਸ ਦੀ ਮਜ਼ਬੂਤ ਰਾਹਦਾਰੀ ਬਣ ਜਾਂਦੀ ਹੈ। ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਕਿਹਾ ਕਿ ਰੈੱਡ ਕ੍ਰਾਸ ਵੱਲੋਂ ਉਪਰੋਕਤ ਪ੍ਰੋਜੈਕਟਾਂ ਦੇ ਇਲਾਵਾ ਹਾਲ ਆਫ ਕਾਇੰਡਨੈਸ ਪ੍ਰੋਜੈਕਟ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਜਰੂਰਤਮੰਦ ਲੋਕਾਂ ਨੂੰ ਕੱਪੜੇ ਦਿੱਤੇ ਜਾਂਦੇ ਹਨ। ਇਸਦੇ ਨਾਲ-ਨਾਲ, ਰੇਡ ਕ੍ਰਾਸ ਬਾਲਵਾਤਿਕਾ ਕ੍ਰੇਚ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਵਰਕਿੰਗ ਮਹਿਲਾਵਾਂ ਦੇ ਬੱਚੇ ਦਾਖਲ ਹਨ। ਰੈੱਡ ਕ੍ਰਾਸ ਵੱਲੋਂ ਐਂਬੂਲੈਂਸ ਸੇਵਾ ਵੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨਾਲ ਅਟੈਚ ਕੀਤੀ ਗਈ ਹੈ, ਜਿਸਦੇ ਜ਼ਰੀਏ ਜ਼ਰੂਰਤਮੰਦ ਮਰੀਜ਼ਾਂ ਦੀ ਮੂਵਮੈਂਟ ਕੀਤੀ ਜਾਂਦੀ ਹੈ। ਸਾਂਝੀ ਰਸੋਈ ’ਚ 10 ਰੁਪਏ ‘ਚ ਖਾਣਾ, ਇੱਜ਼ਤ ਨਾਲ ਜਿਊਣ ਦਾ ਸਹਾਰਾ ਸਾਲ 2017 ਵਿੱਚ ਸ਼ੁਰੂ ਕੀਤੀ ਗਈ ਰੈੱਡ ਕ੍ਰਾਸ ਸਾਂਝੀ ਰਸੋਈ ਅੱਜ ਪੰਜਾਬ ਦੀ ਆਪਣੀ ਕਿਸਮ ਦੀ ਇਕੱਲੀ ਸਰਗਰਮ ਰਸੋਈ ਹੈ। ਇੱਥੇ ਸਿਰਫ਼ 10 ਰੁਪਏ ਵਿੱਚ ਪੌਸ਼ਟਿਕ, ਸਾਫ਼-ਸੁਥਰਾ ਅਤੇ ਗਰਮ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ। ਹਰ ਰੋਜ਼ ਲਗਭਗ 500 ਲੋਕ ਦਿਹਾੜੀਦਾਰ ਮਜ਼ਦੂਰ, ਮਰੀਜ਼ਾਂ ਦੇ ਤੀਮਾਰਦਾਰ, ਗਰੀਬ ਅਤੇ ਬੇਸਹਾਰਾ ਇਸ ਸੇਵਾ ਦਾ ਲਾਭ ਲੈਂਦੇ ਹਨ, ਜਦਕਿ ਸਾਲਾਨਾ ਇਹ ਗਿਣਤੀ 1.25 ਲੱਖ ਤੋਂ ਵੱਧ ਹੋ ਜਾਂਦੀ ਹੈ। ਲਗਭਗ 35 ਲੱਖ ਰੁਪਏ ਦੇ ਸਾਲਾਨਾ ਖਰਚ ਦੇ ਬਾਵਜੂਦ ਇਹ ਰਸੋਈ ਪੂਰੀ ਤਰ੍ਹਾਂ ਸਵੈ-ਨਿਰਭਰ ਮਾਡਲ ‘ਤੇ ਚੱਲ ਰਹੀ ਹੈ। ‘ਬੁੱਕ ਏ ਡੇ’ ਯੋਜਨਾ ਤਹਿਤ ਲੋਕ ਆਪਣੇ ਜਨਮਦਿਨ, ਵਿਆਹ ਦੀ ਵਰ੍ਹੇਗੰਢ ਜਾਂ ਪਿਆਰੇ ਸੱਜਣਾਂ ਦੀ ਯਾਦ ਵਿੱਚ ਇੱਕ ਦਿਨ ਦਾ ਭੋਜਨ ਸਪਾਂਸਰ ਕਰਦੇ ਹਨ, ਜਿਸ ਨਾਲ ਹਰ ਦਿਨ ਮਨੁੱਖਤਾ ਦੀ ਸੇਵਾ ਜੁੜੀ ਰਹਿੰਦੀ ਹੈ। ਦਿਵਿਆਂਗਾਂ ਲਈ ਸਹਾਇਕ ਯੰਤਰ ਆਜ਼ਾਦੀ ਵੱਲ ਮਜ਼ਬੂਤ ਕਦਮ ਰੈੱਡ ਕ੍ਰਾਸ ਹੁਸ਼ਿਆਰਪੁਰ ਵੱਲੋਂ ਦਿਵਿਆਂਗਾਂ ਲਈ ਨਿਯਮਤ ਤੌਰ ‘ਤੇ ਸਹਾਇਕ ਉਪਕਰਨ ਵੰਡ ਕੈਂਪ ਲਗਾਏ ਜਾਂਦੇ ਹਨ। ਪਿਛਲੇ ਇੱਕ ਸਾਲ ਦੌਰਾਨ 700 ਤੋਂ ਵੱਧ ਦਿਵਿਆਂਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਇਸ ਦੌਰਾਨ 111 ਮੋਟਰਾਈਜ਼ਡ ਟ੍ਰਾਈਸਾਈਕਲ, 24 ਮੈਨੂਅਲ ਟ੍ਰਾਈਸਾਈਕਲ, 78 ਵ੍ਹੀਲਚੇਅਰ, 41 ਕ੍ਰਿਤ੍ਰਿਮ ਅੰਗ ਅਤੇ 4 ਸੀਰੇਬ੍ਰਲ ਪਾਲਸੀ ਚੇਅਰਾਂ ਸਮੇਤ ਹੋਰ ਉਪਕਰਨ ਮੁਹੱਈਆ ਕਰਵਾਏ ਗਏ। ਵਿਸ਼ੇਸ਼ ਬੱਚਿਆਂ ਲਈ ਰੁਜ਼ਗਾਰ ਦੀ ਨਵੀਂ ਉਡਾਣ ‘ਵਿੰਗਜ਼ ਪ੍ਰੋਜੈਕਟ’ ਆਟਿਜ਼ਮ ਤੇ ਡਾਊਨ ਸਿੰਡਰੋਮ ਨਾਲ ਸਬੰਧਤ ਬੱਚਿਆਂ ਲਈ ਸ਼ੁਰੂ ਕੀਤਾ ਗਿਆ ‘ਵਿੰਗਜ਼ ਪ੍ਰੋਜੈਕਟ’ ਰੈੱਡ ਕ੍ਰਾਸ ਦਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਉਪਰਾਲਾ ਹੈ। ਇਸ ਤਹਿਤ ਸਕੂਲਾਂ, ਕਾਲਜਾਂ ਅਤੇ ਸਰਕਾਰੀ ਸੰਸਥਾਵਾਂ ਵਿੱਚ ਟੱਕ ਸ਼ਾਪਾਂ ਅਤੇ ਕੈਂਟੀਨਾਂ ਚਲਾਈਆਂ ਜਾ ਰਹੀਆਂ ਹਨ। ਇਹ ਟੱਕ ਸ਼ਾਪਾਂ ਹਰ ਰੋਜ਼ ਲਗਭਗ 9,000 ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਸੇਵਾ ਦੇ ਰਹੀਆਂ ਹਨ ਅਤੇ 23 ਮਹੀਨਿਆਂ ਵਿੱਚ 50 ਲੱਖ ਰੁਪਏ ਤੋਂ ਵੱਧ ਦੀ ਵਿਕਰੀ ਕਰਕੇ ਪ੍ਰੋਜੈਕਟ ਆਪਣੇ ਸਾਰੇ ਖਰਚੇ ਆਪ ਪੂਰੇ ਕਰ ਰਿਹਾ ਹੈ। ਹੁਣ ਤੱਕ 14 ਬੁੱਧਿਕ ਅਸਮਰਥ ਬੱਚਿਆਂ ਨੂੰ ਸਿੱਧਾ ਲਾਭ ਮਿਲਿਆ ਹੈ। ਇਸ ਮਾਡਲ ਨੂੰ ਮੋਹਾਲੀ ਜ਼ਿਲ੍ਹੇ ਨੇ ਵੀ ਅਪਣਾਇਆ ਹੈ। ਡਿਜੀਟਲ ਲਾਇਬ੍ਰੇਰੀ : ਨੌਜਵਾਨਾਂ ਦੇ ਸੁਪਨਿਆਂ ਦੀ ਨਰਸਰੀ ਸਾਲ 2023 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕ੍ਰਾਸ ਦੇ ਸਹਿਯੋਗ ਨਾਲ ਸਥਾਪਤ ਡਿਜ਼ੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਅੱਜ ਪੰਜਾਬ ਭਰ ਵਿੱਚ ਇੱਕ ਮਾਡਲ ਬਣ ਚੁੱਕੀ ਹੈ। ਇੱਥੇ 30 ਕੰਪਿਊਟਰਾਂ ਨਾਲ ਲੈਸ ਡਿਜ਼ੀਟਲ ਲੈਬ, ਵਾਈ-ਫਾਈ, ਰੀਡਿੰਗ ਰੂਮ ਅਤੇ ਕਾਨਫਰੰਸ ਹਾਲ ਦੀ ਸੁਵਿਧਾ ਉਪਲਬਧ ਹੈ। ਲਾਇਬ੍ਰੇਰੀ ਨਾਲ 900 ਤੋਂ ਵੱਧ ਯੂਜ਼ਰ ਰਜਿਸਟਰਡ ਹਨ ਅਤੇ ਹਰ ਰੋਜ਼ 125 ਤੋਂ 150 ਵਿਦਿਆਰਥੀ ਪੜ੍ਹਾਈ ਲਈ ਆਉਂਦੇ ਹਨ। ਇੱਥੋਂ ਪੜ੍ਹ ਕੇ ਕਈ ਵਿਦਿਆਰਥੀ ਯੂਪੀਐਸਸੀ, ਪੀਸੀਐਸ, ਯੂਜੀਸੀ-ਨੈੱਟ ਅਤੇ ਨੀਟ ਵਰਗੇ ਇਮਤਿਹਾਨਾਂ ਵਿੱਚ ਸਫਲਤਾ ਹਾਸਲ ਕਰ ਚੁੱਕੇ ਹਨ। ਰੈੱਡ ਕ੍ਰਾਸ ਸਕਿੱਲ ਸੈਂਟਰ : ਨੌਜਵਾਨਾਂ ਨੂੰ ਹੁਨਰ, ਸਮਾਜ ਨੂੰ ਤਾਕਤ ਰੈੱਡ ਕ੍ਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ ਰਾਹੀਂ ਪਿਛਲੇ ਦੋ ਸਾਲਾਂ ਵਿੱਚ 1,200 ਤੋਂ ਵੱਧ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਗਿਆ ਹੈ। ਕੰਪਿਊਟਰ, ਬਿਊਟੀ ਐਂਡ ਵੈਲਨੈੱਸ, ਟੇਲਰਿੰਗ, ਟਾਈਪਿੰਗ ਅਤੇ ਅਕਾਊਂਟੈਂਸੀ ਵਰਗੇ ਕੋਰਸਾਂ ਰਾਹੀਂ ਨੌਜਵਾਨ ਨੌਕਰੀਆਂ ਅਤੇ ਸਵੈ-ਰੁਜ਼ਗਾਰ ਨਾਲ ਜੁੜ ਰਹੇ ਹਨ। ਰੈੱਡ ਕ੍ਰਾਸ ਵੱਲੋਂ ਟ੍ਰੇਨਿੰਗ ਦੇ ਨਾਲ-ਨਾਲ ਪਲੇਸਮੈਂਟ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ‘ਗੋ-ਸੋਲਰ’ ਮੁਹਿੰਮ : ਹੁਸ਼ਿਆਰਪੁਰ ਸਾਫ਼ ਊਰਜਾ ਵੱਲ ਅੱਗੇ ‘ਗੋ-ਸੋਲਰ’ ਮੁਹਿੰਮ ਤਹਿਤ ਸਾਲ 2024–25 ਦੀ ਦਸਵੀਂ ਜਮਾਤ ਦੇ 600 ਮੇਧਾਵੀ ਵਿਦਿਆਰਥੀਆਂ ਦੇ ਘਰਾਂ ‘ਤੇ ਇੱਕ ਕਿਲੋਵਾਟ ਤੱਕ ਦੇ ਮੁਫ਼ਤ ਰੂਫ਼ਟਾਪ ਸੋਲਰ ਸਿਸਟਮ ਲਗਾਏ ਜਾਣਗੇ। ਇਸ ਤੋਂ ਇਲਾਵਾ ਪੀਐੱਮ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ ਤਹਿਤ ਹੁਣ ਤੱਕ 934 ਪਰਿਵਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ 400 ਤੋਂ ਵੱਧ ਘਰ ਆਪਣੀ ਬਿਜਲੀ ਖੁਦ ਤਿਆਰ ਕਰ ਰਹੇ ਹਨ, ਜੋ ਹੁਸ਼ਿਆਰਪੁਰ ਨੂੰ ਸੋਲਰ ਮਾਡਲ ਜ਼ਿਲ੍ਹਾ ਬਣਾਉਣ ਵੱਲ ਵੱਡਾ ਕਦਮ ਹੈ। ‘ਸੂਈ-ਧਾਗਾ’ ਅਤੇ ‘ਚੜ੍ਹਦਾ ਸੂਰਜ’: ਸਵੈ-ਰੁਜ਼ਗਾਰ ਅਤੇ ਖਾਮੋਸ਼ ਸੇਵਾ ਦੀ ਪਛਾਣ ‘ਸੂਈ-ਧਾਗਾ ਪ੍ਰੋਜੈਕਟ’ ਤਹਿਤ ਪਿੰਡਾਂ ਦੀਆਂ ਮਹਿਲਾਵਾਂ ਲਈ ਸਿਲਾਈ ਕੇਂਦਰ ਸਥਾਪਤ ਕਰਕੇ ਉਨ੍ਹਾਂ ਨੂੰ ਟਿਕਾਊ ਆਮਦਨ ਦੇ ਸਾਧਨ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ‘ਚੜ੍ਹਦਾ ਸੂਰਜ’ ਮੁਹਿੰਮ ਰਾਹੀਂ ਸਮਾਜ ਲਈ ਖਾਮੋਸ਼ੀ ਨਾਲ ਕੰਮ ਕਰਨ ਵਾਲੇ ਸੇਵਾਦਾਰਾਂ ਅਤੇ ਸੰਸਥਾਵਾਂ ਨੂੰ ਡਿਜ਼ੀਟਲ ਮੰਚ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।